ਕੇਂਦਰੀ ਟੀਮ ਨੇ ਬਨੂੜ ਅਨਾਜ ਮੰਡੀ ਦਾ ਨਿਰੀਖਣ ਕਰ ਕੇ ਕਣਕ ਦੀ ਫਸਲ ਦੇ ਲਏ ਸੈਂਪਲ

Saturday, Apr 08, 2023 - 06:21 PM (IST)

ਕੇਂਦਰੀ ਟੀਮ ਨੇ ਬਨੂੜ ਅਨਾਜ ਮੰਡੀ ਦਾ ਨਿਰੀਖਣ ਕਰ ਕੇ ਕਣਕ ਦੀ ਫਸਲ ਦੇ ਲਏ ਸੈਂਪਲ

ਬਨੂੜ (ਗੁਰਪਾਲ) : ਕੇਂਦਰੀ ਜਾਂਚ ਟੀਮ ਵੱਲੋਂ ਅੱਜ ਬਨੂੜ ਮੰਡੀ ਵਿਚ ਪੁੱਜੀ ਕਣਕ ਦੀ ਜਾਂਚ ਕੀਤੀ ਗਈ। ਟੀਮ ਨੇ ਮੰਡੀ ’ਚ ਪਈਆਂ ਕਣਕ ਦੀਆਂ ਕਈ ਢੇਰੀਆਂ ਦੇ ਨਮੂਨੇ ਲਏ ਅਤੇ ਆੜ੍ਹਤੀਆਂ ਨਾਲ ਗੱਲਬਾਤ ਕਰਕੇ ਮੰਡੀ ਵਿਚ ਕਣਕ ਦੀ ਗੁਣਵੱਤਾ ਬਾਰੇ ਜਾਣਕਾਰੀ ਹਾਸਲ ਕੀਤੀ। ਖੁਰਾਕ ਅਤੇ ਸਿਵਲ ਸਪਲਾਈ ਮੰਤਰਾਲਾ ਦੇ ਅਧਿਕਾਰੀ ਡਾ. ਆਰ. ਕੇ. ਸਾਹੀ ਅਤੇ ਮੰਤਰਾਲੇ ਦੇ ਸਹਾਇਕ ਟੈਕਨੀਕਲ ਵਿਕਰਮ ਦੀ ਅਗਵਾਈ ਹੇਠ 2 ਮੈਂਬਰੀ ਕੇਂਦਰੀ ਟੀਮ ਬਾਅਦ ਦੁਪਹਿਰ ਅਨਾਜ ਮੰਡੀ ’ਚ ਪੁੱਜੀ, ਜਿਨ੍ਹਾਂ ਫੜ ’ਤੇ ਪਈਆਂ ਕਣਕ ਦੀਆਂ ਢੇਰੀਆਂ ਦਾ ਨਿਰੀਖਣ ਕੀਤਾ ਅਤੇ ਕਈ ਢੇਰੀਆਂ ਦੇ ਨਮੂਨੇ ਲਏ। ਇਸ ਮੌਕੇ ਉਨ੍ਹਾਂ ਨਾਲ ਰੂਪਨਗਰ ਡਵੀਜ਼ਨ ਦੇ ਡਿਪਟੀ ਡਾਇਰੈਕਟਰ ਹਰਜੀਤ ਕੌਰ, ਕੁਆਲਿਟੀ ਕੰਟਰੋਲ ਦੇ ਡਿਪਟੀ ਮੈਨੇਜਰ ਮਨੀਸ਼ ਵਰਮਾ ਅਤੇ ਖਰੀਦ ਏਜੰਸੀਆਂ ਦੇ ਅਧਿਕਾਰੀ ਹਾਜ਼ਰ ਸਨ।

ਇਸ ਮੌਕੇ ਸਾਹੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਖੁਰਾਕ ਮੰਤਰਾਲਾ ਦੀ ਹਦਾਇਤ ’ਤੇ ਮੰਡੀ ’ਚ ਪੁੱਜੀ ਕਣਕ ਦੀ ਜਾਂਚ ਕੀਤੀ ਅਤੇ ਕਈ ਢੇਰੀਆਂ ਦੇ ਸੈਂਪਲ ਲਏ ਗਏ ਹਨ। ਉਨ੍ਹਾਂ ਕਿਹਾ ਕਿ ਮੰਡੀਆਂ ਦੀ ਰਿਪੋਰਟ ਅਤੇ ਹਾਸਲ ਕੀਤੇ ਸੈਂਪਲ ਜਾਂਚ ਲਈ ਮੰਤਰਾਲਾ ਨੂੰ ਭੇਜ ਦਿੱਤੇ ਜਾਣਗੇ। ਜਦੋਂ ਉਨ੍ਹਾਂ ਨੂੰ ਬਾਰਿਸ਼ ਨਾਲ ਖਰਾਬ ਹੋਈ ਕਣਕ ਦੀ ਕੁਆਲਿਟੀ ’ਤੇ ਰਾਹਤ ਦੇਣ ਬਾਰੇ ਪੁੱਛਿਆ ਤਾਂ ਉਨ੍ਹਾਂ ਜਵਾਬ ’ਚ ਕਿਹਾ ਕਿ ਇਸ ਬਾਰੇ ਕੇਂਦਰ ਸਰਕਾਰ ਤਹਿ ਕਰੇਗੀ। ਉਨ੍ਹਾਂ ਇਹ ਵੀ ਕਿਹਾ ਕਿ ਅੱਜ ਕੇਂਦਰ ਦੀਆਂ ਵੱਖ-ਵੱਖ ਟੀਮਾਂ ਵੱਲੋਂ ਪੰਜਾਬ ’ਚ ਖਰੀਦ ਕੇਂਦਰ ’ਚ ਪੁੱਜੀ ਕਣਕ ਦੀਆਂ ਢੇਰੀਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਵੱਲੋਂ ਬਨੂੜ ਸਮੇਤ ਡੇਰਾਬਸੀ, ਲਾਲੜੂ ਤੇ ਰਾਜਪੁਰਾ ਤੋਂ ਸੈਂਪਲ ਇਕੱਤਰ ਕੀਤੇ ਗਏ ਹਨ, ਜਿਨ੍ਹਾਂ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਸਰਕਾਰ ਵੱਲੋਂ ਕੋਈ ਫ਼ੈਸਲਾ ਲਿਆ ਜਾ ਸਕਦਾ ਹੈ। ਇਸ ਸਮੇਂ ਮਾਰਕੀਟ ਕਮੇਟੀ ਦੇ ਸਕੱਤਰ ਗੁਰਮਿੰਦਰ ਸਿੰਘ, ਮੰਡੀ ਸੁਪਰਵਾਈਜ਼ਰ ਗੁਰਮੀਤ ਸਿੰਘ, ਪਰਨਗ੍ਰੇਨ ਦੇ ਇੰਸਪੈਕਟਰ ਸੰਦੀਪ ਸਿੰਗਲਾ, ਆੜ੍ਹਤੀ ਪੁਨੀਤ ਜੈਨ, ਅਰਵਿੰਦ ਬਾਂਸਲ, ਪਰਮਜੀਤ ਪਾਸੀ, ਅਮਿਤ ਜੈਨ, ਧਰਮਪਾਲ ਪਿੰਕੀ, ਪਿੰਕਾ ਜੈਨ, ਰਜਤ ਜੈਨ, ਰੂਬਲ ਗੁਲਾਟੀ ਆਦਿ ਹਾਜ਼ਰ ਸਨ।


author

Gurminder Singh

Content Editor

Related News