ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਕੇਂਦਰ ਅਤੇ ਪੰਜਾਬ ਦੀਆਂ ਸੁਰੱਖਿਆ ਏਜੰਸੀਆਂ ਹਾਈ ਅਲਰਟ ’ਤੇ

Sunday, Mar 19, 2023 - 11:12 AM (IST)

ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਕੇਂਦਰ ਅਤੇ ਪੰਜਾਬ ਦੀਆਂ ਸੁਰੱਖਿਆ ਏਜੰਸੀਆਂ ਹਾਈ ਅਲਰਟ ’ਤੇ

ਅੰਮ੍ਰਿਤਸਰ (ਸੰਜੀਵ)- ਪੰਜਾਬ ’ਚ ਖਾਲਿਸਤਾਨ ਸਮਰਥਕ ਅਤੇ ਸਿੱਖ ਫ਼ਾਰ ਜਸਟਿਸ ਚਲਾ ਰਹੇ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਕੇਂਦਰ ਅਤੇ ਪੰਜਾਬ ਦੀਆਂ ਸੁਰੱਖਿਆ ਏਜੰਸੀਆਂ ਹਾਈ ਅਲਰਟ ’ਤੇ ਆ ਗਈਆਂ ਹਨ। ਇਕ ਪਾਸੇ ਸੂਬੇ ਦੇ ਹਰ ਸ਼ਹਿਰ, ਕਸਬੇ ਅਤੇ ਪਿੰਡ ’ਚ ਭਾਰੀ ਨੀਮ ਫੌਜੀ ਬਲਾਂ ਦੀ ਤਾਇਨਾਤੀ ਕੀਤੀ ਗਈ ਹੈ, ਉਥੇ ਹੀ ਦੂਜੇ ਪਾਸੇ ਸੂਬੇ ਦੇ ਮਾਹੌਲ ਨੂੰ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਤੋਂ ਬਚਾਉਣ ਲਈ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਇੰਨਾ ਹੀ ਨਹੀਂ ਅੰਮ੍ਰਿਤਪਾਲ ਸਿੰਘ ਦੇ ਪਿੰਡ ਜੱਲੂਪੁਰ ਖੇੜਾ ਨੂੰ ਵੀ ਨੀਮ ਫੌਜੀ ਬਲਾਂ ਦੀ ਭਾਰੀ ਤਾਇਨਾਤੀ ਕਰ ਕੇ ਸੀਲ ਕਰ ਦਿੱਤਾ ਗਿਆ ਹੈ। ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਬਾਰੇ ਅਜੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ ਪਰ ਅੰਮ੍ਰਿਤਸਰ ’ਚ ਸ਼ੁਰੂ ਹੋਣ ਜਾ ਰਹੀ 2 ਰੋਜ਼ਾ ਜੀ-20 ਕਾਨਫਰੰਸ ਨੂੰ ਲੈ ਕੇ ਪੁਲਸ ਕੋਈ ਵੀ ਖ਼ਤਰਾ ਮੁੱਲ ਲੈਣ ਨੂੰ ਤਿਆਰ ਨਹੀਂ ਹੈ। ਇਹੀ ਕਾਰਨ ਹੈ ਕਿ ਥਾਂ-ਥਾਂ ’ਤੇ ਪੁਲਸ ਫ਼ੋਰਸ ਤਾਇਨਾਤ ਕੀਤੀ ਗਈ ਹੈ।

ਇਹ ਵੀ ਪੜ੍ਹੋ- ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਸੁਖਜਿੰਦਰ ਸਿੰਘ ਰੰਧਾਵਾ ਦਾ ਵੱਡਾ ਬਿਆਨ

ਕੀ ਹੈ ਮਾਮਲਾ

ਅੰਮ੍ਰਿਤਪਾਲ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਖ਼ਿਲਾਫ਼ 3 ਅਪਰਾਧਿਕ ਮਾਮਲੇ ਦਰਜ ਹਨ, ਜਿਨ੍ਹਾਂ ਵਿਚੋਂ 2 ਕੇਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਥਾਣਾ ਅਜਨਾਲਾ ਵਿਚ ਹਨ। ਅੰਮ੍ਰਿਤਪਾਲ ਨੇ 23 ਫਰਵਰੀ ਨੂੰ ਆਪਣੇ ਇਕ ਕਰੀਬੀ ਦੀ ਗ੍ਰਿਫ਼ਤਾਰੀ ਤੋਂ ਨਰਾਜ਼ ਹੋ ਕੇ ਸੈਂਕੜੇ ਸਮਰਥਕਾਂ ਨਾਲ ਅਜਨਾਲਾ ਥਾਣੇ ’ਤੇ ਹਮਲਾ ਕਰ ਦਿੱਤਾ ਸੀ, ਜਿਸ ਤੋਂ ਬਾਅਦ ਪੁਲਸ ਨੂੰ ਅੰਮ੍ਰਿਤਪਾਲ ਦਾ ਸਾਥ ਹੀ ਛੱਡਣਾ ਪਿਆ ਪਰ ਇਸ ਪੂਰੇ ਘਟਨਾਕ੍ਰਮ ਦੌਰਾਨ ਪੰਜਾਬ ਪੁਲਸ ਨੂੰ ਭਾਰੀ ਆਲੋਚਨਾ ਅਤੇ ਕਿਰਕਿਰੀ ਦਾ ਵੀ ਸਾਹਮਣਾ ਕਰਨਾ ਪਿਆ। 23 ਫਰਵਰੀ ਤੋਂ ਬਾਅਦ ਤੋਂ ਹੀ ਪੰਜਾਬ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਆਪਣੀ ਸਾਖ ਬਚਾਉਣ ਵਿਚ ਲੱਗਾ ਹੋਇਆ ਸੀ। ਅਜਨਾਲਾ ਥਾਣੇ ’ਤੇ ਹੋਏ ਹਮਲੇ ਤੋਂ ਬਾਅਦ ਪੰਜਾਬ ਦੇ ਮਾਹੌਲ ’ਤੇ ਵੀ ਉਂਗਲੀਆਂ ਉਠਾਈਆਂ ਜਾ ਰਹੀਆਂ ਸਨ, ਜਿਸ ਕਾਰਨ ਸਰਕਾਰ ਵੱਲੋਂ ਠੋਸ ਕਦਮ ਚੁੱਕਣ ਦੀ ਰਣਨੀਤੀ ਤਿਆਰ ਕੀਤੀ ਜਾ ਰਹੀ ਸੀ, ਜਿਸ ਨੂੰ ਅੱਜ ਅਮਲੀਜਾਮਾ ਪਹਿਨਾਇਆ ਗਿਆ ਹੈ। ਅਜਨਾਲਾ ਥਾਣਾ ਕਾਂਡ ਤੋਂ ਬਾਅਦ ਹੀ ਪੁਲਸ ਨੇ ਅੰਮ੍ਰਿਤਪਾਲ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਸੀ, ਜਿਸ ਤਹਿਤ ਪਹਿਲਾਂ ਉਸ ਦੇ ਕੁਝ ਸਾਥੀਆਂ ਦੇ ਅਸਲਾ ਲਾਇਸੈਂਸ ਰੱਦ ਕਰ ਦਿੱਤੇ ਗਏ। ਭਾਵੇਂ ਦੇਰ ਰਾਤ ਤੱਕ ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਬਾਰੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਸ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਪ੍ਰਗਟਾਈ ਗਈ ਸੀ ਪਰ ਕੱਲ੍ਹ ਦੁਪਹਿਰ ਤੋਂ ਹੀ ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਬਾਰੇ ਚਰਚਾ ਸ਼ੁਰੂ ਹੋ ਗਈ ਸੀ।

PunjabKesari

ਅੰਮ੍ਰਿਤਪਾਲ ਦਾ ਸਾਥੀ ਭਗਵੰਤ ਗ੍ਰਿਫ਼ਤਾਰੀ ਤੋਂ ਪਹਿਲਾਂ ਸੋਸ਼ਲ ਮੀਡੀਆ ’ਤੇ ਹੋਇਆ ਲਾਈਵ

ਅੰਮ੍ਰਿਤਪਾਲ ਦਾ ਸਾਥੀ ਭਗਵੰਤ ਸਿੰਘ ਬਾਜੇਕੇ ਗ੍ਰਿਫ਼ਤਾਰੀ ਤੋਂ ਪਹਿਲਾਂ ਸੋਸ਼ਲ ਮੀਡੀਆ ਉੱਤੇ ਲਾਈਵ ਹੋ ਹੋਇਆ ਸੀ। ਖੇਤਾਂ ਵਿਚ ਕੰਮ ਕਰ ਰਹੇ ਭਗਵੰਤ ਨੇ ਲਾਈਵ ਹੋ ਕੇ ਪੁਲਸ ਵਾਲਿਆਂ ਨੂੰ ਉਸ ਵੱਲ ਵੱਧਦੇ ਹੋਏ ਦਿਖਾਇਆ।

ਕੌਣ ਹੈ ਅੰਮ੍ਰਿਤਪਾਲ ਤੇ ਕਿਵੇਂ ਆਇਆ ਸੁਰਖੀਆਂ ’ਚ 

ਅੰਮ੍ਰਿਤਪਾਲ ਸਿੰਘ ਅੰਮ੍ਰਿਤਸਰ ਤੋਂ 40 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਛੋਟੇ ਜਿਹੇ ਪਿੰਡ ਜੱਲੂਪੁਰ ਖੇੜਾ ਦਾ ਰਹਿਣ ਵਾਲਾ 29 ਸਾਲਾ ਨੌਜਵਾਨ ਹੈ। ਸਾਲ 2012 ਵਿਚ ਆਪਣੇ ਕੰਮ ਦੇ ਸਿਲਸਿਲੇ ਵਿਚ ਦੁਬਈ ਗਿਆ ਸੀ, ਅੰਮ੍ਰਿਤਪਾਲ ਲਗਭਗ 10 ਸਾਲ ਉਥੇ ਰਹਿਣ ਤੋਂ ਬਾਅਦ 2022 ਵਿਚ ਦੁਬਈ ਤੋਂ ਭਾਰਤ ਆਇਆ। ਸਤੰਬਰ 2022 ਵਿਚ ਅੰਮ੍ਰਿਤਪਾਲ ਸਿੰਘ ਨੂੰ ‘ਵਾਰਿਸ ਪੰਜਾਬ ਦੇ’ ਦਾ ਮੁਖੀ ਬਣਾਇਆ ਗਿਆ ਸੀ, ਜਿਸ ਤੋਂ ਬਾਅਦ ਅੰਮ੍ਰਿਤਪਾਲ ਆਪਣੇ ਬਿਆਨਾਂ ਕਾਰਨ ਸੁਰਖੀਆਂ ’ਚ ਆਉਣ ਲੱਗਾ ਸੀ। 23 ਫਰਵਰੀ ਨੂੰ ਅੰਮ੍ਰਿਤਪਾਲ ਸਿੰਘ ਨੇ ਆਪਣੇ ਸੈਂਕੜੇ ਸਮਰਥਕਾਂ ਸਮੇਤ ਥਾਣਾ ਅਜਨਾਲਾ ’ਤੇ ਕਬਜ਼ਾ ਕਰ ਲਿਆ ਸੀ। ਪੁਲਸ ਇੰਨੀ ਦਬਾਅ ਵਿਚ ਆ ਗਈ ਕਿ ਅੰਮ੍ਰਿਤਪਾਲ ਦੇ ਸਾਥੀ ਲਵਪ੍ਰੀਤ ਸਿੰਘ ਤੂਫ਼ਾਨ ਨੂੰ ਛੱਡਣ ਦਾ ਐਲਾਨ ਕਰ ਦਿੱਤਾ ਸੀ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਐਕਸ਼ਨ: ਪੈਰਾ ਮਿਲਟਰੀ ਫੋਰਸ ਨੇ ਘੇਰਿਆ ਅੰਮ੍ਰਿਤਪਾਲ ਸਿੰਘ ਦਾ ਪਿੰਡ ਜੱਲੂਪੁਰ ਖੇੜਾ

ਥਾਣਾ ਅਜਨਾਲਾ ਦੀ ਇਸ ਘਟਨਾ ਨੇ ਪੰਜਾਬ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਕਈ ਸਵਾਲ ਖੜ੍ਹੇ ਕਰ ਦਿੱਤੇ ਸਨ। ਇਸ ਘਟਨਾ ਤੋਂ ਬਾਅਦ ਪੰਜਾਬ ਪੁਲਸ ਲੋਕਾਂ ਦਾ ਭਰੋਸਾ ਗਵਾ ਰਹੀ ਸੀ, ਜਿਸ ਨੂੰ ਬਹਾਲ ਕਰਨ ਲਈ ਅੰਮ੍ਰਿਤਪਾਲ ਆਪ੍ਰੇਸ਼ਨ ਕੀਤਾ ਗਿਆ। ਫਿਲਹਾਲ ਪੰਜਾਬ ਪੁਲਸ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਰਹੀ ਹੈ ਕਿ ਅੰਮ੍ਰਿਤਪਾਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦੋਂਕਿ ਦੂਜੇ ਪਾਸੇ ਪੰਜਾਬ ਨੂੰ ਸੁਰੱਖਿਆ ਦੇ ਘੇਰੇ ’ਚ ਲਿਆ ਗਿਆ ਹੈ ਤਾਂ ਜੋ ਇਸ ਵਾਰ ਕੋਈ ਅਜਿਹੀ ਗਲਤੀ ਨਾ ਹੋ ਸਕੇ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁਲਸ ਪੰਜਾਬ ਨੂੰ ਕਿਵੇਂ ਸੰਭਾਲਦੀ ਹੈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

Shivani Bassan

Content Editor

Related News