39 ਮ੍ਰਿਤਕ ਭਾਰਤੀਆਂ ਦੇ ਪਰਿਵਾਰਾਂ ਨੂੰ 1-1 ਕਰੋੜ ਦੀ ਮਦਦ ਦੇਵੇ ਕੇਂਦਰ ਸਰਕਾਰ : ਬਾਜਵਾ
Monday, Apr 02, 2018 - 07:15 AM (IST)

ਜਲੰਧਰ(ਨਰੇਸ਼) - ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲੋਂ ਇਰਾਕ ਵਿਚ ਮਾਰੇ ਗਏ 39 ਭਾਰਤੀਆਂ ਦੇ ਪਰਿਵਾਰਾਂ ਲਈ ਇਕ ਇਕ ਕਰੋੜ ਰੁਪਏ ਦੀ ਵਿੱਤੀ ਮਦਦ ਅਤੇ ਪਰਿਵਾਰ ਦੇ ਇਕ-ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਪੰਜਾਬ ਸਰਕਾਰ ਨੂੰ ਵੀ ਪੰਜਾਬ ਦੇ 27 ਮ੍ਰਿਤਕਾਂ ਦੇ ਪਰਿਵਾਰਾਂ ਨੂੰ 20 ਹਜ਼ਾਰ ਰੁਪਏ ਮਹੀਨਾ ਵਿੱਤੀ ਮਦਦ ਤੋਂ ਇਲਾਵਾ ਹੋਰ ਵੀ ਮਦਦ ਦੇਣ ਦੀ ਮੰਗ ਕੀਤੀ ਹੈ। ਪੰਜਾਬ ਸਰਕਾਰ ਪਹਿਲਾਂ ਹੀ ਇਨ੍ਹਾਂ ਪਰਿਵਾਰਾਂ ਨੂੰ 20 ਹਜ਼ਾਰ ਰੁਪਏ ਮਹੀਨਾ ਮਦਦ ਦੇ ਰਹੀ ਹੈ। ਬਾਜਵਾ ਨੇ ਕਿਹਾ ਕਿ 39 ਭਾਰਤੀਆਂ ਦੀ ਇਰਾਕ ਵਿਚ ਹੋਈ ਮੌਤ ਦੇ ਮਾਮਲੇ ਵਿਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਦੇਸ਼ ਨੂੰ ਗੁੰਮਰਾਹ ਕੀਤਾ ਹੈ ਲਿਹਾਜ਼ਾ ਉਹ ਇਸ ਮਾਮਲੇ ਵਿਚ ਅੰਬਿਕਾ ਸੋਨੀ ਅਤੇ ਸ਼ਮਸ਼ੇਰ ਸਿੰਘ ਦੂਲੋ ਨਾਲ ਮਿਲ ਕੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਖਿਲਾਫ ਪ੍ਰੀਵਿਲੇਜ ਮੋਸ਼ਨ ਲੈ ਕੇ ਆ ਰਹੇ ਹਨ। ਬਾਜਵਾ ਨੇ ਕਿਹਾ ਕਿ 39 ਭਾਰਤੀਆਂ ਦੀ ਮੌਤ ਦੇ ਇਕ ਮਾਤਰ ਚਸ਼ਮਦੀਦ ਗਵਾਹ ਹਰਜੀਤ ਮਸੀਹ ਦੀ ਗੱਲ ਨਾ ਮੰਨ ਕੇ ਵਿਦੇਸ਼ ਮੰਤਰਾਲੇ ਨੇ ਪੂਰੇ ਮਾਮਲੇ ਨੂੰ ਬੜੇ ਨਾਜ਼ੁਕ ਢੰਗ ਨਾਲ ਵਿਚਾਰਿਆ ਹੈ।
ਮਹਾਰਾਜਾ ਦਲੀਪ ਸਿੰਘ ਦੀਆਂ ਅਸਥੀਆਂ ਵੀ ਵਾਪਸ ਲਿਆਂਦੀਆਂ ਜਾਣ
ਪ੍ਰਤਾਪ ਸਿੰਘ ਬਾਜਵਾ ਨੇ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਦਲੀਪ ਸਿੰਘ ਦੀ ਅਸਥੀਆਂ ਇੰਗਲੈਂਡ ਤੋਂ ਵਾਪਸ ਲਿਆ ਕੇ ਉਨ੍ਹਾਂ ਦਾ ਸਿੱਖੀ ਰਸਮਾਂ ਅਨੁਸਾਰ ਸਸਕਾਰ ਕਰਨ ਅਤੇ ਪੰਜਾਬ ਵਿਚ ਉਨ੍ਹਾਂ ਦੀ ਯਾਦਗਾਰ ਸਥਾਪਤ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲ ਕੀਤੀ ਹੈ। ਬਾਜਵਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਸ਼ਹੀਦ ਊਧਮ ਸਿੰਘ ਦੀਆਂ ਅਸਥੀਆਂ ਵੀ 1974 ਵਿਚ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਭਾਰਤ ਲਿਆਂਦੀਆਂ ਗਈਆਂ ਸਨ, ਲਿਹਾਜ਼ਾ ਦਲੀਪ ਸਿੰਘ ਦੀਆਂ ਅਸਥੀਆਂ ਲਿਆਉਣ ਲਈ ਸਰਕਾਰੀ ਪਹਿਲ ਹੋਣੀ ਚਾਹੀਦੀ ਹੈ। ਗੌਰਤਲਬ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ 1799 ਤੋਂ ਲੈ ਕੇ 1839 ਤਕ ਸਾਂਝੇ ਪੰਜਾਬ 'ਚ ਰਾਜ ਕੀਤਾ ਅਤੇ ਦੇਸ਼ ਵਿਚ ਅੰਗਰੇਜ਼ਾਂ ਦਾ ਕਬਜ਼ਾ ਹੋਣ ਸਮੇਂ ਉਨ੍ਹਾਂ ਦੇ ਪੁੱਤਰ ਦਲੀਪ ਸਿੰਘ ਨੂੰ 11-12 ਸਾਲ ਦੀ ਉਮਰ 'ਚ ਪਹਿਲਾਂ ਆਪਣੀ ਮਾਂ ਮਹਾਰਾਣੀ ਜਿੰਦਾਂ ਕੋਲ ਯੂ. ਪੀ. 'ਚ ਰੱਖਿਆ ਗਿਆ ਅਤੇ ਬਾਅਦ ਵਿਚ ਉਨ੍ਹਾਂ ਨੂੰ ਐਲਬਿਡਨ ਹਾਲ ਯੂ. ਕੇ. ਵਿਖੇ ਭੇਜ ਦਿੱਤਾ ਗਿਆ। ਉਥੇ ਉਨ੍ਹਾਂ ਦਾ ਇਕ ਬ੍ਰਿਟਿਸ਼ ਨਾਗਰਿਕ ਨਾਲ ਵਿਆਹ ਹੋਇਆ ਅਤੇ ਉਨ੍ਹਾਂ ਦੀ 1893 ਵਿਚ ਹੋਈ ਮੌਤ ਤੋਂ ਬਾਅਦ ਉਨ੍ਹਾਂ ਨੂੰ ਇਸਾਈ ਰਸਮਾਂ ਨਾਲ ਦਫਨਾ ਦਿੱਤਾ ਗਿਆ। ਉਨ੍ਹਾਂ ਦੀ ਕਬਰ ਵਿਚੋਂ ਉਨ੍ਹਾਂ ਦੀਆਂ ਅਸਥੀਆਂ ਅਜੇ ਵੀ ਮਿਲ ਸਕਦੀਆਂ ਹਨ।
ਕੈਪਟਨ ਕਰਨ ਪ੍ਰਧਾਨ ਮੰਤਰੀ ਨਾਲ ਪੰਜਾਬ ਲਈ ਆਰਥਿਕ ਪੈਕੇਜ ਲਈ ਮੀਟਿੰਗ
ਬਾਜਵਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਲਾਹ ਦਿੱਤੀ ਹੈ ਕਿ ਉਹ ਸੂਬੇ ਨੂੰ ਵਿਸ਼ੇਸ਼ ਆਰਥਿਕ ਪੈਕੇਜ ਦਿਵਾਉਣ ਲਈ ਸੂਬੇ ਦੇ ਸਾਰੇ ਲੋਕ ਸਭਾ ਮੈਂਬਰਾਂ ਨਾਲ ਆਲ ਪਾਰਟੀ ਮੀਟਿੰਗ ਕਰਨ ਅਤੇ ਸਾਰੇ ਸੰਸਦ ਮੈਂਬਰਾਂ ਨੂੰ ਨਾਲ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨ। ਬਾਜਵਾ ਨੇ ਕਿਹਾ ਕਿ ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਦੇ ਲੋਕ ਸਭਾ ਮੈਂਬਰ ਆਪੋ-ਆਪਣੇ ਸੂਬਿਆਂ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦਿਵਾਉਣ ਲਈ ਸਰਕਾਰ ਦੇ ਖਿਲਾਫ ਅੰਦੋਲਨ ਕਰ ਰਹੇ ਹਨ ਅਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਇਸ ਮਾਮਲੇ ਵਿਚ ਪਹਿਲਕਦਮੀ ਕਰਨੀ ਚਾਹੀਦੀ ਹੈ। ਬਾਜਵਾ ਨੇ ਕਿਹਾ ਕਿ ਪੰਜਾਬ ਦੇ ਸਰਹੱਦੀ ਇਲਾਕਿਆਂ ਗੁਰਦਾਸਪੁਰ, ਤਰਨਤਾਰਨ, ਬਟਾਲਾ, ਫਿਰੋਜ਼ਪੁਰ ਅਤੇ ਅੰਮ੍ਰਿਤਸਰ ਵਿਖੇ ਵਿਕਾਸ ਲਈ ਆਰਥਿਕ ਪੈਕੇਜ ਦੀ ਜ਼ਰੂਰਤ ਹੈ ਅਤੇ ਕੇਂਦਰ ਸਰਕਾਰ ਦਾ ਇਹ ਫਰਜ਼ ਬਣਦਾ ਹੈ ਕਿ ਉਹ ਹਰ ਸੰਕਟ ਵਿਚ ਮੋਹਰੀ ਹੋ ਕੇ ਦੇਸ਼ ਦੀ ਮਦਦ ਕਰਨ ਵੇਲੇ ਪੰਜਾਬ ਦੀ ਵਿੱਤੀ ਮਦਦ ਕਰੇ। ਬਾਜਵਾ ਨੇ ਕਿਹਾ ਕਿ ਪੰਜਾਬੀਆਂ ਨੇ 1965 ਅਤੇ 71 ਦੀਆਂ ਜੰਗਾਂ ਦੌਰਾਨ ਅੱਗੇ ਹੋ ਕੇ ਲੜਾਈ ਲੜੀ ਹੈ ਅਤੇ ਦੇਸ਼ ਦੀ ਆਜ਼ਾਦੀ ਦੌਰਾਨ ਹੋਈਆਂ ਕੁਰਬਾਨੀਆਂ ਵਿਚ ਵੀ 80 ਫੀਸਦੀ ਯੋਗਦਾਨ ਪੰਜਾਬੀਆਂ ਦਾ ਰਿਹਾ ਹੈ ਅਤੇ ਪੰਜਾਬ ਦੇ ਕਿਸਾਨ ਕਈ ਦਹਾਕਿਆਂ ਤੋਂ ਦੇਸ਼ ਦਾ ਪੇਟ ਪਾਲਣ ਲਈ ਆਪਣੇ ਕੁਦਰਤੀ ਸੋਮਿਆਂ ਦਾ ਇਸਤੇਮਾਲ ਕਰਕੇ ਖੇਤੀ ਕਰ ਰਹੇ ਹਨ।
ਬੱਚੀਆਂ ਨਾਲ ਜਬਰ-ਜ਼ਨਾਹ ਕਰਨ ਵਾਲਿਆਂ ਨੂੰ ਦਿੱਤੀ ਜਾਵੇ ਫਾਂਸੀ
ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਵਿਚ 12 ਸਾਲ ਤੋਂ ਛੋਟੀ ਉਮਰ ਦੀਆਂ ਬੱਚੀਆਂ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦਿਵਾਉਣ ਲਈ ਵਿਧਾਨ ਸਭਾ ਵਿਚ ਬਿੱਲ ਲਿਆਉਣ ਦੀ ਮੰਗ ਕੀਤੀ ਹੈ। ਬਾਜਵਾ ਨੇ ਕਿਹਾ ਕਿ ਮੱਧ ਪ੍ਰਦੇਸ਼, ਰਾਜਸਥਾਨ ਅਤੇ ਹਰਿਆਣਾ ਦੀਆਂ ਸਰਕਾਰਾਂ ਨੇ ਆਈ. ਪੀ. ਸੀ. ਦੀ ਧਾਰਾ 376 ਵਿਚ ਸੋਧ ਕਰਕੇ 12 ਸਾਲ ਤੋਂ ਛੋਟੀ ਉਮਰ ਦੀਆਂ ਬੱਚੀਆਂ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ੀਆਂ ਨੂੰ ਫਾਂਸੀ ਦੇਣ ਦਾ ਪ੍ਰਬੰਧ ਕੀਤਾ ਹੈ ਅਤੇ ਪੰਜਾਬ ਵਿਚ ਵੀ ਅਜਿਹਾ ਕਾਨੂੰਨ ਹੋਣਾ ਚਾਹੀਦਾ ਹੈ। ਬਾਜਵਾ ਨੇ ਕਿਹਾ ਕਿ ਪੰਜਾਬੀਆਂ ਦੀ ਪਛਾਣ ਧੀਆਂ ਨੂੰਹਾਂ ਦੀ ਇੱਜ਼ਤ ਦੀ ਰੱਖਿਆ ਕਰਨ ਵਾਲਿਆਂ ਦੇ ਤੌਰ 'ਤੇ ਹੁੰਦੀ ਰਹੀ ਹੈ ਅਤੇ ਜਦੋਂ ਬੱਸ ਵਿਚ ਕੋਈ ਸਰਦਾਰ ਜਾਂ ਪੰਜਾਬੀ ਚੜ੍ਹ ਜਾਂਦਾ ਸੀ ਤਾਂ ਬੱਸ ਦੀਆਂ ਔਰਤ ਸਵਾਰੀਆਂ ਆਪਣੇ-ਆਪ ਨੂੰ ਸੁਰੱਖਿਅਤ ਮਹਿਸੂਸ ਕਰਦੀਆਂ ਸਨ ਪਰ ਹੁਣ ਪੰਜਾਬ ਵਿਚ ਵੀ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ ਜਿਨ੍ਹਾਂ 'ਤੇ ਠੱਲ੍ਹ ਪਾਉਣ ਲਈ ਸਖਤ ਕਾਨੂੰਨ ਦੀ ਲੋੜ ਹੈ।