‘ਆਪ’ ਲੋਹੜੀ ਦੀ ਸ਼ਾਮ ਸ਼ਹੀਦ ਕਿਸਾਨਾਂ ਦੇ ਨਾਂ ਕਰੇਗੀ ਸਮਰਪਿਤ

Monday, Jan 11, 2021 - 09:09 AM (IST)

‘ਆਪ’ ਲੋਹੜੀ ਦੀ ਸ਼ਾਮ ਸ਼ਹੀਦ ਕਿਸਾਨਾਂ ਦੇ ਨਾਂ ਕਰੇਗੀ ਸਮਰਪਿਤ

ਚੰਡੀਗੜ, ਅੰਮ੍ਰਿਤਸਰ  (ਰਮਨਜੀਤ): ਆਮ ਆਦਮੀ ਪਾਰਟੀ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਐਲਾਨ ਕੀਤਾ ਕਿ 13 ਜਨਵਰੀ ਨੂੰ ਲੋਹੜੀ ਦੀ ਸ਼ਾਮ ਇਸ ਵਾਰ ਕਿਸਾਨ ਅੰਦੋਲਨ ’ਚ ਸ਼ਹੀਦ ਹੋਣ ਵਾਲੇ ਸ਼ਹੀਦਾਂ ਨੂੰ ਸਮਰਪਿਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅੱਜ ਸਾਡਾ ਅੰਨਦਾਤਾ ਆਪਣੀ ਹੋਂਦ ਬਚਾਉਣ ਲਈ ਕਾਲੇ ਕਾਨੂੰਨਾਂ ਖਿਲਾਫ ਕੜਾਕੇ ਦੀ ਠੰਡ ’ਚ ਦਿੱਲੀ ਦੇ ਬਾਰਡਰ ’ਤੇ ਦਿਨ ਰਾਤ ਅੰਦੋਲਨ ਕਰ ਰਿਹਾ ਹੈ। ਇਸ ਅੰਦੋਲਨ ’ਚ ਡਟੇ ਹੋਏ 50 ਤੋਂ ਜ਼ਿਆਦਾ ਸਾਡੇ ਕਿਸਾਨ ਭਰਾ ਸ਼ਹੀਦ ਹੋ ਗਏ ਹਨ। 

ਉਨ੍ਹਾਂ ਕਿਹਾ ਕਿ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਰੋਜ਼ਾਨਾ ਸਾਡੇ ਪੰਜਾਬ ’ਚ ਦਿੱਲੀ ਦੀ ਸਰਹੱਦ ਤੋਂ ਕਿਸਾਨ ਸ਼ਹੀਦਾਂ ਦੀਆਂ ਲਾਸ਼ਾਂ ਆ ਰਹੀਆਂ ਹਨ। ਇੱਕ ਪਾਸੇ ਪੰਜਾਬ ਦੇ ਕਿਸਾਨ ਦਾ ਪੁੱਤ ਦੇਸ਼ ਦੀਆਂ ਸਰਹੱਦਾਂ ’ਤੇ ਦੁਸ਼ਮਣ ਦੇਸ਼ਾਂ ਨਾਲ ਲੜਦਾ ਹੋਇਆ ਸ਼ਹੀਦ ਹੋ ਰਿਹਾ ਹੈ, ਉਥੇ ਹੀ ਦੂਜੇ ਪਾਸੇ ਸਾਡੇ ਹੀ ਦੇਸ਼ ਦੇ ਹਾਕਮ ਖ਼ਿਲਾਫ਼ ਲੋਕਤੰਤਰਿਕ ਢੰਗ ਨਾਲ ਅੰਦੋਲਨ ਕਰ ਰਹੇ ਕਿਸਾਨ ਸ਼ਹੀਦ ਹੋ ਰਹੇ ਹਨ। ਅੱਜ ਸਾਡੇ ਦੇਸ਼ ਦਾ ਹਾਕਮ ਅੰਨ੍ਹਾ, ਬੋਲਾ ਅਤੇ ਗੂੰਗਾ ਹੋ ਚੁੱਕਿਆ ਹੈ, ਜੋ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੂੰ ਮੰਨਣ ਦੀ ਥਾਂ ਮੁੱਠੀ ਭਰ ਪੂੰਜੀਪਤੀਆਂ ਦੇ ਹੱਕ ’ਚ ਇਨ੍ਹਾਂ ਕਿਸਾਨਾਂ ’ਤੇ ਜ਼ੁਲਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਵਲੋਂ ਪੰਜਾਬ ਦੇ ਹਰ ਪਿੰਡ, ਸ਼ਹਿਰ, ਮਹੁੱਲੇ, ਗਲੀ ’ਚ ਲੋਹੜੀ ਦੀ ਸ਼ਾਮ ਨੂੰ ਕਿਸਾਨ ਸੰਘਰਸ਼ ਵਿਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜ਼ਲੀ ਦਿੱਤੀ ਜਾਵੇਗੀ ਅਤੇ ਕੇਂਦਰ ਸਰਕਾਰ ਦੇ ਲਿਆਂਦੇ ਗਏ ਕਿਸਾਨ ਵਿਰੋਧੀ ਮਾੜੇ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ।

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ 


author

Baljeet Kaur

Content Editor

Related News