ਸੁਪਰੀਮ ਕੋਰਟ ਦੇ ਫ਼ੈਸਲੇ ’ਤੇ ਅਕਾਲੀ ਦਲ ਦਾ ਵੱਡਾ ਬਿਆਨ

Wednesday, Jan 13, 2021 - 09:09 AM (IST)

ਸੁਪਰੀਮ ਕੋਰਟ ਦੇ ਫ਼ੈਸਲੇ ’ਤੇ ਅਕਾਲੀ ਦਲ ਦਾ ਵੱਡਾ ਬਿਆਨ

ਚੰਡੀਗੜ੍ਹ, ਅੰਮ੍ਰਿਤਸਰ (ਬਿਊਰੋ): ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨੀ ਸੰਘਰਸ਼ ਬਾਰੇ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਵੱਡੀ ਹਾਰ ਕਰਾਰ ਦਿੱਤਾ। ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ’ਚ ਪਾਸ ਕੀਤੇ ਮਤੇ ’ਚ ਕਿਹਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਅਤੇ ਦੇਸ਼ ਭਰ ਵਿਚ ਸ਼ਾਂਤੀ ਤੇ ਫਿਰੂਕ ਸਦਭਾਵਨਾ ਨੁੰ ਸਭ ਤੋਂ ਪਵਿੱਤਰ ਆਦਰਸ਼ ਮੰਨਦਾ ਹੈ, ਜਿਨ੍ਹਾਂ ਵਾਸਤੇ ਪਾਰਟੀ ਨੇ ਕੁਰਬਾਨੀਆਂ ਦਿੱਤੀਆਂ ਹਨ। ਪਾਰਟੀ ਦੀ ਕੋਰ ਕਮੇਟੀ ਨੇ ਕਿਹਾ ਕਿ ਗੁਰੂ ਸਾਹਿਬਾਨ ਵਲੋਂ ਸਾਨੂੰ ਬਖ਼ਸ਼ਿਸ਼ ਕੀਤੀ ਇਹ ਰਵਾਇਤ ਅਸੀਂ ਬਚਾ ਕੇ ਰੱਖਾਂਗੇ। 

ਇਹ ਵੀ ਪੜ੍ਹੋ: ਤਰਨਤਾਰਨ ’ਚ ਸ਼ਰਮਨਾਕ ਘਟਨਾ, ਹਵਸੀ ਦਰਿੰਦੇ ਨੇ 7 ਸਾਲ ਦੇ ਬੱਚੇ ਨਾਲ ਕੀਤਾ ਗ਼ਲਤ ਕੰਮ

ਇਹ ਮਤੇ ਪਾਰਟੀ ਦੀ ਕੋਰ ਕਮੇਟੀ ਦੀ ਅਚਨਚੇਤ ਸੱਦੀ ਮੀਟਿੰਗ ’ਚ ਪਾਸ ਕੀਤੇ ਗਏ। ਮੀਟਿੰਗ ’ਚ ਬਲਵਿੰਦਰ ਸਿੰਘ ਭੂੰਦੜ, ਬੀਬੀ ਜਗੀਰ ਕੌਰ, ਜਥੇਦਾਰ ਤੋਤਾ ਸਿੰਘ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਬਿਕਰਮ ਸਿੰਘ ਮਜੀਠੀਆ, ਮਹੇਸ਼ਇੰੰਦਰ ਸਿੰਘ ਗਰੇਵਾਲ, ਜਨਮੇਜਾ ਸਿੰਘ ਸੇਖੋਂ, ਸਿਕੰਦਰ ਸਿੰਘ ਮਲੂਕਾ, ਡਾ. ਦਲਜੀਤ ਸਿੰਘ ਚੀਮਾ ਤੇ ਸ਼ਰਨਜੀਤ ਸਿੰਘ ਢਿੱਲੋਂ ਆਦਿ ਨੇ ਭਾਗ ਲਿਆ। ਮੀਟਿੰਗ ਦੇ ਵੇਰਵੇ ਸਾਂਝੇ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਪ੍ਰਮੁੱਖ ਸਲਾਹਕਾਰ ਹਰਚਰਨ ਸਿੰਘ ਬੈਂਸ ਨੇ ਦੱਸਿਆ ਕਿ ਕੋਰ ਕਮੇਟੀ ਨੇ ਮਤਾ ਪਾਸ ਕਰਕੇ ਆਖਿਆ ਕਿ ਸਰਵਉਚ ਅਦਾਲਤ ਦੇ ਹੁਕਮ ਨੇ ਸ਼੍ਰੋਮਣੀ ਅਕਾਲੀ ਦਲ ਵਲੋਂ ਲਏ ਸਟੈਂਡ ਨੂੰ ਦਰੁਸਤ ਠਹਿਰਾਇਆ ਹੈ। ਪਾਰਟੀ ਨੇ ਕਿਹਾ ਕਿ ਅਸੀਂ ਉਸ ਵੇਲੇ ਵੀ ਆਖਿਆ ਸੀ ਕਿ ਕਾਹਲੀ ’ਚ ਕਾਨੂੰਨ ਪਾਸ ਕਰਨ ਨਾਲੋਂ ਇਹ ਮਾਮਲਾ ਸਿਲੈਕਟ ਕਮੇਟੀ ਹਵਾਲੇ ਕੀਤਾ ਜਾਵੇ ਅਤੇ ਆਰਡੀਨੈਂਸ ਦੀ ਥਾਂ ’ਤੇ ਬਿੱਲ ਪੇਸ਼ ਕਰਨ ਤੋਂ ਪਹਿਲਾਂ ਕਿਸਾਨਾਂ ਦੀ ਸਹਿਮਤੀ ਲਈ ਜਾਵੇ।

ਇਹ ਵੀ ਪੜ੍ਹੋ: ਮੰਤਰੀ ਮੰਡਲ ਵਲੋਂ ‘ਪੰਜਾਬ ਯਕਮੁਸ਼ਤ ਨਿਪਟਾਰਾ ਸਕੀਮ-2021’ ਨੂੰ ਮਨਜ਼ੂਰੀ

ਅਕਾਲੀ ਦਲ ਨੇ ਨਾ ਸਿਰਫ਼ ਕਿਸਾਨ ਵਿਰੋਧੀ ਬਿੱਲਾਂ ਦੇ ਖਿਲਾਫ ਵੋਟ ਪਾਈ ਸੀ ਬਲਕਿ ਕੇਂਦਰੀ ਮੰਤਰੀ ਮੰਡਲ ਵਿਚ ਇਸ ਦੀ ਇਕਲੌਤੀ ਪ੍ਰਤੀਨਿਧ ਹਰਸਿਮਰਤ ਕੌਰ ਬਾਦਲ ਨੇ ਇਹ ਬਿੱਲ ਪਾਸ ਕਰਨ ਦੇ ਵਿਰੋਧ ਵਿਚ ਮੰਤਰੀ ਵਜੋਂ ਅਸਤੀਫਾ ਵੀ ਦੇ ਦਿੱਤਾ ਸੀ। ਇਸ ਮਗਰੋਂ ਪਾਰਟੀ ਨੇ ਦੇਸ਼ ਵਿਚ ਹੁਣ ਤੱਕ ਦੀ ਸਭ ਤੋਂ ਲੰਬੀ ਸਿਆਸੀ ਸਾਂਝ ਖਤਮ ਕਰਦਿਆਂ ਅਕਾਲੀ ਦਲ ਤੇ ਭਾਜਪਾ ਗਠਜੋੜ ਤੋੜ ਦਿੱਤਾ ਤੇ ਐੱਨ. ਡੀ. ਏ. ਵਿਚੋਂ ਪਾਰਟੀ ਬਾਹਰ ਆ ਗਈ। ਇਸ ਮਗਰੋਂ ਪਾਰਟੀ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਆਪਣਾ ਪਦਮ ਵਿਭੂਸ਼ਣ ਸਨਮਾਨ ਵੀ ਵਾਪਸ ਕਰ ਦਿੱਤਾ। ਕੋਰ ਕਮੇਟੀ ਨੇ ਹੋਰ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤਿੰਨ ਖੇਤੀ ਕਾਨੂੰਨ ਰੱਦ ਹੋਣ ਤੱਕ ਕਿਸਾਨ ਜਥੇਬੰਦੀਆਂ ਦੇ ਸੱਦੇ ਦੇ ਕਿਸੇ ਵੀ ਸ਼ਾਂਤੀਪੂਰਨ, ਸਭਿਅਕ ਤੇ ਲੋਕਤੰਤਰੀ ਸੰਘਰਸ਼ ਦੀ ਹਮਾਇਤ ਕਰਦਾ ਰਹੇਗਾ ਤੇ ਇਸ ਵਿਚ ਵਿਚ ਭਾਗ ਲੈਂਦਾ ਰਹੇਗਾ। ਬੈਂਸ ਨੇ ਇਹ ਵੀ ਦੱਸਿਆ ਕਿ ਪਾਰਟੀ ਨੇ ਫੈਸਲਾ ਕੀਤਾ ਹੈ ਕਿ ਉਹ ਪੰਜਾਬੀਆਂ ਨੂੰ ਕੇਂਦਰ ਵਿਚ ਸੱਤਾਧਾਰੀ ਪਾਰਟੀ ਤੇ ਸੂਬੇ ਵਿਚ ਸ਼ਾਂਤੀ ਤੇ ਫਿਰਕੂ ਸਦਭਾਵਨਾ ਨੂੰ ਲਾਂਬੂ ਲਾਉਣ ਦੇ ਕੀਤੇ ਜਾ ਰਹੇ ਯਤਨਾਂ ਵਿਰੁੱਧ ਵੀ ਚੌਕਸ ਕਰੇਗੀ।

ਇਹ ਵੀ ਪੜ੍ਹੋ:  ਦਿੱਲੀ ਧਰਨੇ ਤੋਂ ਆਈ ਦੁਖਦਾਈ ਖ਼ਬਰ, ਟਿਕਰੀ ਬਾਰਡਰ ’ਤੇ ਇਕ ਹੋਰ ਕਿਸਾਨ ਨੇ ਤੋੜਿਆ ਦਮ

ਸ਼੍ਰੋਮਣੀ ਅਕਾਲੀ ਦਲ ਨੇ ਸੁਪਰੀਮ ਕੋਰਟ ਵੱਲੋਂ ਕਮੇਟੀ ਗਠਿਤ ਕੀਤੇ ਜਾਣ ਨੂੰ ਅਤਿਅੰਤ ਮੰਦਭਾਗਾ ਤੇ ਅਪ੍ਰਵਾਨਯੋਗ ਕਰਾਰ ਦਿੰਦਿਆਂ ਕਿਹਾ ਕਿ ਕਮੇਟੀ ਦੇ ਸਰੂਪ ਨੇ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕੇਂਦਰ ਦੀ ਕਿਸਾਨ ਵਿਰੋਧੀ ਸਰਕਾਰ ਦੇ ਗਠਜੋੜ ਨੂੰ ਬੇਨਕਾਬ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਚੁਣੇ ਗਏ ਕਮੇਟੀ ਮੈਂਬਰਾਂ ਦੇ ਸਰੂਪ ਨੇ ਹੀ ਸਾਬਤ ਕਰ ਦਿੱਤਾ ਹੈ ਕਿ ਇਹ ਕਮੇਟੀ ਕੈਪਟਨ ਅਮਰਿੰਦਰ ਸਿੰਘ ਦੇ ਕਹੇ ਮੁਤਾਬਕ ਹੀ ਬਣਾਈ ਗਈ ਹੈ।


author

Baljeet Kaur

Content Editor

Related News