ਚਿਦਾਂਬਰਮ ਨੂੰ ਮੈਨੀਫੈਸਟੋ ਕਮੇਟੀ ਦਾ ਚੇਅਰਮੈਨ ਬਣਾਉਣ 'ਤੇ ਗਰਮਾਈ ਸਿਆਸਤ

Thursday, Jan 23, 2020 - 01:09 PM (IST)

ਚਿਦਾਂਬਰਮ ਨੂੰ ਮੈਨੀਫੈਸਟੋ ਕਮੇਟੀ ਦਾ ਚੇਅਰਮੈਨ ਬਣਾਉਣ 'ਤੇ ਗਰਮਾਈ ਸਿਆਸਤ

ਚੰਡੀਗੜ੍ਹ : ਪੀ ਚਿਦਾਂਬਰਮ ਨੂੰ ਪੰਜਾਬ ਲਈ ਕਾਂਗਰਸ ਦੇ ਘੋਸ਼ਣਾ ਪੱਤਰ ਨੂੰ ਲਾਗੂ ਕਰਨ ਵਾਲੀ ਕਮੇਟੀ ਦਾ ਚੇਅਰਮੈਨ ਬਣਾਇਆ ਜਾਣਾ ਕਾਂਗਰਸ ਦੇ ਗਲੇ ਦੀ ਹੱਡੀ ਬਣਨ ਵਾਲਾ ਹੈ, ਕਿਉਂਕਿ ਵਿਰੋਧੀ ਦਲਾਂ ਵੱਲੋਂ ਕਾਂਗਰਸ 'ਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ। ਵਿਧਾਨ ਸਭਾ ਵਿਚ ਸੀ.ਏ.ਏ. 'ਤੇ ਕਾਂਗਰਸ ਦਾ ਸਾਥ ਦੇਣ ਵਾਲੀ ਆਮ ਆਦਮੀ ਪਾਰਟੀ ਇਸ ਮੁੱਦੇ 'ਤੇ ਅਕਾਲੀ ਦਲ ਦੇ ਸੁਰ ਨਾਲ ਸੁਰ ਮਿਲਾ ਰਹੀ ਹੈ।

ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਅਤੇ 'ਆਪ' ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਦਾ ਕਹਿਣਾ ਹੈ ਕਿ ਕਾਂਗਰਸ ਕੋਲ ਹੁਣ ਸਾਫ਼ ਛਵੀ ਵਾਲਾ ਕੋਈ ਨੇਤਾ ਨਹੀਂ ਬਚਿਆ ਹੈ, ਇਸ ਲਈ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਘਿਰੇ ਚਿਦਾਂਬਰਮ ਨੂੰ ਮੈਨੀਫੈਸਟੋ ਨੂੰ ਲਾਗੂ ਕਰਵਾਉਣ ਵਾਲੀ ਕਮੇਟੀ ਦਾ ਚੇਅਰਮੈਨ ਬਣਾ ਦਿੱਤਾ, ਜਦੋਂਕਿ ਚਿਦਾਂਬਰਮ ਦਾ ਪੰਜਾਬ ਨਾਲ ਕੋਈ ਸੰਬੰਧ ਵੀ ਨਹੀਂ ਹੈ। ਉਥੇ ਹੀ ਕਾਂਗਰਸ ਨੇ ਵਿਰੋਧੀਆਂ ਦੇ ਇਨ੍ਹਾਂ ਹਮਲਿਆਂ 'ਤੇ ਪੂਰੀ ਤਰ੍ਹਾਂ ਨਾਲ ਚੁੱਪੀ ਸਾਧੀ ਹੋਈ ਹੈ। ਪੀ ਚਿਦਾਂਬਰਮ ਨੂੰ ਕਮੇਟੀ ਦਾ ਚੇਅਰਮੈਨ ਬਣਾਏ ਜਾਣ 'ਤੇ ਕਾਂਗਰਸ ਨੇਤਾ ਰਾਜਕੁਮਾਰ ਵੇਰਕਾ ਦਾ ਕਹਿਣਾ ਹੈ ਕਿ ਚਿਦਾਂਬਰਮ ਪਾਰਟੀ ਦੇ ਸੀਨੀਅਰ ਨੇਤਾ ਹਨ। ਉਹ ਸਾਬਕਾ ਵਿੱਤ ਮੰਤਰੀ ਰਹੇ ਹਨ ਅਤੇ ਪਾਰਟੀ ਦੀ ਨੀਤੀਆਂ ਤੋਂ ਚੰਗੀ ਤਰ੍ਹਾਂ ਜਾਣੂ ਹਨ।

ਕਾਂਗਰਸ ਦਾ ਅਸਲੀ ਚਿਹਰਾ ਸਾਹਮਣੇ ਆ ਗਿਆ :  ਸੁਖਬੀਰ ਬਾਦਲ
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਚਿਦਾਂਬਰਮ ਨੂੰ ਕਾਂਗਰਸ ਦੇ ਮੈਨੀਫੈਸਟੋ ਨੂੰ ਲਾਗੂ ਕਰਨ ਵਾਲੀ ਕਮੇਟੀ ਦਾ ਚੇਅਰਮੈਨ ਬਣਾਉਣ ਤੋਂ ਸਾਫ਼ ਹੋ ਗਿਆ ਹੈ ਕਿ ਕਾਂਗਰਸ ਕੋਲ ਸਾਫ਼ ਛਵੀ ਵਾਲਾ ਕੋਈ ਨੇਤਾ ਨਹੀਂ ਰਹਿ ਗਿਆ ਹੈ, ਜੋ ਕਾਂਗਰਸ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਘਿਰੇ ਨੇਤਾ ਨੂੰ ਇਹ ਜ਼ਿੰਮੇਦਾਰੀ ਸੌਂਪੀ ਹੈ। ਇਸ ਨਾਲ ਕਾਂਗਰਸ ਦਾ ਅਸਲੀ ਚਿਹਰਾ ਸਾਹਮਣੇ ਆ ਗਿਆ ਹੈ।

ਭ੍ਰਿਸ਼ਟਾਚਾਰ ਦੇ ਦੋਸ਼ੀ ਪੰਜਾਬ ਦਾ ਕੀ ਭਲਾ ਕਰਨਗੇ : ਡਾ. ਦਲਜੀਤ ਸਿੰਘ ਚੀਮਾ
ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਅਤੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਜਿਸ ਨੇਤਾ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਹੋਏ ਹਨ ਅਤੇ ਦੇਸ਼ ਦੀ ਸਭ ਤੋਂ ਵੱਡੀ ਜਾਂਚ ਏਜੰਸੀ ਵੱਲੋਂ ਮਾਮਲੇ ਦੀ ਜਾਂਚ ਕੀਤੀ ਗਈ ਹੋਵੇ। ਅਜਿਹੇ ਨੇਤਾ ਤੋਂ ਪੰਜਾਬ ਦੇ ਲੋਕਾਂ ਦੇ ਭਲੇ ਲਈ ਕੀ ਉਮੀਦ ਕੀਤੀ ਜਾ ਸਕਦੀ ਹੈ।

ਕਾਂਗਰਸ ਸਰਕਾਰ ਬੌਖਲਾ ਚੁੱਕੀ ਹੈ : ਅਸ਼ਵਨੀ ਸ਼ਰਮਾ
ਭਾਜਪਾ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕਾਂਗਰਸ ਸਰਕਾਰ ਬੌਖਲਾ ਚੁੱਕੀ ਹੈ। ਕੈਪਟਨ ਸਰਕਾਰ ਨੇ ਆਪਣਾ ਕੋਈ ਵਾਅਦਾ ਪੂਰਾ ਨਹੀਂ ਕੀਤਾ। ਉਪਰੋਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਘਿਰੇ ਨੇਤਾ ਨੂੰ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦੀ ਕਮੇਟੀ ਦਾ ਚੇਅਰਮੈਨ ਬਣਾਉਣ ਦੀ ਜ਼ਿੰਮੇਦਾਰੀ ਸੌਂਪ ਦਿੱਤੀ ਹੈ।

ਕਾਂਗਰਸ ਵਿਚ ਭ੍ਰਿਸ਼ਟਾਚਾਰ ਦਾ ਗਠਜੋੜ ਹੋਇਆ ਉਜਾਗਰ :  ਹਰਪਾਲ ਚੀਮਾ
ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਕਿਹਾ ਕਿ ਚਿਦਾਂਬਰਮ ਨੂੰ ਕਾਂਗਰਸ ਨੇ ਮੈਨੀਫੈਸਟੋ ਲਾਗੂ ਕਰਨ ਵਾਲੀ ਕਮੇਟੀ ਦਾ ਮੁਖੀ ਬਣਾ ਕੇ ਭ੍ਰਿਸ਼ਟਾਚਾਰ ਦੇ ਗਠਜੋੜ ਨੂੰ ਜਗ ਜ਼ਾਹਰ ਕਰ ਦਿੱਤਾ ਹੈ। ਇਸ ਨਾਲ ਕਾਂਗਰਸ ਆਪਣੀ ਪਾਰਟੀ ਦੇ ਦਾਗੀ ਚਿਹਰਿਆਂ ਨੂੰ ਸਾਹਮਣੇ ਲੈ ਕੇ ਆਈ ਹੈ। ਜੇਕਰ ਸਰਕਾਰ ਸੱਚ ਵਿਚ ਆਪਣੇ ਮੈਨੀਫੈਸਟੋ ਵਿਚ ਕੀਤੇ ਵਾਅਦਿਆਂ ਨੂੰ ਪੂਰਾ ਕਰਨਾ ਚਾਹੁੰਦੀ ਹੈ ਤਾਂ ਉਸ ਨੂੰ ਪੰਜਾਬ ਦੇ ਕਿਸੇ ਨੇਤਾ ਨੂੰ ਜ਼ਿੰਮੇਦਾਰੀ ਸੌਂਪਣੀ ਚਾਹੀਦੀ ਹੈ, ਜਿਸ ਨੂੰ ਪੰਜਾਬ ਦੇ ਲੋਕਾਂ ਦੀਆਂ ਜ਼ਰੂਰਤਾਂ ਦੇ ਬਾਰੇ ਵਿਚ ਪਤਾ ਹੋਵੇ।

ਚਿਦਾਂਬਰਮ ਨੂੰ ਇੱਥੇ ਦੇ ਲੋਕਾਂ ਦਾ ਕੀ ਪਤਾ : ਭਗਵੰਤ ਮਾਨ
'ਆਪ' ਪੰਜਾਬ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਤਿੰਨ ਸਾਲ ਪਹਿਲਾਂ ਸੱਤਾ ਵਿਚ ਆਈ ਕਾਂਗਰਸ ਸਰਕਾਰ ਨੇ ਆਪਣਾ ਇਕ ਵੀ ਚੁਣਾਵੀ ਵਾਅਦਾ ਪੂਰਾ ਨਹੀਂ ਕੀਤਾ ਹੈ। ਹੁਣ ਸਵਾਲ ਇਹ ਉੱਠਦਾ ਹੈ ਕਿ ਕੀ ਕਾਂਗਰਸ ਵਿਚ ਕਮੇਟੀ ਦਾ ਚੇਅਰਮੈਨ ਬਣਾਉਣ ਲਈ ਕੋਈ ਨੇਤਾ ਨਹੀਂ ਬਚਿਆ ਹੈ। ਚਿਦਾਂਬਰਮ ਨੂੰ ਪੰਜਾਬ ਦੇ ਲੋਕਾਂ ਦੀਆਂ ਜ਼ਰੂਰਤਾਂ ਦਾ ਕੀ ਪਤਾ ਹੈ।


author

cherry

Content Editor

Related News