ਸਿਹਤ ਮਹਿਕਮੇ ਦੇ ਕਾਮੇ ਦੀ ਕੋਰੋਨਾ ਨਾਲ ਜੂਝਦਿਆਂ ਮੌਤ ''ਤੇ ਬਲਬੀਰ ਸਿੱਧੂ ਵੱਲੋਂ ਦੁੱਖ ਦਾ ਪ੍ਰਗਟਾਵਾ

09/04/2020 4:21:25 PM

ਚੰਡੀਗੜ੍ਹ: ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਵੀਰ ਸਿੰਘ ਸਿੱਧੂ ਨੇ ਬਰਨਾਲਾ ਜ਼ਿਲ੍ਹੇ ਦੇ ਬਲਾਕ ਤਪਾ ਅਧੀਨ ਸਬ ਸੈਂਟਰ ਪਿੰਡ ਖੁੱਡੀ ਖੁਰਦ ਤੇ ਢਿੱਲਵਾਂ ਵਿਖੇ ਮਲਟੀਪਰਪਜ਼ ਸਿਹਤ ਵਰਕਰ ਵਜੋਂ ਤਾਇਨਾਤ ਰਾਮ ਸਿੰਘ ਉਗੋਕੇ ਦੇ ਕੋਰੋਨਾ ਨਾਲ ਜੂਝਦਿਆਂ ਅਚਾਨਕ ਚਲਾਣੇ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਸਿਹਤ ਮੰਤਰੀ ਨੇ ਕਿਹਾ ਕਿ ਵਿਸ਼ਵ ਵਿਆਪੀ ਕੋਰੋਨਾ ਮਹਾਮਾਰੀ ਖਿਲਾਫ ਰਾਮ ਸਿੰਘ ਵਰਗੇ ਹਜ਼ਾਰਾਂ ਕਾਬਿਲ ਤੇ ਸੂਝਵਾਨ ਕਰਮਚਾਰੀ ਮੂਹਰਲੀ ਕਤਾਰ ਵਿਚ ਹੋ ਕੇ ਕਾਬਲ ਫੌਜੀ ਸੈਨਿਕ ਦੀ ਤਰ੍ਹਾਂ ਲੜ ਰਹੇ ਹਨ। ਉਨ੍ਹਾਂ ਦੱਸਿਆ ਕਿ ਰਾਮ ਸਿੰਘ ਸਿਰਫ਼ 49 ਸਾਲ ਦਾ ਸੀ। ਇਹ ਸੁਣ ਕੇ ਮਨ ਹੋਰ ਝੰਜੋੜਿਆ ਗਿਆ ਕਿ ਰਾਮ ਸਿੰਘ ਨੇ ਕੋਰੋਨਾ ਦੀ ਵਜ੍ਹਾ ਜਿਸ ਦਿਨ ਦੁਨੀਆ ਨੂੰ ਅਲਵਿਦਾ ਕਿਹਾ ਉਸ ਦਿਨ ਉਨ੍ਹਾਂ ਦਾ ਜਨਮ ਦਿਨ ਵੀ ਸੀ।

ਇਹ ਵੀ ਪੜ੍ਹੋ:  ਬਹਿਬਲਕਲਾਂ ਗੋਲੀਕਾਂਡ ਮਾਮਲੇ 'ਚ ਆਇਆ ਨਵਾਂ ਮੋੜ, ਮੁੱਖ ਦੋਸ਼ੀ ਬਣਿਆ ਸਰਕਾਰੀ ਗਵਾਹ

ਸ. ਸਿੱਧੂ ਨੇ ਕਿਹਾ ਕਿ ਹੁਣ ਜਦੋਂ ਦੁਨੀਆ ਭਰ ਵਿਚ ਕੋਰੋਨਾ ਵੱਡੀ ਚੁਣੌਤੀ ਬਣ ਕੇ ਉਭਰਿਆ ਹੈ ਤਾਂ ਕੁਝ ਪੰਜਾਬ ਵਿਰੋਧੀ ਲੋਕ ਕੋਰੋਨਾ ਅਤੇ ਸਿਹਤ ਕਰਮਚਾਰੀਆਂ ਵਿਰੁੱਧ ਕੂੜ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਹਰ ਸਮੇਂ ਆਪਣੇ ਕਰਮਚਾਰੀਆਂ ਦੇ ਨਾਲ ਖੜ੍ਹੇ ਹਨ ਅਤੇ ਕਿਸੇ ਵੀ ਹਾਲਾਤ 'ਚ ਉਨ੍ਹਾਂ ਦੇ ਮਨੋਬਲ ਨੂੰ ਡਿੱਗਣ ਨਹੀਂ ਦੇਣਗੇ। ਉਨ੍ਹਾਂ ਕਿਹਾ ਕਿ ਡਿਊਟੀ ਦੌਰਾਨ ਸਿਹਤ ਵਿਭਾਗ ਦੇ 948 ਮੁਲਾਜ਼ਮ ਪਾਜ਼ੇਟਿਵ ਪਾਏ ਗਏ ਹਨ ਅਤੇ ਕਰੋਨਾ ਕਾਰਣ ਡਾਕਟਰਾਂ ਸਮੇਤ ਸਿਹਤ ਮੁਲਾਜ਼ਮਾਂ ਦੀਆਂ ਮੌਤਾਂ ਵੀ ਹੋਈਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਸੂਬਾ ਵਾਸੀਆਂ ਨੂੰ ਇਸ ਸੰਕਟ ਦੀ ਘੜੀ 'ਚ ਹਾਲਾਤ 'ਤੇ ਕਾਬੂ ਪਾਉਣ ਲਈ ਸਿਹਤ ਵਿਭਾਗ ਦੇ ਕਰਮਚਾਰੀਆਂ ਵਲੋਂ ਕੀਤੇ ਜਾ ਰਹੇ ਯਤਨਾਂ ਦਾ ਸਨਮਾਨ ਕਰਨਾ ਚਾਹੀਦਾ ਹੈ ਅਤੇ ਕੋਰੋਨਾ ਦੇ ਲੱਛਣ ਆਉਣ ਤੇ ਟੈਸਟ ਕਰਵਾਉੇਣ ਲਈ ਅੱਗੇ ਆਉਣਾ ਚਾਹੀਦਾ ਹੈ।

ਇਹ ਵੀ ਪੜ੍ਹੋ:  ਦਾਜ ਨੇ ਨਿਗਲੀ ਇਕ ਹੋਰ ਲਾਡਲੀ ਦੀ ਜਾਨ, ਸਹੁਰਿਆ ਤੋਂ ਦੁਖੀ ਹੋ ਖ਼ੁਦ ਨੂੰ ਦਿੱਤੀ ਦਰਦਨਾਕ ਮੌਤ

ਸਿਹਤ ਮੰਤਰੀ ਨੇ ਸੂਬੇ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਅਫਵਾਹਾਂ ਵਿਚ ਵਿਸ਼ਵਾਸ਼ ਨਾ ਕਰਨ ਅਤੇ ਜੇਕਰ ਕੋਈ ਵਿਅਕਤੀ ਸਿਹਤ ਮੁਲਾਜ਼ਮਾਂ ਖਿਲਾਫ ਕੂੜ ਪ੍ਰਚਾਰ ਕਰ ਰਿਹਾ ਹੈ ਜਾਂ ਕੋਰੋਨਾ ਸਬੰਧੀ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ ਤਾਂ ਇਸ ਦੀ ਸੂਚਨਾ ਤੁਰੰਤ ਸਿਹਤ ਜਾਂ ਪੁਲਸ ਵਿਭਾਗ ਨੂੰ ਕਰੋ ਤਾਂ ਜੋ ਇਨ੍ਹਾਂ ਦੋਸ਼ੀਆਂ ਖਿਲਾਫ ਸ਼ਖਤ ਕਾਰਵਾਈ ਕੀਤੀ ਜਾ ਸਕੇ।ਉਨ੍ਹਾਂ ਕਿਹਾ ਕਿ ਇਹ ਬੜੀ ਮੰਦਭਾਗੀ ਘਟਨਾ ਹੈ ਕਿ ਕੁਝ ਅਖੌਤੀ ਰਾਜਨੀਤਿਕ ਆਗੂ ਵੀ ਪਿੰਡਾਂ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਜੋ ਸਿੱਧੇ ਤੌਰ 'ਤੇ ਪੰਜਾਬ ਲਈ ਘਾਤਕ ਸਿੱਧ ਹੋ ਰਿਹਾ ਹੈ। ਇਸ ਤਰ੍ਹਾਂ ਦੇ ਗਲਤ ਤੇ ਝੂਠੇ ਪ੍ਰਚਾਰ ਕਾਰਨ ਡਰੇ ਲੋਕ ਕੋਰੋਨਾ ਦੇ ਲੱਛਣ ਹੋਣ ਦੇ ਬਾਵਜੂਦ ਵੀ ਟੈਸਟ ਕਰਵਾਉਣ ਤੋਂ ਘਬਰਾ ਰਹੇ ਹਨ। ਇਸ ਕਰਕੇ ਸੂਬੇ ਵਿਚ ਕਰੋਨਾ ਦਾ ਮੌਤ ਦਰ ਵੀ ਵੱਧਿਆ ਹੈ।ਇਨ੍ਹਾਂ ਸ਼ਰਾਰਤੀ ਅਤੇ ਪੰਜਾਬ ਵਿਰੋਧੀ ਲੋਕਾਂ ਨੂੰ ਚੇਤਾਵਨੀ ਦਿੰਦਿਆ ਕਿਹਾ ਕਿ ਉਹ ਇਸ ਤਰ੍ਹਾਂ ਦੀਆਂ 
ਗੁੰਮਰਾਹਕੁੰਨ ਹਰਕਤਾਂ ਨੂੰ ਅੰਜਾਮ ਦੇਣਾ ਬੰਦ ਕਰਨ ਜਿਸ ਤਹਿਤ ਵੱਡੀ ਗਿਣਤੀ ਵਿੱਚ ਝੂਠੀਆਂ ਖ਼ਬਰਾਂ ਅਤੇ ਭੜਕਾਊ ਵੀਡੀਓਜ਼ ਫੈਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਪੰਜਾਬ ਪੁਲਸ ਦੁਆਰਾ ਇਨ੍ਹਾਂ ਲੋਕਾਂ ਵਿਰੁੱਧ ਮਾਮਲੇ ਦਰਜ ਕਰਵਾਏ ਜਾ ਰਹੇ ਹਨ।


Sunil Pandey

Content Editor

Related News