ਸੰਤੋਖ ਚੌਧਰੀ ਨੂੰ ਚੰਦਨ ਗਰੇਵਾਲ ਨੇ ਦਲਿਤ ਤੇ ਵਿਕਾਸ ਮੁੱਦਿਆਂ ''ਤੇ ਖੁੱਲ੍ਹੀ ਬਹਿਸ ਦੀ ਦਿੱਤੀ ਚੁਣੌਤੀ

05/08/2019 10:51:45 AM

ਜਲੰਧਰ— ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋਏ ਚੰਦਨ ਗਰੇਵਾਲ ਨੇ ਦਲਿਤ ਅਤੇ ਵਿਕਾਸ ਦੇ ਮੁੱਦਿਆਂ 'ਤੇ ਕਾਂਗਰਸ ਦੇ ਉਮੀਦਵਾਰ ਸੰਤੋਖ ਚੌਧਰੀ ਨੂੰ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੱਤੀ ਹੈ।  ਦਰਅਸਲ ਆਮ ਆਦਮੀ ਪਾਰਟੀ ਤੋਂ ਕਰਤਾਰਪੁਰ ਵਿਧਾਨ ਸਭਾ ਚੋਣਾਂ, ਫਿਰ ਕਾਂਗਰਸ 'ਚ ਸ਼ਾਮਲ ਹੋਣ ਦੀਆਂ ਚਰਚਾਵਾਂ ਅਤੇ ਬੀਤੇ ਦਿਨ ਅਚਾਨਕ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ 'ਚ ਅਕਾਲੀ ਦਲ 'ਚ ਸ਼ਾਮਲ ਹੋਏ ਦਲਿਤ ਆਗੂ ਚੰਦਨ ਗਰੇਵਾਲ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਸੁਖਬੀਰ ਨੇ ਚੰਦਨ ਨੂੰ ਅਕਾਲੀ ਦਲ ਦੇ ਸੂਬਾ ਉਪ ਪ੍ਰਧਾਨ ਦਾ ਅਹਿਮ ਜ਼ਿੰਮਾ ਸੌਂਪਿਆ ਹੈ। ਲੋਕ ਸਭਾ ਚੋਣਾਂ ਦੀ ਵੋਟਿੰਗ ਨੂੰ ਲੈ ਕੇ ਸਿਰਫ 12 ਦਿਨ ਬਾਕੀ ਬਚੇ ਹਨ ਅਤੇ ਉਨ੍ਹਾਂ ਨੂੰ ਖਾਸ ਤੌਰ 'ਤੇ ਜਲੰਧਰ ਲੋਕ ਸਭਾ ਹਲਕੇ 'ਚ ਕਾਂਗਰਸ ਦੇ ਦਲਿਤ ਵੋਟ ਬੈਂਕ 'ਚ ਸੰਨ੍ਹ ਲਾਉਣ 'ਤੇ ਅਕਾਲੀ ਉਮੀਦਵਾਰ ਦੇ ਪੱਖ 'ਚ ਪ੍ਰਚਾਰ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਸਬੰਧ 'ਚ ਚੰਦਨ ਗਰੇਵਾਲ ਨੇ 'ਜਗ ਬਾਣੀ' ਟੀ. ਵੀ. 'ਤੇ ਦਿੱਤੀ ਵਿਸ਼ੇਸ਼ ਇੰਟਰਵਿਊੂ ਦੌਰਾਨ ਦਲਿਤ ਮੁੱਦਿਆਂ ਸਮੇਤ ਆਪਣੀ ਅਗਲੀ ਰਣਨੀਤੀ 'ਤੇ ਬੇਝਿੱਜਕ ਗੱਲਬਾਤ ਕੀਤੀ, ਜਿਸ ਦਾ ਵੇਰਵਾ ਇਸ ਤਰ੍ਹਾਂ ਹੈ :
ਸ. : ਕਿਹੜੀਆਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਅਕਾਲੀ ਦਲ 'ਚ ਸ਼ਾਮਲ ਹੋਏ?
ਜ. :
ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਨੇ ਕਿਹਾ ਸੀ ਕਿ ਸਿਆਸਤ ਅਜਿਹੀ ਕੁੰਜੀ ਹੈ, ਜਿਸ ਨਾਲ ਹਰ ਤਾਲੇ ਨੂੰ ਖੋਲ੍ਹਿਆ ਜਾ ਸਕਦਾ ਹੈ। ਸਿਆਸੀ ਮਾਹਿਰ ਹੋਣਾ ਕੋਈ ਬੁਰਾ ਨਹੀਂ ਹੈ ਪਰ ਸ਼ਰਤ ਇਹ ਹੈ ਕਿ ਤੁਹਾਡੀ ਟਰਮਜ਼ ਐਂਡ ਕੰਡੀਸ਼ਨਜ਼ ਅਤੇ ਵੈਲਿਊਜ਼ ਪਹਿਲਾਂ ਵਾਂਗ ਹੋਣੀ ਚਾਹੀਦੀ ਹੈ, ਜਿਵੇਂ ਸਿਆਸਤ ਵਿਚ ਆਉਣ ਤੋਂ ਪਹਿਲਾਂ ਸੀ। ਸਿਆਸੀ ਮਾਹਿਰ ਹੋਣ ਤੋਂ ਬਾਅਦ ਵੀ ਇਨਸਾਨ ਦਾ ਕਿਰਦਾਰ ਨਹੀਂ ਬਦਲਣਾ ਚਾਹੀਦਾ। ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਦੀ ਪੇਸ਼ਕਸ਼ ਤੋਂ ਬਾਅਦ ਉਹ ਪਾਰਟੀ ਵਿਚ ਸ਼ਾਮਲ ਹੋਏ ਹਨ ਕਿਉਂਕਿ ਅਕਾਲੀ ਦਲ 'ਚ ਹੀ ਦਲਿਤਾਂ ਦੇ ਹਿੱਤ ਸੁਰੱਖਿਅਤ ਹਨ। ਅਕਾਲੀ ਦਲ ਨੇ ਮੈਨੂੰ ਬਹੁਤ ਵੱਡੀ ਜ਼ਿੰਮੇਵਾਰੀ ਸੌਂਪੀ ਹੈ, ਜਿਸ ਨੂੰ ਮੈਂ ਬਹੁਤ ਈਮਾਨਦਾਰੀ ਨਾਲ ਨਿਭਾਵਾਂਗਾ। ਮੈਨੂੰ ਪਾਰਟੀ ਜਿੱਥੇ ਅਤੇ ਜਿਸ ਵਿਧਾਨ ਸਭਾ ਹਲਕੇ 'ਚ ਪ੍ਰਚਾਰ ਕਰਨ ਲਈ ਭੇਜੇਗੀ, ਮੈਂ ਉਥੇ ਜਾ ਕੇ ਅਟਵਾਲ ਦੀ ਜਿੱਤ ਲਈ ਕੰਮ ਕਰਾਂਗਾ।
ਸ. : ਪੰਜਾਬ ਦੇ ਮੁੱਖ ਮੰਤਰੀ ਕੈਪ. ਅਮਰਿੰਦਰ ਸਿੰਘ ਨਾਲ ਮੁਲਾਕਾਤ ਤੋਂ ਬਾਅਦ ਵੀ ਕਾਂਗਰਸ ਜੁਆਇਨ ਕਰਕੇ ਇਨਕਾਰ ਕਿਉਂ ਕੀਤਾ?
ਜ. :
ਮੈਂ ਕਦੇ ਵੀ ਕਾਂਗਰਸ ਪਾਰਟੀ ਜੁਆਇਨ ਨਹੀਂ ਕੀਤੀ। ਲੋਕ ਸਭਾ ਚੋਣਾਂ 'ਚ ਟਿਕਟ ਵੰਡਣ ਵਿਚ ਵਾਲਮੀਕਿ/ਮਜ਼੍ਹਬੀ ਸਿੱਖ ਭਾਈਚਾਰੇ ਦੀ ਕਾਂਗਰਸ ਵਿਚ ਹੋਈ ਅਣਦੇਖੀ ਅਤੇ ਦਲਿਤ ਮੁੱਦਿਆਂ ਨੂੰ ਲੈ ਕੇ ਮੈਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਿਆ ਸੀ ਅਤੇ ਉਨ੍ਹਾਂ ਨੂੰ ਆਪਣਾ ਵਿਰੋਧ ਪ੍ਰਗਟਾਇਆ ਸੀ। ਬੈਠਕ ਤੋਂ ਬਾਹਰ ਆ ਕੇ ਮੈਨੂੰ ਮੌਕੇ 'ਤੇ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਜੇਕਰ ਮੈਂ ਕਾਂਗਰਸ 'ਚ ਸ਼ਾਮਲ ਹੋਇਆ ਤਾਂ ਆਪਣੇ ਲੋਕਾਂ ਦੀ ਰਾਏ ਅਤੇ ਉਨ੍ਹਾਂ ਨਾਲ ਹੀ ਜੁਆਇਨ ਕਰਾਂਗਾ। ਇਸ ਗੱਲ ਦਾ ਕੈਪਟਨ ਅਮਰਿੰਦਰ ਸਿੰਘ ਨੂੰ ਚੰਗੀ ਤਰ੍ਹਾਂ ਪਤਾ ਸੀ। ਮੈਂ ਉਨ੍ਹਾਂ ਨੂੰ ਜਵਾਬ ਦੇ ਚੁੱਕਾ ਸੀ। ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਲੇਟ ਪਹੁੰਚੇ ਹਨ ਅਤੇ ਉਹ ਸਾਡੀ ਹੋਈ ਗੱਲਬਾਤ ਤੋਂ ਅਣਜਾਣ ਸਨ, ਜਿਸ ਕਾਰਨ ਕਾਂਗਰਸ ਵੱਲੋਂ ਗਲਤ ਸੰਦੇਸ਼ ਮੀਡੀਆ ਨੂੰ ਦੇ ਦਿੱਤਾ ਗਿਆ।
ਸ. : ਕਾਂਗਰਸੀ ਆਗੂਆਂ 'ਚ ਤੁਹਾਨੂੰ ਪਾਰਟੀ ਜੁਆਇਨ ਕਰਵਾਉਣ ਦੀ ਜਲਦਬਾਜ਼ੀ ਕਿਉਂ ਸੀ?
ਜ. :
ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇ. ਪੀ. ਆਪਣੀ ਟਿਕਟ ਕੱਟਣ ਤੋਂ ਬਾਅਦ ਕਾਂਗਰਸ ਵੱਲੋਂ ਉਨ੍ਹਾਂ ਦੇ ਸਿਆਸੀ ਕਤਲ ਕਰਨ ਦੇ ਬਿਆਨ ਦੇ ਰਹੇ ਸਨ ਅਤੇ ਚਰਚਾਵਾਂ ਸਨ ਕਿ ਉਹ ਕਿਸੇ ਹੋਰ ਪਾਰਟੀ 'ਚ ਸ਼ਾਮਲ ਹੋ ਕੇ ਜਾਂ ਆਜ਼ਾਦ ਤੌਰ 'ਤੇ ਲੋਕ ਸਭਾ ਚੋਣ ਲੜ ਸਕਦੇ ਹਨ। ਮੇਰੇ ਖਿਆਲ ਨਾਲ ਕਾਂਗਰਸ ਨੇ ਕੇ. ਪੀ. ਨੂੰ ਇਕ ਅਸਲੀਅਤ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਜੇਕਰ ਉਹ ਨਹੀਂ ਹਨ ਤਾਂ ਸਾਡੇ ਕੋਲ ਦਲਿਤ ਆਗੂ ਚੰਦਨ ਗਰੇਵਾਲ ਹਨ, ਜਿਨ੍ਹਾਂ ਨੂੰ ਆਦਮਪੁਰ ਵਿਧਾਨ ਸਭਾ ਹਲਕੇ ਦੀ ਕਮਾਨ ਸੌਂਪੀ ਜਾਵੇਗੀ। ਮੈਂ ਸਮਝਦਾ ਹਾਂ ਕਿ ਇਹ ਕਾਂਗਰਸੀ ਆਗੂਆਂ ਦੀ ਸੋਚੀ-ਸਮਝੀ ਸਾਜ਼ਿਸ਼ ਸੀ। ਮੈਨੂੰ ਉਥੇ ਲੈ ਕੇ ਜਾਣਾ ਅਤੇ ਫਿਰ ਗੱਲ ਕਰਵਾਉਣੀ ਸੀ। ਜਿੱਥੇ ਆਪਣੇ ਕੈਮਰਾਮੈਨ ਰੱਖੇ ਸਨ, ਜਲਦਬਾਜ਼ੀ 'ਚ ਫੋਟੋ ਖਿੱਚੀ ਅਤੇ ਵਾਇਰਲ ਕਰ ਦਿੱਤੀ ਜਦ ਕਿ ਤੁਸੀਂ ਫੋਟੋ 'ਚ ਦੇਖੋ ਤਾਂ ਮੈਂ ਕਿਤੇ ਵੀ ਗਲ ਵਿਚ ਕਾਂਗਰਸ ਦਾ ਸਿਰੋਪਾਓ ਨਹੀਂ ਪਾਇਆ ਸੀ। ਕੈਪਟਨ ਅਮਰਿੰਦਰ ਸਿੰਘ ਦਾ ਮੇਰੇ ਕਾਂਗਰਸ 'ਚ ਸ਼ਾਮਲ ਹੋਣ ਦਾ ਕੋਈ ਬਿਆਨ ਨਹੀਂ ਸੀ। ਜਿਵੇਂ ਬੀਤੇ ਦਿਨ ਸੁਖਬੀਰ ਬਿਆਨ ਦੇ ਕੇ ਗਏ ਹਨ।
ਸ. : ਇਸ ਸਾਜ਼ਿਸ਼ 'ਚ ਕਿਹੜੇ-ਕਿਹੜੇ ਕਾਂਗਰਸੀ ਆਗੂ ਸ਼ਾਮਲ ਸਨ?
ਜ. :
ਮੈਂ ਸਮਝਦਾ ਹਾਂ ਕਿ ਇਸ ਸਾਜ਼ਿਸ਼ 'ਚ ਇਥੋਂ ਦੀ ਸਾਰੀ ਲੋਕਲ ਲੀਡਰਸ਼ਿਪ ਸ਼ਾਮਲ ਸੀ, ਜਿਨ੍ਹਾਂ ਵਿਚ ਮੁੱਖ ਤੌਰ 'ਤੇ ਵਿਧਾਇਕ ਰਾਜਿੰਦਰ ਬੇਰੀ, ਮੇਅਰ ਜਗਦੀਸ਼ ਰਾਜ ਰਾਜਾ ਅਤੇ ਇਕ-ਦੋ ਹੋਰ ਸਾਥੀ ਸਨ ਜੋ ਇਸ ਸਾਰੇ ਕੰਮ ਨੂੰ ਅੰਜਾਮ ਦੇਣ 'ਚ ਲੱਗੇ ਹੋਏ ਸਨ ਪਰ ਉਹ ਆਪਣੀ ਸਾਜ਼ਿਸ਼ 'ਚ ਸਫਲ ਨਹੀਂ ਹੋ ਸਕੇ।
ਸ. : ਚਰਚਾ ਹੈ ਕਿ ਚੰਦਨ ਦੀ ਕਾਂਗਰਸ ਨਾਲ ਡੀਲ ਫਾਈਨਲ ਨਹੀਂ ਹੋਈ ਸੀ?
ਜ. :
ਇਸ ਨੂੰ ਕਿਸ ਤਰ੍ਹਾਂ ਨਾਲ ਡੀਲ ਕਹਿ ਸਕਦੇ ਹਾਂ। ਅਸੀਂ ਸਿਆਸਤ 'ਚ ਆਪਣੀ ਹਿੱਸੇਦਾਰੀ ਮੰਗਦੇ ਹਾਂ। ਰਾਜਾ (ਮੁੱਖ ਮੰਤਰੀ) ਨੇ ਆਪਣੀ ਜੇਬ 'ਚੋਂ ਕੁਝ ਨਹੀਂ ਦੇਣਾ ਸੀ। ਵਾਲਮੀਕਿ ਤੇ ਮਜ਼੍ਹਬੀ ਸਮਾਜ ਪਾਰਟੀ ਤੋਂ ਸਿਰਫ ਆਪਣਾ ਹੱਕ ਮੰਗ ਰਿਹਾ ਸੀ ਅਤੇ ਕਾਂਗਰਸ ਨੇ ਭਾਈਚਾਰੇ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ। ਕਾਂਗਰਸ ਨੇ ਪੰਜਾਬ ਦੀਆਂ 4 ਰਿਜ਼ਰਵ ਲੋਕ ਸਭਾ ਸੀਟਾਂ ਵਿਚੋਂ 2 ਸੀਟਾਂ ਵਾਲਮੀਕਿ/ਮਜ਼੍ਹਬੀ ਸਮਾਜ ਨੂੰ ਦੇਣ ਦਾ ਵਾਅਦਾ ਕੀਤਾ ਸੀ ਪਰ ਵਾਅਦੇ ਤੋਂ ਮੁਕਰ ਕੇ ਉਨ੍ਹਾਂ ਨੇ ਸਮਾਜ ਦੀ ਪਿੱਠ ਵਿਚ ਛੁਰਾ ਮਾਰਿਆ ਹੈ, ਜਿਸ ਨੂੰ ਕਦੇ ਮੁਆਫ ਨਹੀਂ ਕੀਤਾ ਜਾ ਸਕਦਾ।
ਸ : ਚਰਨਜੀਤ ਅਟਵਾਲ ਅਤੇ ਸੰਤੋਖ ਚੌਧਰੀ ਦੇ ਮੁਕਾਬਲੇ ਨੂੰ ਕਿਸ ਤਰ੍ਹਾਂ ਵੇਖਦੇ ਹੋ?
:
ਪਹਿਲੀ ਗੱਲ ਤਾਂ ਇਹ ਹੈ ਕਿ ਅਕਾਲੀ ਦਲ-ਭਾਜਪਾ ਗੱਠਜੋੜ ਉਮੀਦਵਾਰ ਚਰਨਜੀਤ ਅਟਵਾਲ ਅਤੇ ਕਾਂਗਰਸੀ ਉਮੀਦਵਾਰ ਸੰਤੋਖ ਚੌਧਰੀ ਵਿਚਾਲੇ ਜੇਕਰ ਕੋਈ ਕੰਪੈਰੀਜ਼ਨ ਕਰਦਾ ਹੈ ਜਾਂ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਮੇਰੇ ਲਈ ਬੜੀ ਹਾਸੇ ਵਾਲੀ ਗੱਲ ਹੈ ਕਿਉਂਕਿ ਚੌਧਰੀ ਦੇ ਕਿਰਦਾਰ ਅਤੇ ਅਟਵਾਲ ਸਾਹਿਬ ਦੇ ਕਿਰਦਾਰ ਬਾਰੇ ਸਾਰੇਲੋਕਾਂ ਨੂੰ ਪਤਾ ਹੈ। ਅਟਵਾਲ ਦਾ ਜੋ ਅਕਸ ਹੈ, ਉਸ ਨੂੰ ਪੂਰੀ ਦੁਨੀਆ ਜਾਣਦੀ ਹੈ ਅਤੇ ਕਿਰਦਾਰ ਦੇ ਮਾਮਲੇ 'ਚ ਮੇਰੇ ਖਿਆਲ 'ਚ ਉਹ ਚੌਧਰੀ ਨਾਲੋਂ ਬਹੁਤ ਉੱਚੇ ਹਨ। ਸਾਦਗੀ ਅਤੇ ਈਮਾਨਦਾਰੀ ਦੇ ਮਾਮਲੇ 'ਚ ਅਟਵਾਲ ਜਨਤਾ ਵਿਚ ਖਾਸੇ ਹਰਮਨਪਿਆਰੇ ਹੋ ਰਹੇ ਹਨ, ਜਦਕਿ ਸੰਤੋਖ ਚੌਧਰੀ ਖਿਲਾਫ ਰੋਜ਼ਾਨਾ ਕਿਤੇ ਨਾ ਕਿਤੇ ਸਮਾਜ ਦੇ ਹਰ ਵਰਗ ਵੱਲੋਂ ਵਿਰੋਧ ਜਤਾਇਆ ਜਾ ਰਿਹਾ ਹੈ।
ਸ : ਸੰਤੋਖ ਚੌਧਰੀ ਦਾ ਪਰਿਵਾਰ ਕਈ ਦਹਾਕਿਆਂ ਤੋਂ ਦਲਿਤ ਸਮਾਜ ਦੀ ਸੇਵਾ ਕਰ ਰਿਹਾ ਹੈ?
ਜ :
ਸਹੀ ਹੈ ਕਿ ਸੰਤੋਖ ਚੌਧਰੀ ਪਰਿਵਾਰ ਨੇ ਦਲਿਤ ਸਮਾਜ ਦੀ ਬਹੁਤ ਸੇਵਾ ਕੀਤੀ ਹੈ ਅਤੇ ਸ਼ਾਇਦ ਦਲਿਤ ਸਮਾਜ ਉਨ੍ਹਾਂ ਦੇ ਘਰ ਦੇ ਵਿਚਾਲੇ ਹੀ ਖਤਮ ਹੋ ਜਾਂਦਾ ਹੈ। ਉਹ ਬਾਹਰ ਨਿਕਲ ਕੇ ਵੇਖਣਾ ਵੀ ਨਹੀਂ ਚਾਹੁੰਦੇ ਕਿ ਦਲਿਤ ਸਮਾਜ ਕਹਿੰਦੇ ਕਿਸ ਨੂੰ ਹਨ। ਪੀੜ੍ਹੀ-ਦਰ-ਪੀੜ੍ਹੀ ਰਾਖਵੇਂਕਰਨ ਦਾ ਲਾਭ ਲੈ ਕੇ ਰਾਖਵੇਂਕਰਨ ਦੀ ਗੱਲ ਨਹੀਂ ਕਰਦੇ। ਸਾਲਾਂ ਤੋਂ ਇਨ੍ਹਾਂ ਪਰਿਵਾਰਾਂ 'ਚ ਹੀ ਟਿਕਟਾਂ ਵੰਡੀਆਂ ਜਾ ਰਹੀਆਂ ਹਨ। ਕਦੇ ਪਿਤਾ, ਕਦੇ ਪੁੱਤਰ, ਪਤਨੀ, ਭਤੀਜਾ, ਪਾਰਟੀ ਨੂੰ ਕੋਈ ਦਲਿਤ ਦਿਖਾਈ ਨਹੀਂ ਦਿੰਦਾ। ਜੇਕਰ ਚੌਧਰੀ ਪਰਿਵਾਰ ਨੇ ਦਲਿਤਾਂ ਲਈ ਕੁਝ ਕੀਤਾ ਹੁੰਦਾ ਤਾਂ ਅੱਜ ਦਲਿਤਾਂ ਦੇ ਬੱਚੇ ਪੇਟ ਭਰ ਕੇ ਖਾਣਾ ਖਾ ਰਹੇ ਹੁੰਦੇ। ਕੀ ਦਲਿਤ ਸਮਾਜ ਉਸਨੂੰ ਕਹਿੰਦੇ ਹਨ ਜੋ 800 ਰੁਪਏ ਵਿਚ ਠੇਕੇ 'ਤੇ ਨੌਕਰੀਆਂ ਕਰੇ, ਉਨ੍ਹਾਂ ਕੋਲੋਂ 24-24 ਘੰਟੇ ਕੰਮ ਕਰਵਾਇਆ ਜਾਂਦਾ ਹੈ, ਉਨ੍ਹਾਂ ਦਾ ਸਰੀਰਕ ਸ਼ੋਸ਼ਣ ਕੀਤਾ ਜਾਂਦਾ ਹੈ ਤੇ ਕਈ ਤਰ੍ਹਾਂ ਦੇ ਮਾਨਸਿਕ ਤਸੀਹੇ ਉਨ੍ਹਾਂ ਨੂੰ ਦਿੱਤੇ ਜਾਂਦੇ ਹਨ। ਅਜਿਹੇ ਲੋਕ ਇਨ੍ਹਾਂ ਨੂੰ ਦਲਿਤ ਨਹੀਂ ਲੱਗਦੇ। ਜਿਨ੍ਹਾਂ ਲੋਕਾਂ ਨੇ ਸਾਰੀ ਉਮਰ ਆਪਣੇ ਸਿਰ 'ਤੇ ਲੋਕਾਂ ਦੀ ਗੰਦਗੀ ਢੋਈ, ਉਹ ਦਲਿਤ ਨਹੀਂ ਹਨ, ਸਿਰਫ ਉਹ ਦਲਿਤ ਹਨ, ਜਿਨ੍ਹਾਂ ਦੀਆਂ ਕਰੋੜਾਂ-ਅਰਬਾਂ ਦੀਆਂ ਜਾਇਦਾਦਾਂ ਹਨ, ਜਿਨ੍ਹਾਂ ਦੇ ਨਾਜਾਇਜ਼ ਮਾਈਨਿੰਗ ਦੇ ਕੰਮ ਚੱਲਦੇ ਹਨ, ਜਿਨ੍ਹਾਂ ਦੇ ਹੋਰ ਕਈ ਤਰ੍ਹਾਂ ਦੇ ਬਿਜ਼ਨੈੱਸ ਹਨ, ਸਟਿੰਗ 'ਚ ਫਸਦੇ ਹਨ ਅਤੇ ਆਪਣੇ-ਆਪ ਨੂੰ ਮਹਾਨ ਦਲਿਤ ਲੀਡਰ ਮੰਨ ਕੇ ਬੈਠੇ ਹੋਏ ਹਨ। ਸਮੁੱਚਾ ਦਲਿਤ ਸਮਾਜ ਅਕਾਲੀ ਦਲ ਦੇ ਨਾਲ ਹੋਵੇਗਾ, ਜਦਕਿ ਚੌਧਰੀ ਸੰਤੋਖ ਸਿੰਘ ਅਤੇ ਕਾਂਗਰਸ ਨੂੰ ਕੋਈ ਵੋਟ ਨਹੀਂ ਪਾਵੇਗਾ।
ਸ : ਕਾਂਗਰਸ ਹਾਈਕਮਾਨ ਸਟਿੰਗ 'ਤੇ ਚੌਧਰੀ ਨੂੰ ਕਲੀਨ ਚਿੱਟ ਦੇ ਚੁੱਕੀ ਹੈ?
ਜ :
ਪੂਰੀ ਦੁਨੀਆ ਨੂੰ ਪਤਾ ਹੈ ਕਿ ਸਟਿੰਗ 'ਚ ਬੈਗ ਫੜਵਾਇਆ ਗਿਆ, ਸੰਤੋਖ ਚੌਧਰੀ ਨੇ ਖੁਦ ਮੰਨਿਆ ਕਿ ਮੋਦੀ ਸਰਕਾਰ ਆਉਣ ਤੋਂ ਬਾਅਦ ਗਲਤ ਕੰਮ ਬੰਦ ਹੋਏ ਹਨ। ਉਨ੍ਹਾਂ ਨੇ ਖੁਫੀਆ ਕੈਮਰੇ ਦੇ ਸਾਹਮਣੇ ਨਿਵੇਸ਼ ਕਰਨ ਦੀ ਗੱਲ ਮੰਨੀ ਹੈ। ਉਸੇ ਸਟਿੰਗ ਦੀ ਵਜ੍ਹਾ ਕਾਰਨ ਕੈਪਟਨ ਅਮਰਿੰਦਰ ਸਰਕਾਰ ਨੇ ਚੌਧਰੀ ਨੂੰ ਦੁਬਾਰਾ ਟਿਕਟ ਦਿੱਤੀ ਹੈ ਕਿਉਂਕਿ ਜੇਕਰ ਟਿਕਟ ਕੱਟ ਦਿੰਦੇ ਤਾਂ ਸਿੱਧ ਹੋ ਜਾਣਾ ਸੀ ਕਿ ਚੌਧਰੀ ਸਾਹਿਬ ਨੇ ਪੈਸੇ ਮੰਗੇ ਹਨ।
ਸ : ਅਕਾਲੀ ਦਲ ਅਤੇ ਭਾਜਪਾ ਦੇ ਵਿਰੋਧ ਨਾ ਕਰਨ ਤੋਂ ਬਾਅਦ ਸਟਿੰਗ ਦਾ ਮਾਮਲਾ ਠੰਡਾ ਪੈ ਚੁੱਕਿਆ ਹੈ?
ਜ :
ਸਟਿੰਗ ਦਾ ਮੁੱਦਾ ਠੰਡਾ ਨਹੀਂ ਪਿਆ, ਇਸ਼ੂ ਤਾਂ ਸਦੀਆਂ ਪੁਰਾਣਾ ਬਾਹਰ ਨਿਕਲ ਜਾਂਦਾ ਹੈ। ਮੈਂ ਸਮਝਦਾ ਹਾਂ ਕਿ ਦੇਸ਼ ਦੀਆਂ ਇੰਨੀਆਂ ਮਹੱਤਵਪੂਰਨ ਚੋਣਾਂ ਹਨ, ਇਨ੍ਹਾਂ ਚੋਣਾਂ ਵਿਚ ਜੇਕਰ ਕੋਈ ਇਸ ਗੱਲ ਦੀ ਚਰਚਾ ਨਹੀਂ ਹੁੰਦੀ ਕਿ ਸਾਡਾ ਨੁਮਾਇੰਦਾ ਕਿਹੋ ਜਿਹਾ ਹੈ, ਉਸ ਦਾ ਕਿਰਦਾਰ ਕਿਹੋ ਜਿਹਾ ਹੈ ਅਤੇ ਉਹ ਕਿਹੋ-ਜਿਹੇ ਲੈਣ-ਦੇਣ ਲੋਕਾਂ ਨਾਲ ਕਰਦਾ ਹੈ, ਜੇਕਰ ਅਜਿਹੇ ਸਟਿੰਗ ਦੇਖ ਕੇ ਵੀ ਨਾ ਸਮਝਣ ਤਾਂ ਲੋਕਾਂ ਨੂੰ ਅਜਿਹੇ ਲੀਡਰਾਂ ਤੋਂ ਭਗਵਾਨ ਵੀ ਨਹੀਂ ਬਚਾ ਸਕਦਾ। ਸਟਿੰਗ ਮਾਮਲੇ ਦੀ ਪੂਰੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ।
ਸ : ਸੰਤੋਖ ਚੌਧਰੀ ਕਹਿੰਦੇ ਹਨ ਕਿ ਦੋਆਬਾ ਅਤੇ ਉਨ੍ਹਾਂ ਦੇ ਹਲਕੇ ਵਿਚ ਜਾ ਕੇ ਉਨ੍ਹਾਂ ਦੀ ਈਮਾਨਦਾਰੀ ਬਾਰੇ ਪੁੱਛ ਲਓ?
ਜ :
ਚੌਧਰੀ ਸਾਹਿਬ ਸ਼ਾਇਦ ਹਲਕਾ ਫਿਲੌਰ ਦੀ ਹੀ ਗੱਲ ਕਰਦੇ ਹਨ ਕਿ ਫਿਲੌਰ ਵਿਚੋਂ ਪੁੱਛ ਲਓ ਕਿਉਂਕਿ ਬਾਕੀ ਹਲਕਿਆਂ ਨੂੰ ਤਾਂ ਇਨ੍ਹਾਂ ਨੇ ਕਦੇ ਆਪਣੇ ਹਲਕੇ ਮੰਨਿਆ ਹੀ ਨਹੀਂ। ਪਿਛਲੇ ਦਿਨਾਂ ਦੀਆਂ ਮੀਡੀਆ ਦੀਆਂ ਸੁਰਖੀਆਂ ਹੀ ਦੇਖ ਲਓ ਕਿ ਜਿਸ ਗੰਨਾ ਪਿੰਡ ਨੂੰ ਚੌਧਰੀ ਨੇ ਗੋਦ ਲਿਆ ਹੋਇਆ ਹੈ, ਉਥੋਂ ਦੇ 5-7 ਨੌਜਵਾਨ ਚਿੱਟਾ ਪੀ ਕੇ ਮਰ ਗਏ। ਉਹ ਕਿਸ ਹਲਕੇ ਦੀ ਗੱਲ ਕਰ ਰਹੇ ਹਨ, ਇਹ ਸੋਚਣ ਵਾਲੀ ਗੱਲ ਹੈ।
ਸ : ਸੰਸਦ ਮੈਂਬਰ ਚੌਧਰੀ ਦਾਅਵਾ ਕਰਦੇ ਹਨ ਕਿ ਉਨ੍ਹਾਂ ਨੇ ਜਲੰਧਰ ਦੇ ਵਿਕਾਸ ਲਈ ਬਹੁਤ ਕੰਮ ਕੀਤੇ ਹਨ?
ਜ :
ਅਸੀਂ ਸਾਰੇ ਸੜਕਾਂ 'ਤੇ ਨਿਕਲੀਏ ਤਾਂ ਪਤਾ ਲੱਗ ਜਾਵੇਗਾ ਕਿ ਉਨ੍ਹਾਂ ਨੇ ਕਿੰਨਾ ਵਿਕਾਸ ਕੀਤਾ ਹੈ। ਸੜਕਾਂ ਦੀ ਮਾੜੀ ਹਾਲਤ, ਸੀਵਰੇਜ, ਸਟ੍ਰੀਟ ਲਾਈਟ ਵਿਵਸਥਾ ਚਰਮਰਾਈ ਹੋਈ ਹੈ। ਨਗਰ ਨਿਗਮ ਕਰਮਚਾਰੀ ਤਨਖਾਹ ਲੈਣ ਲਈ ਨਿਗਮ ਦੇ ਦਰਵਾਜ਼ੇ 'ਤੇ ਬੈਠ ਕੇ ਰੋਸ ਧਰਨੇ ਦਿੰਦੇ ਹਨ। ਅਜਿਹਾ ਕੋਈ ਇਕ ਵੀ ਪ੍ਰਾਜੈਕਟ ਦੱਸਣ ਜੋ ਚੌਧਰੀ ਜੀ ਲੈ ਕੇ ਆਏ ਹਨ। ਜਲੰਧਰ ਦੀ ਬਿਹਤਰੀ ਲਈ ਉਨ੍ਹਾਂ ਨੇ ਪ੍ਰਾਜੈਕਟ ਤਾਂ ਕੀ ਲਿਆਉਣਾ ਹੈ, ਉਹ ਤਾਂ ਸਾਢੇ 4 ਸਾਲਾਂ ਤੋਂ ਕਿਸੇ ਨੂੰ ਨਜ਼ਰ ਵੀ ਨਹੀਂ ਆਏ। ਲੋਕ ਸਭਾ ਚੋਣਾਂ ਦੀ ਮਜਬੂਰੀ ਕਾਰਨ ਉਹ ਸਿਰਫ ਪਿਛਲੇ 6 ਮਹੀਨਿਆਂ ਤੋਂ ਹੀ ਲੋਕਾਂ ਦਰਮਿਆਨ ਆਉਣਾ ਸ਼ੁਰੂ ਹੋਏ ਹਨ। ਨਹੀਂ ਤਾਂ ਉਹ ਪੁੱਤਰ ਮੋਹ ਵਿਚ ਸਿਰਫ ਫਿਲੌਰ ਹਲਕੇ ਤੱਕ ਹੀ ਸੀਮਤ ਰਹਿ ਚੁੱਕੇ ਹਨ। ਇਨ੍ਹਾਂ ਨੇ ਕੀ ਕੰਮ ਕੀਤੇ ਹਨ, ਉਹ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਕੇ ਰੱਖ ਦੇਵਾਂਗੇ। ਖੁੱਲ੍ਹੀ ਬਹਿਸ ਕਰਨ।
ਸ : ਕਾਂਗਰਸ ਦੇ ਮੁਕਾਬਲੇ ਅਕਾਲੀ ਦਲ ਨੇ ਦਲਿਤਾਂ ਲਈ ਕੀ ਕੀਤਾ?
ਜ :
ਜਲੰਧਰ ਦੀ ਹੀ ਗੱਲ ਕਰ ਲਓ, ਕੈਪਟਨ ਅਮਰਿੰਦਰ ਦੀ 2002 ਦੀ ਸਰਕਾਰ ਦੌਰਾਨ ਕਾਂਗਰਸ ਨੇ ਮੁਹੱਲਾ ਸੈਨੀਟੇਸ਼ਨ ਕਮੇਟੀਆਂ ਦਾ ਗਠਨ ਕੀਤਾ। ਕਾਂਗਰਸੀ ਉਮੀਦਵਾਰ ਸੰਤੋਖ ਚੌਧਰੀ ਦੇ ਭਰਾ ਸਵ. ਚੌਧਰੀ ਜਗਜੀਤ ਸਿੰਘ ਲੋਕਲ ਬਾਡੀਜ਼ ਮਨਿਸਟਰ ਸਨ, ਜਿਨ੍ਹਾਂ ਨੇ 800-800 ਰੁਪਏ ਵਿਚ ਕੱਚੇ ਸਫਾਈ ਸੇਵਕਾਂ ਦੀ ਭਰਤੀ ਪ੍ਰਕਿਰਿਆ ਨੂੰ ਸ਼ੁਰੂ ਕਰਵਾਇਆ, ਜਿਸ ਨਾਲ ਦਲਿਤਾਂ ਦਾ ਖੂਬ ਸ਼ੋਸ਼ਣ ਹੋਇਆ। ਪੰਜਾਬ ਸਫਾਈ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਦੇ ਤੌਰ 'ਤੇ ਉਨ੍ਹਾਂ ਨੇ ਸਾਥੀਆਂ ਦੇ ਨਾਲ ਕੈਪਟਨ ਸਰਕਾਰ ਖਿਲਾਫ ਸੰਘਰਸ਼ ਚਲਾਇਆ। 2007 ਦੇ ਬਾਅਦ ਸੱਤਾ ਵਿਚ ਆਈ ਬਾਦਲ ਸਰਕਾਰ ਨੇ ਸ਼ਲਾਘਾਯੋਗ ਕੰਮ ਕੀਤੇ ਹਨ।
ਸ : ਸੰਸਦ ਮੈਂਬਰ ਚੌਧਰੀ ਦਾ ਨਿਗਮ ਯੂਨੀਅਨ ਦੇ ਬੈਨਰ ਹੇਠ ਤੁਸੀਂ ਪਹਿਲਾਂ ਵੀ ਵਿਰੋਧ ਕਰਦੇ ਰਹੇ ਹੋ?
ਜ :
ਨਗਰ ਨਿਗਮ ਦੇ ਵਾਰਡਾਂ ਦੀ ਗਿਣਤੀ ਨੂੰ 65 ਤੋਂ ਵਧਾ ਕੇ 80 ਕੀਤਾ ਗਿਆ ਹੈ। 15 ਵਾਰਡ ਤਾਂ ਵਧ ਗਏ ਪਰ ਸਫਾਈ ਕਰਮਚਾਰੀਆਂ ਦੀ ਭਰਤੀ ਨਹੀਂ ਕੀਤੀ ਗਈ, ਜਿਸ ਵਿਚ ਸ਼ਹਿਰ ਵਾਸੀਆਂ ਨੂੰ ਕੂੜੇ ਦੇ ਢੇਰ, ਸੀਵਰੇਜ ਵਿਵਸਥਾ ਸਣੇ ਹੋਰ ਵਿਵਸਥਾਵਾਂ ਨਾਲ ਜੂਝਣਾ ਪੈ ਰਿਹਾ ਹੈ। ਸੰਸਦ ਮੈਂਬਰ ਸੰਤੋਖ ਚੌਧਰੀ ਨੇ ਚੋਣਾਂ ਨੂੰ ਵੇਖਦੇ ਹੋਏ ਨਗਰ ਨਿਗਮ ਵਿਚ 50 ਸਫਾਈ ਕਰਮਚਾਰੀ ਠੇਕੇ 'ਤੇ ਰੱਖੇ ਤਾਂ ਕਿ ਉਨ੍ਹਾਂ ਦੀਆਂ ਚੋਣਾਂ ਪ੍ਰਭਾਵਿਤ ਨਾ ਹੋਣ। ਅਸੀਂ ਵਿਰੋਧ ਕੀਤਾ ਕਿਉਂਕਿ ਠੇਕੇਦਾਰੀ ਪ੍ਰਥਾ ਨੂੰ ਹੱਲਾਸ਼ੇਰੀ ਦੇਣ ਦੀਆਂ ਚੌਧਰੀ ਦੀਆਂ ਕੋਸਿਸ਼ਾਂ ਦਾ ਨਿਗਮ ਯੂਨੀਅਨ ਨੇ ਡਟ ਕੇ ਵਿਰੋਧ ਕੀਤਾ ਸੀ। ਜੇਕਰ ਚੌਧਰੀ ਸ਼ਹਿਰ ਵਾਸੀਆਂ ਅਤੇ ਦਲਿਤਾਂ ਦੇ ਇੰਨੇ ਹੀ ਹਿਤੈਸ਼ੀ ਹਨ ਤਾਂ ਜ਼ਰੂਰਤ ਦੇ ਅਨੁਸਾਰ ਕਰਮਚਾਰੀ ਪੱਕੇ ਤੌਰ 'ਤੇ ਰੱਖਣੇ ਚਾਹੀਦੇ ਸਨ।
ਸ : ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਪੈਸਾ ਮੋਦੀ ਸਰਕਾਰ ਨੇ ਰੋਕਿਆ, ਸੰਸਦ ਮੈਂਬਰ ਚੌਧਰੀ ਨੇ ਲੋਕ ਸਭਾ ਵਿਚ ਉਠਾਇਆ ਸੀ ਮਾਮਲਾ?
ਜ :
ਸੰਸਦ ਮੈਂਬਰ ਸੰਤੋਖ ਚੌਧਰੀ ਨੂੰ ਕਾਲਜਾਂ ਵਿਚ ਜਾ ਕੇ ਸਰਵੇ ਕਰਨਾ ਚਾਹੀਦਾ ਹੈ। ਆਪਣੀ ਕੋਠੀ 'ਚੋਂ ਗੰਨਮੈਨਾਂ ਅਤੇ ਲਾਮ-ਲਸ਼ਕਰ ਨਾਲ ਨਿਕਲਣ ਦੀ ਬਜਾਏ ਕਾਲਜਾਂ ਵਿਚ ਜਾ ਕੇ ਉਨ੍ਹਾਂ ਦਲਿਤ ਵਿਦਿਆਰਥੀਆਂ ਨੂੰ ਮਿਲਦੇ, ਜਿਨ੍ਹਾਂ ਨੂੰ ਪ੍ਰਾਈਵੇਟ ਕਾਲਜਾਂ ਵਿਚ ਨਾ ਤਾਂ ਦਾਖਲਾ ਦਿੱਤਾ ਜਾ ਰਿਹਾ ਹੈ ਅਤੇ ਨਾ ਹੀ ਫੀਸ ਜਮ੍ਹਾ ਹੋਣ ਤੱਕ ਰੋਲ ਨੰਬਰ ਮਿਲ ਰਿਹਾ ਹੈ। ਚੌਧਰੀ ਕਾਲਜਾਂ ਤੇ ਸਿੱਖਿਆ ਸੰਸਥਾਵਾਂ ਦੇ ਪ੍ਰਿੰਸੀਪਲਾਂ ਅਤੇ ਪ੍ਰਬੰਧਕਾਂ ਨੂੰ ਮਿਲਣ ਤਾਂ ਇਨ੍ਹਾਂ ਨੂੰ ਪਤਾ ਲੱਗੇਗਾ ਕਿ ਉਹ ਕਿਸ ਤਰ੍ਹਾਂ ਸਰਕਾਰ ਨੂੰ ਸਕੀਮ ਦਾ ਪੈਸਾ ਜਾਰੀ ਕਰਨ ਨੂੰ ਲੈ ਕੇ ਮੰਗ ਪੱਤਰ ਦੇ ਰਹੇ ਹਨ। ਚੌਧਰੀ ਨੇ ਤਾਂ ਅਜਿਹੀ ਐਨਕ ਪਾਈ ਹੋਈ ਹੈ, ਜਿਸ ਨਾਲ ਉਨ੍ਹਾਂ ਨੂੰ ਚਾਰੇ ਪਾਸੇ ਸੁੱਖ ਨਜ਼ਰ ਆਉਂਦਾ ਹੈ ਅਤੇ ਹਰ ਪਾਸੇ ਹਰਿਆਲੀ ਨਜ਼ਰ ਆਉਂਦੀ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਜਦੋਂ ਤੋਂ ਕਾਂਗਰਸ ਦੀ ਸਰਕਾਰ ਆਈ ਹੈ, ਉਦੋਂ ਤੋਂ ਪੰਜਾਬ ਵਿਚ ਕੋਈ ਦੁੱਖ ਨਹੀਂ ਹੈ। ਉਨ੍ਹਾਂ ਦੇ ਮੰਤਰੀ ਵਲੋਂ ਸੰਸਥਾਵਾਂ ਨੂੰ ਸਕਾਲਰਸ਼ਿਪ ਦਾ ਪੈਸਾ ਰਿਲੀਜ਼ ਕਰਨ ਨੂੰ ਲੈ ਕੇ ਤੈਅ ਕੀਤੀਆਂ ਗਈਆਂ ਕਮਿਸ਼ਨਾਂ ਦਾ ਮਾਮਲਾ ਆਖਿਰ ਕਿਉਂ ਨਹੀਂ ਦਿਖਾਈ ਦਿੱਤਾ।
ਸ : ਕੈਪਟਨ ਅਮਰਿੰਦਰ ਸਰਕਾਰ ਦਾ ਦਾਅਵਾ, ਚੋਣ ਵਾਅਦਿਆਂ ਨੂੰ ਦਿੱਤਾ ਅਮਲੀਜਾਮਾ?
ਜ :
2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਨੂੰ ਹੱਥ ਵਿਚ ਫੜ ਕੇ ਸਹੁੰ ਖਾਧੀ ਸੀ ਕਿ ਉਹ 4 ਹਫਤੇ ਵਿਚ ਪੰਜਾਬ 'ਚੋਂ ਨਸ਼ਿਆਂ ਨੂੰ ਖਤਮ ਕਰਨਗੇ। ਅੱਜ ਸਵਾ 2 ਸਾਲ ਹੋ ਚੁੱਕੇ ਹਨ। ਨਸ਼ਾ ਧੜੱਲੇ ਨਾਲ ਵਿਕ ਰਿਹਾ ਹੈ, ਕਿਸਾਨਾਂ ਦੇ ਪੂਰੇ ਕਰਜ਼ੇ ਮੁਆਫ ਨਹੀਂ ਹੋਏ, ਘਰ-ਘਰ ਨੌਕਰੀ ਦੇਣ ਦਾ ਦਾਅਵਾ ਪਰ ਨਾ ਤਾਂ ਨੌਜਵਾਨਾਂ ਨੂੰ ਨੌਕਰੀ ਮਿਲੀ ਅਤੇ ਨਾ ਹੀ ਬੇਰੋਜ਼ਗਾਰੀ ਭੱਤਾ।
ਸ਼ਗਨ ਸਕੀਮ, ਪੈਨਸ਼ਨ ਸਕੀਮ, ਆਟਾ-ਦਾਲ ਨਾਲ ਚਾਹਪੱਤੀ ਦੇਣ, ਨੌਜਵਾਨਾਂ ਨੂੰ ਸਮਾਰਟਫੋਨ ਦੇਣ ਵਰਗੇ ਸੈਂਕੜੇ ਵਾਅਦੇ ਹਨ ਜੋ ਝੂਠੇ ਸਾਬਿਤ ਹੋਏ ਹਨ। ਮੇਰਾ ਮੰਨਣਾ ਹੈ ਕਿ ਕਿਸੇ ਵੀ ਸਿਆਸੀ ਪਾਰਟੀ ਦੀ ਸਰਕਾਰ ਹੋਵੇ, ਉਹ ਲਾਅਰੇ ਲਾਉਣ ਦੀ ਬਜਾਏ ਲੋਕਾਂ ਨੂੰ ਬੇਸਿਕ ਸਹੂਲਤਾਂ ਪ੍ਰਦਾਨ ਕਰੇ। ਪੰਜਾਬ ਵਿਚ ਸਰਕਾਰੀ ਕਰਮਚਾਰੀ ਅੱਜ ਸੜਕਾਂ 'ਤੇ ਹਨ ਤੇ ਅਧਿਆਪਕਾਂ 'ਤੇ ਕੈਪਟਨ ਸਰਕਾਰ ਨੇ ਡੰਡੇ ਵਰ੍ਹਾਏ ਅਤੇ ਪਾਣੀ ਦੀਆਂ ਵਾਛੜਾਂ ਕਰ ਦਿੱਤੀਆਂ, ਆਂਗਣਵਾੜੀ ਵਰਕਰ ਰੋਜ਼ ਪ੍ਰਦਰਸ਼ਨ ਕਰ ਰਹੇ ਹਨ। ਕਰਮਚਾਰੀਆਂ ਨੂੰ ਠੇਕੇ 'ਤੇ ਲਾ ਕੇ ਕਾਂਗਰਸ ਸਰਕਾਰ ਪਤਾ ਨਹੀਂ ਕਿਹੜੇ ਪੰਜਾਬ ਦਾ ਵਿਕਾਸ ਕਰਵਾ ਰਹੀ ਹੈ। ਇੰਨੀਆਂ ਝੂਠੀਆਂ ਗੱਲਾਂ ਕਰਨ ਵਾਲੇ ਲੋਕ ਬਖਸ਼ੇ ਨਹੀਂ ਜਾਣਗੇ।


Related News