ਸਾਰੇ ਮਹਿਕਮਿਆਂ ਦੀਆਂ ਖਾਲੀ ਅਸਾਮੀਆਂ ਨਵੀਂ ਭਰਤੀ ਨਾਲ ਹੀ ਭਰੀਆਂ ਜਾਣ : ਅਕਾਲੀ ਦਲ
Wednesday, Aug 14, 2019 - 09:23 AM (IST)

ਚੰਡੀਗੜ੍ਹ (ਅਸ਼ਵਨੀ) : ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਸਰਕਾਰ ਦੇ ਮਾਲ ਮਹਿਕਮੇ ਦੀਆਂ ਖਾਲੀ ਅਸਾਮੀਆਂ ਸੇਵਾਮੁਕਤ ਪਟਵਾਰੀਆਂ ਨਾਲ ਭਰਨ ਦੇ ਫੈਸਲੇ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਹੈ ਕਿ ਸਾਰੇ ਮਹਿਕਮਿਆਂ ਦੀਆਂ ਖਾਲੀ ਪਈਆਂ ਅਸਾਮੀਆਂ ਨਵੀਂ ਭਰਤੀ ਰਾਹੀਂ ਭਰੀਆਂ ਜਾਣੀਆਂ ਚਾਹੀਦੀਆਂ ਹਨ। ਇਸ ਦੇ ਨਾਲ ਹੀ ਪਾਰਟੀ ਨੇ ਠੇਕੇ 'ਤੇ ਭਰਤੀ ਕੀਤੇ 27 ਹਜ਼ਾਰ ਕਾਮਿਆਂ ਨੂੰ ਪਿਛਲੀ ਅਕਾਲੀ-ਭਾਜਪਾ ਸਰਕਾਰ ਵਲੋਂ ਪਾਸ ਕੀਤੀ ਤਜਵੀਜ਼ ਅਨੁਸਾਰ ਤੁਰੰਤ ਪੱਕੇ ਕਰਨ ਲਈ ਕਿਹਾ ਹੈ। ਇਥੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਮਾਲ ਮਹਿਕਮੇ ਦੀਆਂ ਖਾਲੀ ਅਸਾਮੀਆਂ ਨੂੰ ਭਰਨ ਲਈ 13 ਹਜ਼ਾਰ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੀ ਥਾਂ ਸਰਕਾਰ ਨੇ ਇਨ੍ਹਾਂ ਅਸਾਮੀਆਂ 'ਤੇ ਸੇਵਾਮੁਕਤ ਪਟਵਾਰੀਆਂ ਦੀ ਭਰਤੀ ਕਰਨ ਦਾ ਫੈਸਲਾ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਸੱਤਾ 'ਚ ਆਉਣ ਮਗਰੋਂ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਉਮਰ ਦੀ ਹੱਦ ਲੰਘਾ ਚੁੱਕੇ ਪੋਤੇ ਨੂੰ ਡੀ. ਐੱਸ. ਪੀ. ਲਾਉਣ ਲਈ ਸਰਕਾਰ ਨੇ ਸਾਰੇ ਕਾਨੂੰਨਾਂ ਅਤੇ ਨਿਯਮਾਂ ਨੂੰ ਛਿੱਕੇ ਟੰਗ ਦਿੱਤਾ ਸੀ ਪਰ ਇਸ ਨੂੰ ਹੁਣ ਤਕ ਖਾਲੀ ਅਸਾਮੀਆਂ 'ਤੇ ਯੋਗ ਨੌਜਵਾਨਾਂ ਦੀ ਭਰਤੀ ਕਰਨ ਦਾ ਸਮਾਂ ਨਹੀਂ ਮਿਲਿਆ।
ਅਕਾਲੀ ਆਗੂ ਨੇ ਕਿਹਾ ਕਿ ਨੌਜਵਾਨਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਿਚ ਸਰਕਾਰ ਵਲੋਂ ਕੀਤੀ ਜਾ ਰਹੀ ਆਨਾਕਾਨੀ ਦੇ ਬਹੁਤ ਭਿਆਨਕ ਸਿੱਟੇ ਨਿਕਲ ਰਹੇ ਹਨ। ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਮਾਨਸਾ ਦੇ ਇਕ ਐੱਮ. ਫਿਲ. ਅਤੇ ਯੂ. ਜੀ. ਸੀ. ਨੈੱਟ ਪਾਸ ਸਕਾਲਰ ਜਗਸੀਰ ਸਿੰਘ ਨੇ ਇਸ ਲਈ ਖੁਦਕੁਸ਼ੀ ਕਰ ਲਈ ਸੀ ਕਿਉਂਕਿ ਉਸ ਨੂੰ ਆਪਣੀਆਂ 2 ਭੈਣਾਂ ਦੀ ਪੜ੍ਹਾਈ ਦਾ ਖਰਚਾ ਚੁੱਕਣ ਵਾਸਤੇ ਮਜ਼ਦੂਰੀ ਕਰਨੀ ਪੈ ਰਹੀ ਸੀ। ਇਸ ਤੋਂ ਪਹਿਲਾਂ ਨੌਕਰੀ ਨਾ ਮਿਲਣ ਕਰ ਕੇ ਪੜ੍ਹੇ-ਲਿਖੇ ਹਰਮਨਦੀਪ ਸਿੰਘ ਨੇ ਖੁਦਕੁਸ਼ੀ ਕਰ ਲਈ ਸੀ। ਅਕਾਲੀ ਆਗੂ ਨੇ ਕਿਹਾ ਕਿ ਇਹ ਬਹੁਤ ਹੀ ਖਤਰਨਾਕ ਰੁਝਾਨ ਹੈ ਕਿ ਹੁਣ ਨੌਜਵਾਨ ਵੀ ਕਿਸਾਨਾਂ ਵਾਂਗ ਖੁਦਕੁਸ਼ੀਆਂ ਦੀ ਰਾਹ ਪੈ ਗਏ ਹਨ।
ਮਜੀਠੀਆ ਨੇ ਕਿਹਾ ਕਿ ਸਰਕਾਰ ਦਾ ਅੱਧਾ ਕਾਰਜਕਾਲ ਖਤਮ ਹੋ ਚੁੱਕਿਆ ਹੈ ਪਰ ਇਸ ਨੇ ਨੌਜਵਾਨਾਂ ਨਾਲ ਕੀਤੇ ਵਾਅਦੇ 'ਘਰ-ਘਰ ਰੋਜ਼ਗਾਰ' ਨੂੰ ਪੂਰਾ ਕਰਨ ਲਈ ਕੁੱਝ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਜਿਥੇ ਪਹਿਲਾਂ ਹੀ ਪੱਕੇ ਕਰਨ ਦੀ ਆੜ 'ਚ 40 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਲੈਣ ਵਾਲੇ ਠੇਕੇ 'ਤੇ ਰੱਖੇ ਅਧਿਆਪਕਾਂ ਨੂੰ 15 ਹਜ਼ਾਰ ਰੁਪਏ ਪ੍ਰਤੀ ਮਹੀਨਾ ਲੈਣ ਲਈ ਮਜਬੂਰ ਕੀਤਾ ਸੀ, ਉਥੇ 2 ਦਿਨ ਪਹਿਲਾਂ ਟੀ. ਈ. ਟੀ. ਪਾਸ ਬੀ. ਐੱਡ. ਬੇਰੋਜ਼ਗਾਰ ਅਧਿਆਪਕ ਯੂਨੀਅਨ ਨੇ ਇਸ ਬੋਲੀ ਸਰਕਾਰ ਨੂੰ ਬੇਰੋਜ਼ਗਾਰ ਨੌਜਵਾਨਾਂ ਦੀ ਦੁਰਦਸ਼ਾ ਦੀ ਕਹਾਣੀ ਸੁਣਾਉਣ ਲਈ ਸਿੱਖਿਆ ਮੰਤਰੀ ਦੀ ਰਿਹਾਇਸ਼ ਵੱਲ ਕੂਚ ਕੀਤਾ ਸੀ। ਉਨ੍ਹਾਂ ਕਿਹਾ ਕਿ ਇਸ ਸਮੇਂ ਸਾਰੇ ਨੌਜਵਾਨ ਕਾਂਗਰਸ ਸਰਕਾਰ ਤੋਂ ਬੁਰੀ ਤਰ੍ਹਾਂ ਨਿਰਾਸ਼ ਹਨ।