ਮੇਅਰ ਚੋਣ : ਭਾਜਪਾ ਦੇ ਅਨੂਪ ਤੇ ‘ਆਪ’ ਦੇ ਜਸਬੀਰ ਆਹਮੋ-ਸਾਹਮਣੇ, ਕਾਂਗਰਸ ਨਹੀਂ ਉਤਾਰੇਗੀ ਕੋਈ ਉਮੀਦਵਾਰ

Friday, Jan 13, 2023 - 04:08 PM (IST)

ਮੇਅਰ ਚੋਣ : ਭਾਜਪਾ ਦੇ ਅਨੂਪ ਤੇ ‘ਆਪ’ ਦੇ ਜਸਬੀਰ ਆਹਮੋ-ਸਾਹਮਣੇ, ਕਾਂਗਰਸ ਨਹੀਂ ਉਤਾਰੇਗੀ ਕੋਈ ਉਮੀਦਵਾਰ

ਚੰਡੀਗੜ੍ਹ (ਰਾਏ) : ਚੰਡੀਗੜ੍ਹ 'ਚ 17 ਜਨਵਰੀ ਨੂੰ ਹੋਣ ਵਾਲੀਆਂ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀਆਂ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ (ਆਪ) ਆਹਮੋ-ਸਾਹਮਣੇ ਹਨ। ਆਖ਼ਰੀ ਦਿਨ ਵੀਰਵਾਰ ਦੋਹਾਂ ਪਾਰਟੀਆਂ ਦੇ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਦੋਹਾਂ ਪਾਰਟੀਆਂ ਦੇ ਉਮੀਦਵਾਰਾਂ ਨੇ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਗੁਰਿੰਦਰ ਸਿੰਘ ਸੋਢੀ ਦੇ ਦਫ਼ਤਰ ਵਿਖੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਭਾਜਪਾ ਨੇ ਮੇਅਰ ਲਈ ਕੌਂਸਲਰ ਅਨੂਪ ਗੁਪਤਾ, ਸੀਨੀਅਰ ਡਿਪਟੀ ਮੇਅਰ ਲਈ ਕੌਂਸਲਰ ਕੰਵਰ ਰਾਣਾ ਅਤੇ ਡਿਪਟੀ ਮੇਅਰ ਲਈ ਹਰਜੀਤ ਸਿੰਘ ਨੂੰ ਉਮੀਦਵਾਰ ਬਣਾਇਆ ਹੈ। ਨਿਗਮ ਵਿਚ ਵਿਰੋਧੀ ਪਾਰਟੀ ‘ਆਪ’ ਵਲੋਂ ਮੇਅਰ ਦੇ ਅਹੁਦੇ ਲਈ ਕੌਂਸਲਰ ਜਸਬੀਰ ਸਿੰਘ ਲਾਡੀ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਇਸ ਦੇ ਨਾਲ ਹੀ ਕੌਂਸਲਰ ਤਰੁਣਾ ਮਹਿਤਾ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਸੁਮਨ ਸ਼ਰਮਾ ਨੂੰ ਡਿਪਟੀ ਮੇਅਰ ਲਈ ਉਮੀਦਵਾਰ ਬਣਾਇਆ ਗਿਆ ਹੈ। ‘ਆਪ’ ਉਮੀਦਵਾਰਾਂ ਨੇ ਵੀਰਵਾਰ ਦੁਪਹਿਰ ਸਭ ਤੋਂ ਪਹਿਲਾਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ।

ਇਸ ਤੋਂ ਬਾਅਦ ਭਾਜਪਾ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਦੂਜੇ ਪਾਸੇ ਕਾਂਗਰਸ ਪਾਰਟੀ ਨੇ ਫ਼ੈਸਲਾ ਕੀਤਾ ਹੈ ਕਿ ਉਹ ਚੋਣਾਂ ਵਿਚ ਕਿਸੇ ਵੀ ਅਹੁਦੇ ਲਈ ਉਮੀਦਵਾਰ ਨਹੀਂ ਉਤਾਰੇਗੀ। ਕਾਂਗਰਸ ਪਾਰਟੀ ਨੇ ਕਿਹਾ ਹੈ ਕਿ ਉਸ ਦੀ ਪਾਰਟੀ ਨਿਗਮ ਸਦਨ ਵਿਚ ਵਿਰੋਧੀ ਧਿਰ ਵਜੋਂ ਆਪਣੀ ਆਵਾਜ਼ ਬੁਲੰਦ ਕਰਦੀ ਰਹੇਗੀ। ਦੱਸ ਦੇਈਏ ਕਿ ਕਾਂਗਰਸ ਪਿਛਲੀਆਂ ਮੇਅਰ ਚੋਣਾਂ ਤੋਂ ਵੀ ਦੂਰ ਰਹੀ ਸੀ। ਇਸ ਵਾਰ ਵੀ ਪਾਰਟੀ ਨੇ ਵੋਟਿੰਗ ਵਿਚ ਹਿੱਸਾ ਲੈਣ ਸਬੰਧੀ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ ਹੈ। ਦੂਜੇ ਪਾਸੇ ਜੇਕਰ ਕਾਂਗਰਸ ਪਾਰਟੀ ਇਨ੍ਹਾਂ ਚੋਣਾਂ ਵਿਚ ਹਿੱਸਾ ਨਹੀਂ ਲੈਂਦੀ ਹੈ ਤਾਂ ਭਾਜਪਾ ਲਈ ਜਿੱਤ ਦਾ ਰਾਹ ਆਸਾਨ ਹੋ ਜਾਵੇਗਾ। ਇਸ ਦੇ ਨਾਲ ਹੀ ‘ਆਪ’ ਦਾ ਸੁਫ਼ਨਾ ਟੁੱਟ ਸਕਦਾ ਹੈ। ਦੂਜੇ ਪਾਸੇ ਇਕ ਕੌਂਸਲਰ ਵਾਲੀ ਸ਼੍ਰੋਮਣੀ ਅਕਾਲੀ ਦਲ ਨੇ ਚੋਣਾਂ ਵਿਚ ਹਿੱਸਾ ਲੈਣ ਲਈ ਅਜੇ ਕੋਈ ਫ਼ੈਸਲਾ ਨਹੀਂ ਕੀਤਾ ਹੈ। ਕੌਂਸਲਰ ਹਰਦੀਪ ਸਿੰਘ ਬੁਟੇਰਲਾ ਨੇ ਕਿਹਾ ਕਿ ਇਸ ਸਬੰਧੀ ਕੋਈ ਫ਼ੈਸਲਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ 16 ਜਨਵਰੀ ਨੂੰ ਹੋਣ ਵਾਲੀ ਮੀਟਿੰਗ ਤੋਂ ਬਾਅਦ ਹੀ ਲਿਆ ਜਾਵੇਗਾ।
ਬਹੁਮਤ ਸਾਬਤ ਕਰਨ ਲਈ ਚਾਹੀਦੀਆਂ 19 ਵੋਟਾਂ
ਨਗਰ ਨਿਗਮ ਹਾਊਸ ਵਿਚ ਭਾਜਪਾ ਅਤੇ ‘ਆਪ’ ਕੋਲ 14-14 ਸੀਟਾਂ ਹਨ। ਭਾਜਪਾ ਕੋਲ ਸੰਸਦ ਮੈਂਬਰ ਕਿਰਨ ਖੇਰ ਦੀ ਇਕ ਵੋਟ ਹੈ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੀ ਵੋਟ ਵੀ ਫ਼ੈਸਲਾਕੁੰਨ ਸਾਬਤ ਹੋ ਸਕਦੀ ਹੈ। ਮੇਅਰ ਦੇ ਅਹੁਦੇ ਲਈ 19 ਵੋਟਾਂ ਬਹੁਮਤ ਸਾਬਤ ਕਰਨ ਲਈ ਚਾਹੀਦੀਆਂ ਹਨ। 2015 ਤੋਂ ਕਾਂਗਰਸ ਦਾ ਮੇਅਰ ਨਹੀਂ ਬਣ ਸਕਿਆ ਹੈ। ਇਸ ਦੇ ਨਾਲ ਹੀ 2016 ਤੋਂ ਲਗਾਤਾਰ ਭਾਜਪਾ ਦਾ ਮੇਅਰ ਬਣਦਾ ਆ ਰਿਹਾ ਹੈ। ਕੇਂਦਰ ਦੀ ਭਾਜਪਾ ਸਰਕਾਰ ਵੀ ਇਨ੍ਹਾਂ ਚੋਣਾਂ ’ਤੇ ਨਜ਼ਰ ਰੱਖ ਰਹੀ ਹੈ ਅਤੇ ਦਿੱਲੀ ਵਿਚ ਬੈਠੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਚੰਡੀਗੜ੍ਹ ਨਿਗਮ ਵਿਚ ‘ਆਪ’ ਦੀ ਸੱਤਾ ਚਾਹੁੰਦੇ ਹਨ।


author

Babita

Content Editor

Related News