ਚੰਡੀਗੜ੍ਹ ਪੁਲਸ ''ਤੇ ਕਾਰਵਾਈ ਲਈ ਪੁਲਸ ਕੰਪਲੇਂਟ ਅਥਾਰਟੀ ਨੇ ਲਿਖਿਆ ਪੱਤਰ
Wednesday, Jan 22, 2020 - 03:25 PM (IST)
ਚੰਡੀਗੜ੍ਹ (ਸੁਸ਼ੀਲ) : ਚੰਡੀਗੜ੍ਹ ਪੁਲਸ ਪ੍ਰਸ਼ਾਸਨ ਵੱਲੋਂ ਬਣਾਈ ਚੰਡੀਗੜ੍ਹ ਪੁਲਸ ਕੰਪਲੇਂਟ ਅਥਾਰਟੀ ਦੇ ਆਦੇਸ਼ਾਂ ਨੂੰ ਨਹੀਂ ਮੰਨ ਰਹੀ ਹੈ। ਅਜਿਹਾ ਕਰ ਕੇ ਚੰਡੀਗੜ੍ਹ ਪੁਲਸ ਨਾ ਸਿਰਫ਼ ਚੰਡੀਗੜ੍ਹ ਪੁਲਸ ਕੰਪਲੇਂਟ ਅਥਾਰਟੀ ਦਾ ਅਪਮਾਨ ਕਰ ਰਹੀ ਹੈ, ਸਗੋਂ 14 ਫਰਵਰੀ 2017 ਨੂੰ ਜਾਰੀ ਨੋਟੀਫਿਕੇਸ਼ਨ ਦੀਆਂ ਧੱਜੀਆਂ ਉਡਾ ਰਹੀ ਹੈ। ਚੰਡੀਗੜ੍ਹ ਪੁਲਸ ਦੇ ਇਸ ਰਵੱਈਏ ਨੂੰ ਵੇਖਦੇ ਹੋਏ ਚੰਡੀਗੜ੍ਹ ਪੁਲਸ ਕੰਪਲੇਂਟ ਅਥਾਰਟੀ ਦੇ ਅਧਿਕਾਰੀਆਂ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਪੱਤਰ ਲਿਖਿਆ ਹੈ। ਪੱਤਰ 'ਚ ਅਥਾਰਟੀ ਦੇ ਅਧਿਕਾਰੀਆਂ ਨੇ ਚੰਡੀਗੜ੍ਹ ਪੁਲਸ 'ਤੇ ਐਕਸ਼ਨ ਲੈਣ ਲਈ ਕਿਹਾ ਹੈ। ਹੁਣ ਮਾਮਲੇ ਦੀ ਅਗਲੀ ਸੁਣਵਾਈ 11 ਫਰਵਰੀ ਨੂੰ ਹੋਵੇਗੀ।
ਸੈਕਟਰ-21 ਨਿਵਾਸੀ ਡਾਕਟਰ ਮੋਹਿਤ ਦੀਵਾਨ ਨੇ ਚੰਡੀਗੜ੍ਹ ਪੁਲਸ ਕੰਪਲੇਂਟ ਅਥਾਰਟੀ ਸੈਕਟਰ-19 ਥਾਣਾ ਇੰਚਾਰਜ ਅਸ਼ਵਨੀ ਅੱਤਰੀ ਅਤੇ ਜਾਂਚ ਅਧਿਕਾਰੀ ਸੇਵਾਮੁਕਤ ਇੰਸਪੈਕਟਰ ਬਲਵਿੰਦਰ ਸਿੰਘ ਖਿਲਾਫ ਸ਼ਿਕਾਇਤ ਦਰਜ ਕੀਤੀ ਸੀ, ਜਿਸ 'ਚ ਉਨ੍ਹਾਂ ਨੇ ਕਿਹਾ ਸੀ ਕਿ ਆਈ.ਪੀ.ਐੱਸ. ਰਾਕੇਸ਼ ਅਸਥਾਨਾ ਦੇ ਇਸ਼ਾਰੇ 'ਤੇ ਤਤਕਾਲੀਨ ਡੀ.ਜੀ.ਪੀ. ਲੂਥਰਾ ਨੇ ਉਨ੍ਹਾਂ ਨੂੰ 50 ਲੱਖ ਰੁਪਏ ਉਨ੍ਹਾਂ ਦੀ ਵਿਦੇਸ਼ੀ ਮਰੀਜ਼ ਨੂੰ ਦਿਵਾਉਣੇ ਚਾਹੇ, ਜਿਸ ਲਈ ਡੀ. ਐੱਸ. ਪੀ. ਸਤੀਸ਼ ਕੁਮਾਰ ਅਤੇ ਤਤਕਾਲੀਨ ਐੱਸ.ਐੱਚ.ਓ. ਅਸ਼ਵਨੀ ਕੁਮਾਰ ਨੇ ਹਰ ਤਰ੍ਹਾਂ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੂੰ ਕਾਫ਼ੀ ਪ੍ਰੇਸ਼ਾਨ ਕੀਤਾ ਗਿਆ। ਕਦੇ ਉਨ੍ਹਾਂ ਦੇ ਘਰ ਪੁਲਸ ਭੇਜੀ ਗਈ ਤਾਂ ਕਦੇ ਉਨ੍ਹਾਂ ਨੂੰ ਪੁਲਸ ਮੁੱਖ ਦਫ਼ਤਰ ਲਿਜਾ ਕੇ ਡੀ.ਜੀ.ਪੀ. ਦੇ ਕਮਰੇ 'ਚ ਧਮਕੀ ਦਿੱਤੀ ਗਈ। ਸੈਕਟਰ-19 ਥਾਣਾ ਇੰਚਾਰਜ ਅਸ਼ਵਨੀ ਅੱਤਰੀ ਅਤੇ ਜਾਂਚ ਅਧਿਕਾਰੀ ਬਲਵਿੰਦਰ ਸਿੰਘ ਪਦ ਦੀ ਦੁਰਵਰਤੋਂ ਕਰ ਕੇ ਡਾਕਟਰ 'ਤੇ ਹੀ ਮਾਮਲਾ ਦਰਜ ਕੀਤਾ ਸੀ।
ਐੱਸ.ਐੱਸ.ਪੀ. ਦੀ ਜਗ੍ਹਾ ਇੰਸਪੈਕਟ ਪੇਸ਼, ਕਿਹਾ ਹੁਣ ਕਾਗਜ਼ਾਤ ਦੇਣ ਦਾ ਫੈਸਲਾ ਨਹੀਂ ਲਿਆ
ਚੰਡੀਗੜ੍ਹ ਪੁਲਸ ਕੰਪਲੇਂਟ ਅਥਾਰਟੀ ਨੇ ਮਾਮਲੇ ਦੀ ਸੁਣਵਾਈ ਕਰਦੇ ਹੋਏ ਡਾਕਟਰ ਖਿਲਾਫ ਔਰਤ ਵੱਲੋਂ ਦਿੱਤੀਆਂ ਗਈਆਂ ਸਾਰੀਆਂ ਸ਼ਿਕਾਇਤਾਂ ਪੁਲਸ ਵਿਭਾਗ ਨੂੰ ਪੇਸ਼ ਕਰਨ ਦੇ ਆਦੇਸ਼ ਦਿੱਤੇ ਸਨ। ਚੰਡੀਗੜ੍ਹ ਪੁਲਸ ਦੀ ਐੱਸ.ਐੱਸ.ਪੀ. ਨਿਲਾਂਬਰੀ ਵਿਜੇ ਜਗਦਲੇ ਦੀ ਥਾਂ 'ਤੇ ਇੰਸਪੈਕਟਰ ਦਿਲਬਾਗ ਸਿੰਘ ਅਥਾਰਟੀ 'ਚ ਪੇਸ਼ ਹੋਏ। ਇੰਸਪੈਕਟਰ ਦਿਲਬਾਗ ਸਿੰਘ ਨੇ ਪੁਲਸ ਕੰਪਲੇਂਟ ਅਥਾਰਟੀ ਨੂੰ ਦੱਸਿਆ ਕਿ ਚੰਡੀਗੜ੍ਹ ਪੁਲਸ ਵਿਭਾਗ ਨੇ ਹਾਲੇ ਤੱਕ ਅਥਾਰਟੀ ਸਾਹਮਣੇ ਕਾਗਜ਼ਾਤ ਪੇਸ਼ ਕਰਨ ਨੂੰ ਲੈ ਕੇ ਕੋਈ ਫੈਸਲਾ ਨਹੀਂ ਕੀਤਾ ਹੈ। ਅਥਾਰਟੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਚੰਡੀਗੜ੍ਹ ਪੁਲਸ ਨੇ ਸ਼ਿਕਾਇਤਕਰਤਾ ਯੁਵਰਾਜ ਖਿਲਾਫ ਜਸਪਾਲ ਮਾਮਲੇ 'ਚ ਵੀ ਤਿੰਨ ਦਸੰਬਰ 2019 ਨੂੰ ਐੱਫ.ਆਈ.ਆਰ. ਪੇਸ਼ ਕਰਨ ਲਈ ਕਿਹਾ ਸੀ ਪਰ ਚੰਡੀਗੜ੍ਹ ਪੁਲਸ ਅਥਾਰਟੀ ਨੇ ਇਸ ਮਾਮਲੇ 'ਚ ਵੀ ਕੋਈ ਰਿਕਾਰਡ ਨਹੀਂ ਪੇਸ਼ ਕੀਤਾ।