ਸਿੱਧੂ ਨਾਲ ਨਹੀਂ ਹੋਈ ਕੋਈ ਰਾਜਨੀਤਕ ਵਿਚਾਰ ਚਰਚਾ, ਬੈਠਕ ਨੂੰ ਬਣਾਇਆ ਰਾਈ ਦਾ ਪਹਾੜ: ਕੈਪਟਨ
Friday, Nov 27, 2020 - 09:08 AM (IST)
ਚੰਡੀਗੜ੍ਹ (ਅਸ਼ਵਨੀ): ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਨਾਲ ਲੰਚ 'ਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਉਬਲੀਆਂ ਸਬਜ਼ੀਆਂ ਖਾਧੀਆਂ ਅਤੇ ਕ੍ਰਿਕਟ ਦੇ ਕਈ ਕਿੱਸੇ ਸਾਂਝੇ ਕੀਤੇ। ਇਹ ਕਹਿਣਾ ਹੈ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ। ਲੰਚ ਤੋਂ ਬਾਅਦ ਰਾਜਨੀਤਿਕ ਗਲਿਆਰਿਆਂ ਵਿਚ ਕਿਆਸ ਅਰਾਈਆਂ ਦਾ ਬਾਜ਼ਾਰ ਗਰਮ ਹੋਣ 'ਤੇ ਵੀਰਵਾਰ ਨੂੰ ਸਪੱਸ਼ਟੀਕਰਨ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਿੱਧੂ ਨਾਲ ਲੰਚ ਦੌਰਾਨ ਪੰਜਾਬ ਜਾਂ ਭਾਰਤ ਜਾਂ ਸੰਸਾਰ ਸਬੰਧੀ ਕੋਈ ਯੋਜਨਾ ਨਹੀਂ ਬਣਾਈ ਗਈ। ਗੱਲਬਾਤ ਦੌਰਾਨ ਸਿਰਫ਼ ਕੁੱਝ ਸਧਾਰਣ ਗੱਲਾਂ ਹੋਈਆਂ, ਜਿਸ ਵਿਚ ਸਿੱਧੂ ਨੇ ਆਪਣੇ ਕ੍ਰਿਕਟ ਸਬੰਧੀ ਬਹੁਤ ਸਾਰੇ ਤਜਰਬੇ ਸਾਂਝੇ ਕੀਤੇ। ਮੁੱਖ ਮੰਤਰੀ ਨੇ ਕਿਹਾ ਕਿ ਇਹ ਬੜੇ ਅਫ਼ਸੋਸ ਦੀ ਗੱਲ ਹੈ ਕਿ ਲੰਚ 'ਤੇ ਹੋਈ ਬੈਠਕ ਦੀ ਗੱਲਬਾਤ ਨੂੰ ਰਾਈ ਦਾ ਪਹਾੜ ਬਣਾ ਦਿੱਤਾ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਇਕ ਘੰਟੇ ਤੋਂ ਜ਼ਿਆਦਾ ਵਕਤ ਤੱਕ ਹੋਈ ਇਹ ਮੁਲਾਕਾਤ ਕਾਫ਼ੀ ਗਰਮਜੋਸ਼ੀ ਅਤੇ ਖੁਸ਼ਮਿਜ਼ਾਜ ਮਾਹੌਲ ਵਾਲੀ ਰਹੀ।
ਇਹ ਵੀ ਪੜ੍ਹੋ : ਕਲਯੁੱਗੀ ਮਾਪਿਆਂ ਦਾ ਕਾਰਾ: ਇਕ ਦਿਨ ਦਾ ਬੱਚਾ ਹਸਪਤਾਲ ਛੱਡ ਹੋਏ ਗ਼ਾਇਬ, ਬੱਚੇ ਦੀ ਹੋਈ ਮੌਤ
ਸਿੱਧੂ ਨੇ ਮੁਲਾਕਾਤ ਵਿਚ ਦਿਖਾਈ ਦਿਲਚਸਪੀ
ਮੁੱਖ ਮੰਤਰੀ ਨੇ ਉਨ੍ਹਾਂ ਕਿਆਸ ਅਰਾਈਆਂ ਨੂੰ ਵੀ ਖਾਰਜ ਕਰ ਦਿੱਤਾ, ਜਿਨ੍ਹਾਂ ਵਿਚ ਕਿਹਾ ਜਾ ਰਿਹਾ ਸੀ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਸੱਦੇ 'ਤੇ ਸਿੱਧੂ ਲੰਚ ਲਈ ਰਾਜੀ ਹੋਏ। ਵੀਰਵਾਰ ਨੂੰ ਮੁੱਖ ਮੰਤਰੀ ਨੇ ਕਿਹਾ ਕਿ ਇਹ ਬੈਠਕ ਸਿੱਧੂ ਵਲੋਂ ਮੁਲਾਕਾਤ ਨੂੰ ਲੈ ਕੇ ਦਿਲਚਸਪੀ ਦਿਖਾਏ ਜਾਣ ਤੋਂ ਬਾਅਦ ਬੁਲਾਈ ਗਈ ਸੀ। ਮੁੱਖ ਮੰਤਰੀ ਨੇ ਕਿਹਾ ਕਿ ਉਹ ਮੁਲਾਕਾਤ ਤੋਂ ਸੰਤੁਸ਼ਟ ਅਤੇ ਖੁਸ਼ ਹਨ ਅਤੇ ਇਸੇ ਤਰ੍ਹਾਂ ਸਿੱਧੂ ਵੀ ਹਨ। ਮੁੱਖ ਮੰਤਰੀ ਨੇ ਉਮੀਦ ਜਤਾਈ ਕਿ ਭਵਿੱਖ ਵਿਚ ਵੀ ਨਵਜੋਤ ਸਿੰਘ ਸਿੱਧੂ ਨਾਲ ਉਨ੍ਹਾਂ ਦੀਆਂ ਬੈਠਕਾਂ ਦਾ ਦੌਰ ਜਾਰੀ ਰਹੇਗਾ। ਅਜਿਹੀਆਂ ਸਨੇਹਪੂਰਣ ਮੁਲਾਕਾਤਾਂ ਹੁੰਦੀਆਂ ਰਹਿਣਗੀਆਂ। ਮੁੱਖ ਮੰਤਰੀ ਨੇ ਮੀਡੀਆ ਵਿਚ ਗਰਮ ਹੋਏ ਚਰਚਾਵਾਂ ਦੇ ਬਾਜ਼ਾਰ ਨੂੰ ਵੀ ਸਿਰੇ ਤੋਂ ਖਾਰਜ ਕਰ ਦਿੱਤਾ। ਉਨ੍ਹਾਂ ਕਿਹਾ ਕਿ ਮੀਡੀਆ ਵਿਚ ਸਿੱਧੂ ਨੂੰ ਜ਼ਿੰਮੇਵਾਰੀ ਦੇਣ ਦੀਆਂ ਜੋ ਗੱਲਾਂ ਕਹੀਆਂ ਜਾ ਰਹੀਆਂ ਹਨ, ਅਜਿਹਾ ਕੁੱਝ ਨਹੀਂ ਹੈ।
ਇਹ ਵੀ ਪੜ੍ਹੋ : ਨਵ-ਵਿਆਹੁਤਾ ਨੇ ਥਾਣਾ ਮੁਖੀ 'ਤੇ ਲਾਏ ਜਬਰ-ਜ਼ਿਨਾਹ ਦੇ ਦੋਸ਼, ਅੱਗਿਓਂ ਥਾਣਾ ਮੁਖੀ ਨੇ ਕੀਤੇ ਹੈਰਾਨੀਜਨਕ ਖ਼ੁਲਾਸੇ
ਸਿਰਫ਼ ਦਹੀ, ਰੋਟੀ ਅਤੇ ਉਬਲੀਆਂ ਸਬਜ਼ੀਆਂ ਵਾਲਾ ਲੰਚ
ਮੁੱਖ ਮੰਤਰੀ ਨੇ ਸਿੱਧੂ ਦੇ ਖਾਣੇ ਦੀ ਮੇਜਬਾਨੀ ਕਰਨ 'ਤੇ ਸ਼੍ਰੋਮਣੀ ਅਕਾਲੀ ਦਲ 'ਤੇ ਚੁਟਕੀ ਲੈਂਦਿਆਂ ਕਿਹਾ ਕਿ ਲੰਚ 'ਤੇ ਉਨ੍ਹਾਂ ਦੇ ਸਾਬਕਾ ਮੰਤਰੀ ਸਾਥੀ ਨਵਜੋਤ ਸਿੰਘ ਸਿੱਧੂ ਨੇ ਉਬਲੀਆਂ ਸਬਜ਼ੀਆਂ ਖਾਧੀਆਂ ਅਤੇ ਉਨ੍ਹਾਂ ਨੇ ਖੁਦ ਦਹੀ ਨਾਲ ਮਿੱਸੀ ਰੋਟੀ ਖਾਧੀ। ਮੁੱਖ ਮੰਤਰੀ ਨੇ ਸਵਾਲ ਕੀਤਾ ਕਿ ਇਹ ਅਕਾਲੀਆਂ ਨੂੰ ਦਾਵਤ ਵਰਗਾ ਲੱਗਦਾ ਹੈ? ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਦੁਪਹਿਰ ਭੋਜ 'ਤੇ ਬੁੱਧਵਾਰ ਨੂੰ ਟਿੱਪਣੀ ਕਰਦਿਆਂ ਕਿਹਾ ਸੀ ਕਿ ਇਹ ਬੇਹੱਦ ਬਦਕਿਸਮਤੀ ਭਰਿਆ ਹੈ ਕਿ ਜਿੱਥੇ ਪੰਜਾਬ ਦੇ ਕਿਸਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ 'ਤੇ ਕੜਾਕੇ ਦੀ ਠੰਢ ਵਿਚ ਪਾਣੀ ਦੀ ਕੈਨਨ ਨਾਲ ਹਮਲਾ ਕੀਤਾ ਗਿਆ, ਉਥੇ ਹੀ ਮੁੱਖ ਮੰਤਰੀ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਲਈ ਸ਼ਾਹੀ ਭੋਜ ਆਯੋਜਿਤ ਕਰ ਰਹੇ ਹਨ।
ਇਹ ਵੀ ਪੜ੍ਹੋ : ਤਰਨਤਾਰਨ 'ਚ ਹੈਵਾਨੀਅਤ, 4 ਸਾਲਾ ਬੱਚੀ ਨਾਲ ਨਾਬਾਲਗ ਦੋਸਤਾਂ ਵਲੋਂ ਜਬਰ-ਜ਼ਿਨਾਹ
'ਸਿੱਧੂ ਨੇ ਸੋਸ਼ਲ ਮੀਡੀਆ 'ਤੇ ਕਿਸਾਨਾਂ ਦੀ ਆਵਾਜ਼ ਕੀਤੀ ਬੁਲੰਦ'
ਬੇਸ਼ੱਕ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਸਿੱਧੂ ਨਾਲ ਹੋਈ ਬੈਠਕ ਦੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਪਰ ਦੂਜੇ ਦਿਨ ਵੀ ਨਵਜੋਤ ਸਿੱਧੂ ਨੇ ਚੁੱਪੀ ਨਹੀਂ ਤੋੜੀ ਹੈ। ਰਾਜਨੀਤਕ ਮਾਹਰਾਂ ਦੀ ਮੰਨੀਏ ਤਾਂ ਮੁੱਖ ਮੰਤਰੀ ਨਾਲ ਬੈਠਕ ਤੋਂ ਬਾਅਦ ਹੀ ਸਿੱਧੂ ਦੇ ਪੱਤੇ ਖੁੱਲ੍ਹਣ ਵਿਚ ਅਜੇ ਸਮਾਂ ਲੱਗ ਸਕਦਾ ਹੈ। ਉਧਰ, ਮੁੱਖ ਮੰਤਰੀ ਇਸ ਗੱਲ 'ਤੇ ਜ਼ੋਰ ਦੇਣ ਵਿਚ ਜੁਟ ਗਏ ਹਨ ਕਿ ਦੁਪਹਿਰ ਭੋਜ ਸਿੱਧੂ ਦੀ ਦਿਲਚਸਪੀ ਦੇ ਕਾਰਨ ਬੁਲਾਇਆ ਗਿਆ। ਜ਼ਾਹਿਰ ਹੈ ਕਿ ਬੈਠਕ ਤੋਂ ਬਾਅਦ ਕਿਆਸਅਰਾਈਆਂ ਨੇ ਪੰਜਾਬ ਕਾਂਗਰਸ ਦੇ ਪੱਧਰ 'ਤੇ ਨਵੀਂ ਹਲਚਲ ਪੈਦਾ ਕਰ ਦਿੱਤੀ ਹੈ, ਜਿਸ ਕਾਰਣ ਹੁਣ ਮੁੱਖ ਮੰਤਰੀ ਨੂੰ ਖੁਦ ਸਾਹਮਣੇ ਆ ਕੇ ਬੈਠਕ ਬਾਰੇ ਜਾਣਕਾਰੀ ਦੇਣੀ ਪੈ ਰਹੀ ਹੈ। ਮੁੱਖ ਮੰਤਰੀ ਨਾਲ ਬੈਠਕ 'ਤੇ ਪ੍ਰਤੀਕਿਰਿਆ ਦੇਣ ਦੀ ਬਜਾਏ ਸਿੱਧੂ ਨੇ ਵੀਰਵਾਰ ਨੂੰ ਇਕ ਵਾਰ ਫਿਰ ਕਿਸਾਨਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਦਿਆਂ ਟਵੀਟ ਕੀਤਾ। ਉਨ੍ਹਾਂ ਲਿਖਿਆ ਕਿ ਹਕੂਮਤ ਤੋਂ ਜਿੱਤਣ ਦੀ ਜੱਦੋਜਹਿਦ ਉਦੋਂ ਕਰਦਾ ਹੈ ਕੋਈ ਕਿਸਾਨ, ਜਦੋਂ ਉਸਨੇ ਆਪਣੀ ਜਿੰਦਗੀ ਦਾਅ 'ਤੇ ਲਾਈ ਹੋਈ ਹੋਵੇ।