ਕੇਂਦਰ ਦੀ ਮੋਦੀ ਸਰਕਾਰ ਕਿਸਾਨ ਵਿਰੋਧੀ : ਸੱਚਰ

Wednesday, Jun 17, 2020 - 11:16 PM (IST)

ਅੰਮ੍ਰਿਤਸਰ, (ਵਾਲੀਆ)- ਕੇਂਦਰ ਦੀ ਮੋਦੀ ਸਰਕਾਰ ਨੇ ਇਕ ਵਾਰ ਫਿਰ ਕਿਸਾਨਾਂ ਦੀਆਂ ਫਸਲਾਂ ਦੇ ਮੰਡੀਕਰਨ ਸਬੰਧੀ ਪਿਛਲੇ 65 ਸਾਲਾਂ ਦੇ ਚਲ ਰਹੇ ਕੰਮ-ਕਾਜ ’ਚ ਵਿਘਨ ਪਾਕੇ ਆਰਡੀਨੈਂਸ ਜਾਰੀ ਕਰ ਕੇ ਆਪਣਾ ਕਿਸਾਨ ਵਿਰੋਧੀ ਚਿਹਰਾ ਨੰਗਾ ਕਰ ਦਿੱਤਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲਾ ਕਾਂਗਰਸ ਕਮੇਟੀ ਅੰਮ੍ਰਿਤਸਰ ਦਿਹਾਤੀ ਦੇ ਪ੍ਰਧਾਨ ਭਗਵੰਤ ਪਾਲ ਸਿੰਘ ਸੱਚਰ ਨੇ ਮਜੀਠਾ ਹਲਕੇ ਦੇ ਪਿੰਡ ਘਨਸ਼ਾਹਪੁਰ ਵਿਖੇ ਸਮੁੱਚੀ ਪੰਚਾਇਤ ਨੂੰ ਕਾਂਗਰਸ ਨਾਲ ਜੋੜਨ ਮੌਕੇ ਕੀਤਾ। ਸੱਚਰ ਨੇ ਕਿਹਾ ਕਿ ਪੰਜਾਬ ਦਾ ਕਿਸਾਨ ਦੇਸ਼ ਦੇ ਅੰਨ ਭੰਡਾਰ ’ਚ ਕਣਕ ਅਤੇ ਚੌਲ ਵਿਚ ਚਾਲੀ ਪ੍ਰਤੀਸ਼ਤ ਹਿੱਸਾ ਪਾਉਂਦਾ ਹੈ ਪਰ ਇਸ ਮੋਦੀ ਸਰਕਾਰ ਨੇ ਪਹਿਲਾਂ ਹੀ ਲਿਤਾੜੇ ਹੋਏ ਕਿਸਾਨ ਦਾ, ਫਸਲਾਂ ਦਾ ਗਲਤ ਮੰਡੀਕਰਨ ਕਰ ਕੇ ਕਚੂੰਮਰ ਕੱਢ ਦਿੱਤਾ ਹੈ ਜੋ ਕਾਂਗਰਸ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਕਿਸਾਨ ਹਿਤੈਸ਼ੀ ਅਖਵਾਉਣ ਵਾਲੀ ਭਾਜਪਾ ਦੀ ਭਾਈਵਾਲ ਪਾਰਟੀ ਅਕਾਲੀ ਦਲ ਅੱਜ ਕਿਉਂ ਚੁੱਪ ਹੈ।

ਸੱਚਰ ਨੇ ਕਿਹਾ ਕਿ ਅਸੀਂ ਅਗਲੇ ਦਿਨਾਂ ’ਚ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਪਾਰਟੀ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਵਿਚ ਹਰ ਜ਼ਿਲਾ ਪੱਧਰ ’ਤੇ ਹਾਈਕਮਾਂਡ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੇਂਦਰ ਦੀ ਕਿਸਾਨ ਮਾਰੂ ਸਰਕਾਰ ਵਿਰੁੱਧ ਰੋਸ ਮੁਜ਼ਾਹਰੇ ਕਰਾਂਗੇ ਤੇ ਕਿਸੇ ਕੀਮਤ ’ਤੇ ਵੀ ਕਿਸਾਨ ਨਾਲ ਧੱਕਾ ਨਹੀਂ ਹੋਣ ਦਿਆਂਗੇ। ਇਸ ਮੌਕੇ ਸਰਪੰਚ ਜਗਦੀਸ਼ ਸਿੰਘ, ਪੰਚ ਭਜਨ ਕੌਰ, ਪੰਚ ਹਰਜਿੰਦਰ ਕੋਰ, ਸੁੱਖਵਿੰਦਰ ਸਿੰਘ,ਭੁਪਿੰਦਰ ਸਿੰਘ, ਸਰਪੰਚ ਸ਼ਿਵਰਾਜ ਸਿੰਘ, ਸਰਪੰਚ ਹਰਪ੍ਰੀਤ ਸਿੰਘ, ਹਰਜਿੰਦਰ ਸਿੰਘ ਭੱਟੀਕੇ, ਗੁਰਪ੍ਰੀਤ ਸਿੰਘ ਬੋਪਾਰਾਏ, ਸਰਪੰਚ ਸਵਿੰਦਰ ਸਿੰਘ ਤਨੇਲਆਦਿ ਆਗੂ ਵੀ ਹਾਜ਼ਰ ਸਨ।


Bharat Thapa

Content Editor

Related News