ਕੇਂਦਰ ਸਰਕਾਰ ਪੰਜਾਬ ਨੂੰ ਅਟਲ-ਭੂ ਜਲ ਯੋਜਨਾ ’ਚ ਸ਼ਾਮਲ ਕਰੇ : ਚੇਤਨ ਸਿੰਘ ਜੌੜਾਮਾਜਰਾ

Wednesday, Jan 31, 2024 - 05:40 PM (IST)

ਕੇਂਦਰ ਸਰਕਾਰ ਪੰਜਾਬ ਨੂੰ ਅਟਲ-ਭੂ ਜਲ ਯੋਜਨਾ ’ਚ ਸ਼ਾਮਲ ਕਰੇ : ਚੇਤਨ ਸਿੰਘ ਜੌੜਾਮਾਜਰਾ

ਚੰਡੀਗੜ੍ਹ (ਬਿਊਰੋ) : ਪੰਜਾਬ ਦੇ ਜਲ ਸਰੋਤ ਅਤੇ ਭੂਮੀ ਤੇ ਜਲ ਸੰਭਾਲ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕੇਂਦਰ ਸਰਕਾਰ ਨੂੰ ਮੁੜ ਅਪੀਲ ਕੀਤੀ ਹੈ ਕਿ ਉਹ ਧਰਤੀ ਹੇਠਲੇ ਪਾਣੀ ਦੇ ਨਿਰੰਤਰ ਘਟਣ ਕਾਰਨ ਚਿੰਤਾਜਨਕ ਸਥਿਤੀ ਵੱਲ ਵਧ ਰਹੇ ਪੰਜਾਬ ਸੂਬੇ ਨੂੰ ਅਟਲ-ਭੂ ਜਲ ਯੋਜਨਾ ’ਚ ਸ਼ਾਮਲ ਕਰੇ। ਉਨ੍ਹਾਂ ਅਫ਼ਸੋਸ ਜਤਾਇਆ ਕਿ ਸੂਬਾ ਸਰਕਾਰ ਵੱਲੋਂ ਨਿਰੰਤਰ ਪੱਤਰ-ਵਿਹਾਰ ਕਰਨ ਦੇ ਬਾਵਜੂਦ ਕੇਂਦਰ ਸਰਕਾਰ ਦੇ ਕੰਨ ’ਤੇ ਜੂੰ ਨਹੀਂ ਸਰਕ ਰਹੀ। ਪੰਜਾਬ ਸਿਵਲ ਸਕੱਤਰੇਤ ਸਥਿਤ ਆਪਣੇ ਦਫ਼ਤਰ ਵਿਖੇ ਸੂਬੇ ’ਚ ਧਰਤੀ ਹੇਠਲੇ ਪਾਣੀ ਦੇ ਘੱਟ ਰਹੇ ਪੱਧਰ ਨੂੰ ਰੋਕਣ ਅਤੇ ਪਾਣੀ ਨੂੰ ਪ੍ਰਦੂਸ਼ਤ ਹੋਣ ਤੋਂ ਬਚਾਉਣ ਸਬੰਧੀ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਵਿਚਾਰ-ਵਟਾਂਦਰੇ ਦੌਰਾਨ ਚੇਤਨ ਸਿੰਘ ਜੌੜਾਮਾਜਰਾ ਨੇ ਦੱਸਿਆ ਕਿ ਜਲ ਸਰੋਤ ਵਿਭਾਗ ਵੱਲੋਂ ਇਸ ਮਾਮਲੇ ਸਬੰਧੀ ਕਈ ਵਾਰ ਲਿਖਿਆ ਜਾ ਚੁੱਕਾ ਹੈ ਪਰ ਕੇਂਦਰ ਸਰਕਾਰ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਸੰਤ ਸੀਚੇਵਾਲ ਨੂੰ ਅਪੀਲ ਕੀਤੀ ਕਿ ਉਹ ਆਪਣੇ ਪੱਧਰ ’ਤੇ ਵੀ ਕੇਂਦਰ ਸਰਕਾਰ ਕੋਲ ਸੂਬੇ ਦੀ ਮੰਗ ਜ਼ੋਰਦਾਰ ਢੰਗ ਨਾਲ ਉਠਾਉਣ।

PunjabKesari

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਅਟਲ -ਭੂ-ਜਲ ਯੋਜਨਾ ਅਧੀਨ ਉਨ੍ਹਾਂ ਸੂਬਿਆਂ ਦੀ ਮਦਦ ਕੀਤੀ ਜਾਣੀ ਸੀ, ਜਿੱਥੇ ਧਰਤੀ ਹੇਠਲੇ ਪਾਣੀ ਦੀ ਸਥਿਤੀ ਗੰਭੀਰ ਹੈ ਪਰ ਦੇਸ਼ ਦਾ ਢਿੱਡ ਭਰਨ ਵਾਲੇ ਪੰਜਾਬ ਨਾਲ ਮਤਰੇਈ ਮਾਂ ਦਾ ਸਲੂਕ ਕਰਦਿਆਂ ਕੇਂਦਰ ਸਰਕਾਰ ਨੇ ਪੰਜਾਬ ਨੂੰ ਇਸ ਯੋਜਨਾ ’ਚ ਸ਼ਾਮਲ ਹੀ ਨਹੀਂ ਕੀਤਾ ਜਦਕਿ ਸੂਬੇ ’ਚ ਧਰਤੀ ਹੇਠਲਾ ਪਾਣੀ ਨਿਰੰਤਰ ਘਟਦਾ ਜਾ ਰਿਹਾ ਹੈ।
ਇਸੇ ਦੌਰਾਨ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਜਲ ਸਰੋਤਾਂ ਬਾਰੇ ਬਣੀ ਸੰਸਦੀ ਕਮੇਟੀ ’ਚ ਉਹ ਮੈਂਬਰ ਹੋਣ ਦੇ ਨਾਤੇ ਇਸ ਸਕੀਮ ਅਧੀਨ ਪੰਜਾਬ ਨੂੰ ਬਾਹਰ ਰੱਖੇ ਜਾਣ ਦਾ ਪਹਿਲਾਂ ਵੀ ਸਖ਼ਤ ਇਤਰਾਜ਼ ਜਤਾ ਚੁੱਕੇ ਹਨ ਅਤੇ ਪੰਜਾਬ ਨੂੰ ਇਸ ਯੋਜਨਾ ’ਚ ਸ਼ਾਮਲ ਕਰਨ ਲਈ ਲਿਖ ਵੀ ਚੁੱਕੇ ਹਨ।

ਇਹ ਵੀ ਪੜ੍ਹੋ : ਪੰਜਾਬ ਸਕੂਲ ਸਿੱਖਿਆ ਵਿਭਾਗ ਦਾ ਵਿਦਿਆਰਥੀਆਂ ਨੂੰ ਵੱਡਾ ਝਟਕਾ

ਸੰਤ ਸੀਚੇਵਾਲ ਵੱਲੋਂ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ’ਤੇ ਪੱਕੀ ਸੜਕ ਬਣਾਉਣ ਦੀ ਮੰਗ ਬਾਰੇ ਕੈਬਨਿਟ ਮੰਤਰੀ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਉਹ ਤੁਰੰਤ ਪੰਜਾਬ ਮੰਡੀ ਬੋਰਡ ਨਾਲ ਰਾਬਤਾ ਕਰਨ ਤਾਂ ਜੋ ਸੜਕ ਬਣਾਉਣ ਸਬੰਧੀ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾ ਸਕੇ। ਉਨ੍ਹਾਂ ਕਿਹਾ ਕਿ ਦਰਿਆ ਕਿਨਾਰੇ ਸੜਕ ਬਣਨ ਨਾਲ ਧੁੱਸੀ ਬੰਨ੍ਹ ਨੂੰ ਮਜ਼ਬੂਤੀ ਮਿਲੇਗੀ ਅਤੇ ਹੜ੍ਹਾਂ ਦੌਰਾਨ ਪਾੜ ਪੈਣ ਦੀਆਂ ਘਟਨਾਵਾਂ ਨੂੰ ਕਾਫ਼ੀ ਹੱਦ ਤੱਕ ਠੱਲ੍ਹ ਪਵੇਗੀ। ਚੇਤਨ ਸਿੰਘ ਜੌੜਾਮਾਜਰਾ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸੂਬੇ ਦੇ ਦਰਿਆਵਾਂ ਅਤੇ ਪੁਲਾਂ ਹੇਠ ਸਫ਼ਾਈ ਯਕੀਨੀ ਬਣਾਉਣ ਤਾਂ ਜੋ ਦਰਿਆ ਦੇ ਪਾਣੀ ਦੀ ਨਿਕਾਸੀ ਸਹੀ ਢੰਗ ਨਾਲ ਹੋ ਸਕੇ। ਉਨ੍ਹਾਂ ਕਿਹਾ ਕਿ ਹੁਣ ਜਦੋਂ ਬਰਸਾਤਾਂ ਦੇ ਸਮੇਂ ਵਿੱਚ 6 ਮਹੀਨੇ ਦਾ ਸਮਾਂ ਰਹਿ ਗਿਆ ਹੈ ਤਾਂ ਇਹ ਜ਼ਰੂਰੀ ਹੈ ਕਿ ਸਫ਼ਾਈ ਦੇ ਕੰਮਾਂ ’ਚ ਤੇਜ਼ੀ ਲਿਆਂਦੀ ਜਾਵੇ। ਮੀਟਿੰਗ ਦੌਰਾਨ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ, ਚੀਫ਼ ਇੰਜੀਨੀਅਰ (ਡਰੇਨੇਜ) ਹਰਦੀਪ ਸਿੰਘ ਮਹਿੰਦੀਰੱਤਾ, ਚੀਫ਼ ਇੰਜੀਨੀਅਰ (ਨਹਿਰਾਂ) ਸ਼ੇਰ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

ਇਹ ਵੀ ਪੜ੍ਹੋ : ਫ਼ੌਜ ’ਚ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਲਈ ਜ਼ਰੂਰੀ ਖ਼ਬਰ, ਜਾਰੀ ਹੋਈਆਂ ਹਿਦਾਇਤਾਂ 

‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

 


author

Anuradha

Content Editor

Related News