ਚੰਡੀਗੜ੍ਹ 'ਚ ਖੁੱਲ੍ਹਿਆ 'ਤੇਰਾ-ਤੇਰਾ ਹਸਪਤਾਲ', 13 ਰੁਪਏ 'ਚ ਹੋਵੇਗਾ ਹਰ ਬੀਮਾਰੀ ਦਾ ਇਲਾਜ (ਵੀਡੀਓ)
Friday, Aug 21, 2020 - 01:20 PM (IST)
ਚੰਡੀਗੜ੍ਹ : ਚੰਡੀਗੜ੍ਹ 'ਚ 'ਤੇਰਾ ਹੀ ਤੇਰਾ' ਮਿਸ਼ਨ ਹਸਪਤਾਲ ਖੋਲ੍ਹਿਆ ਗਿਆ ਹੈ। ਇਸ ਹਸਪਤਾਲ 'ਚ ਹਰ ਤਰ੍ਹਾਂ ਦੇ ਟੈਸਟ ਕੀਤੇ ਜਾਂਦੇ ਹਨ, ਜੋ ਕਿ ਬਹੁਤ ਹੀ ਘੱਟ ਕੀਮਤ 'ਤੇ ਹੁੰਦੇ ਹਨ। ਇਸ ਤੋਂ ਇਲਾਵਾ ਇੱਥੇ ਦਵਾਈਆਂ ਵੀ ਬਹੁਤ ਹੀ ਸਸਤੀ ਕੀਮਤ 'ਤੇ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਹਸਪਤਾਲ 'ਚ ਆਉਣ ਵਾਲੇ ਮਰੀਜ਼ਾਂ ਦੇ ਰਹਿਣ-ਸਹਿਣ, ਖਾਣ-ਪੀਣ ਦਾ ਵੀ ਪੂਰਾ ਪ੍ਰਬੰਧ ਹੈ।
ਹਸਪਤਾਲ ਦੇ ਡਾਕਟਰਾਂ ਵੱਲੋਂ ਜਿਹੜੀ ਦਵਾਈ ਲਿਖੀ ਜਾਂਦੀ ਹੈ, ਉਹ ਹਸਪਤਾਲ ਦੇ ਅੰਦਰੋਂ ਹੀ ਸਸਤੀ ਕੀਮਤ 'ਤੇ ਮਿਲ ਜਾਂਦੀ ਹੈ। ਇਸ ਹਸਪਤਾਲ 'ਚ ਪਰਚੀ ਬਣਾਉਣ ਅਤੇ ਡਾਕਟਰ ਵੱਲੋਂ ਕੀਤੇ ਜਾਣ ਵਾਲੇ ਚੈਕਅਪ ਦਾ ਕੋਈ ਪੈਸਾ ਨਹੀਂ ਲਿਆ ਜਾਂਦਾ। ਇਸ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਸੇਵਾਦਾਰ ਹਰਜੀਤ ਸਿੰਘ ਸੱਭਰਵਾਲ ਨੇ ਦੱਸਿਆ ਕਿ ਗੁਰੂ ਸਾਹਿਬਾਨ ਦੇ ਨਾਂ 'ਤੇ ਖੋਲ੍ਹੇ ਗਏ ਇਸ ਹਸਪਤਾਲ ਅੰਦਰ 113 ਰੁਪਏ 'ਚ ਅਲਟਰਾ ਸਾਊਂਡ, 1313 ਰੁਪਏ 'ਚ ਐਮ. ਆਰ. ਆਈ. ਅਤੇ ਕਈ ਹੋਰ ਟੈਸਟ ਕੀਤੇ ਜਾਂਦੇ ਹਨ।
ਇਸ ਤੋਂ ਇਲਾਵਾ ਲੈਬ 'ਚ ਵੀ ਬਹੁਤ ਘੱਟ ਕੀਮਤਾਂ 'ਤੇ ਟੈਸਟ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਵੱਡੀ ਗਿਣਤੀ 'ਚ ਲੋਕ ਹਸਪਤਾਲ ਆ ਰਹੇ ਹਨ ਅਤੇ ਸਵੇਰੇ 7 ਵਜੇ ਤੋਂ ਹੀ ਲਾਈਨਾਂ ਲੱਗ ਜਾਂਦੀਆਂ ਹਨ। ਇਸ ਹਸਪਤਾਲ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਬਾਰੇ ਹਰਜੀਤ ਸਿੰਘ ਸੱਭਰਵਾਲ ਨੇ ਕਿਹਾ ਕਿ ਇਸ ਸਮੇਂ ਤਾਲਾਬੰਦੀ ਦੌਰਾਨ ਸੂਬੇ ਦੇ ਲੋਕ ਬੀਮਾਰੀਆਂ ਨਾਲ ਜੂਝ ਰਹੇ ਹਨ, ਇਸ ਲਈ ਅਜਿਹੇ ਹਸਪਤਾਲ ਖੋਲ੍ਹੇ ਜਾਣ ਦੀ ਲੋੜ ਹੈ, ਤਾਂ ਜੋ ਲੋਕਾਂ ਨੂੰ ਬੀਮਾਰੀਆਂ ਤੋਂ ਬਚਾਇਆ ਜਾ ਸਕੇ ਅਤੇ ਪੰਜਾਬ ਦੀ ਤੰਦਰੁਸਤੀ ਬਹਾਲ ਹੋ ਸਕੇ।