ਕੇਂਦਰ ਵਲੋਂ ਪੰਜਾਬ ਸਰਕਾਰ ਦੀ ਆਲੋਚਨਾ ’ਤੇ ਭੜਕੇ ਕੈਪਟਨ, ਕੇਂਦਰ ਸਰਕਾਰ 'ਤੇ ਉਠਾਏ ਸਵਾਲ

Thursday, Apr 01, 2021 - 03:08 PM (IST)

ਕੇਂਦਰ ਵਲੋਂ ਪੰਜਾਬ ਸਰਕਾਰ ਦੀ ਆਲੋਚਨਾ ’ਤੇ ਭੜਕੇ ਕੈਪਟਨ, ਕੇਂਦਰ ਸਰਕਾਰ 'ਤੇ ਉਠਾਏ ਸਵਾਲ

ਚੰਡੀਗੜ੍ਹ (ਅਸ਼ਵਨੀ) :ਪੰਜਾਬ ਵਿਚ ਕੋਵਿਡ ਦੇ ਵਿਗੜਦੇ ਹਾਲਾਤ ’ਤੇ ਕੇਂਦਰ ਸਰਕਾਰ ਦੀ ਟਿੱਪਣੀ ਨੂੰ ਕਰੜੇ ਹੱਥੀਂ ਲੈਂਦਿਆਂ ਮੁੱਖ ਮੰਤਰੀ ਕੈਪਟਨ. ਅਮਰਿੰਦਰ ਸਿੰਘ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ 45 ਸਾਲ ਤੋਂ ਵੱਧ ਉਮਰ ਵਰਗ ਦੇ ਵਿਅਕਤੀਆਂ ਲਈ ਕੋਵਿਡ ਟੀਕਾਕਰਨ ਦਾ ਦਾਇਰਾ ਵਧਾਉਣ ’ਚ ਦੇਰੀ ਨਾ ਕੀਤੀ ਹੁੰਦੀ ਤਾਂ ਹਾਲਾਤ ਬਿਹਤਰ ਹੁੰਦੇ। ਕੈਪਟਨ ਅਮਰਿੰਦਰ ਸਿੰਘ ਭਾਰਤ ਸਰਕਾਰ ਦੇ ਉਸ ਦੋਸ਼ ਦਾ ਜਵਾਬ ਦੇ ਰਹੇ ਸਨ, ਜਿਸ ’ਚ ਕਿਹਾ ਗਿਆ ਸੀ ਕਿ ਸੂਬਾ ਸਰਕਾਰ ਵੱਲੋਂ ਕੋਵਿਡ ਦੀ ਟੈਸਟਿੰਗ ਅਤੇ ਇਸ ਤੋਂ ਪੀੜਤ ਲੋਕਾਂ ਦੇ ਇਕਾਂਤਵਾਸ ਲਈ ਢੁਕਵੇਂ ਕਦਮ ਨਹੀਂ ਚੁੱਕੇ ਜਾ ਰਹੇ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵਲੋਂ ਸਮਾਜਿਕ ਇਕੱਠਾਂ ’ਤੇ ਕਰੜੀਆਂ ਪਾਬੰਦੀਆਂ ਲਾਈਆਂ ਗਈਆਂ ਹਨ ਅਤੇ ਸਮੂਹ ਸਿੱਖਿਆ ਸੰਸਥਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਕੋਵਿਡ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ 11 ਜ਼ਿਲ੍ਹਿਆਂ ਵਿੱਚ ਰਾਤ 9 ਤੋਂ ਸਵੇਰੇ 5 ਵਜੇ ਤੱਕ ਕਰਫਿਊ ਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵਲੋਂ ਵਾਰ-ਵਾਰ ਭਾਰਤ ਸਰਕਾਰ ਨੂੰ ਲਿਖਤੀ ਤੌਰ ’ਤੇ ਅਤੇ ਸੂਬੇ ਦੀ ਮੁੱਖ ਸਕੱਤਰ ਵਲੋਂ ਮੀਟਿੰਗਾਂ ਵਿਚ ਕਿਹਾ ਗਿਆ ਸੀ ਕਿ ਟੀਕਾਕਰਨ ਦੀ ਮੌਜੂਦਾ ਯੋਜਨਾ ਦੀ ਸਮੀਖਿਆ ਕਰਨ ਦੀ ਲੋੜ ਹੈ। ਮੁੱਖ ਮੰਤਰੀ ਨੇ ਜ਼ੋਰ ਦੇ ਕੇ ਆਖਿਆ ਕਿ ਚੋਣਵੇਂ ਇਲਾਕਿਆਂ ਵਿਚ ਸਮੂਹ ਉਮਰ ਵਰਗਾਂ ਨੂੰ ਟੀਕਾਕਰਨ ਅਧੀਨ ਲਿਆਉਣ ਨਾਲ ਬਿਹਤਰ ਨਤੀਜੇ ਹਾਸਲ ਹੋਣਗੇ, ਬਜਾਏ ਇਸਦੇ ਕਿ ਹਰੇਕ ਵਾਰ ਆਬਾਦੀ ਦੇ ਛੋਟੇ ਹਿੱਸੇ ਨੂੰ ਮਿਆਦੀ ਤੌਰ ’ਤੇ ਟੀਕਾਕਰਨ ਹੇਠ ਲਿਆਉਣਾ। ਉਨ੍ਹਾਂ ਇਸ ਗੱਲ ਦੀ ਲੋੜ ’ਤੇ ਵੀ ਜ਼ੋਰ ਦਿੱਤਾ ਕਿ ਉਪਰੋਕਤ ਪਹੁੰਚ ਉਸ ਖੇਤਰ ਵਿਚ ਅਪਣਾਈ ਜਾਣੀ ਚਾਹੀਦੀ ਹੈ, ਜਿੱਥੇ ਹਫ਼ਤਾਵਾਰੀ ਟੈਸਟਿੰਗ ਵਿਚ ਪਾਜ਼ੇਟਿਵਿਟੀ ਦੀ ਦਰ ਦੁੱਗਣੀ ਹੋਵੇ। ਮੁੱਖ ਮੰਤਰੀ ਨੇ ਸਕੂਲ-ਕਾਲਜਾਂ ਦੇ ਵਿਦਿਆਰਥੀਆਂ ਤੇ ਅਧਿਆਪਕਾਂ, ਜੱਜਾਂ, ਬੱਸ ਡਰਾਈਵਰਾਂ ਅਤੇ ਕੰਡਕਟਰਾਂ, ਪੰਚਾਂ/ਸਰਪੰਚਾਂ/ਮੇਅਰਾਂ/ਮਿਊਂਸਪਲ ਕਮੇਟੀਆਂ ਦੇ ਪ੍ਰਧਾਨਾਂ/ਕੌਂਸਲਰਾਂ, ਵਿਧਾਇਕਾਂ ਅਤੇ ਸੰਸਦ ਮੈਂਬਰਾਂ ਲਈ ਕਿੱਤਾ ਆਧਾਰਤ ਟੀਕਾਕਰਨ ਹਰ ਥਾਂ ਸ਼ੁਰੂ ਕੀਤੇ ਜਾਣ ਦੀ ਮੰਗ ਦੁਹਰਾਈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਔਰਤਾਂ ਨੂੰ ਸਰਕਾਰੀ ਬੱਸਾਂ ’ਚ ਮੁਫ਼ਤ ਸਫ਼ਰ ਦੀ ਸੁਵਿਧਾ ਲਾਗੂ ਕਰਨ ਦੇ ਹੁਕਮ

ਰਿਪੋਰਟ ’ਚ ਦੇਰੀ ’ਤੇ ਬੋਲੇ ਕੈਪਟਨ
ਕੈਪਟਨ ਨੇ ਕੋਵਿਡ ਦੀ ਸਮਰੱਥਾ ਦਾ ਪਤਾ ਲਾਉਣ ਲਈ ਰਿਪੋਰਟਾਂ ਹਾਸਲ ਹੋਣ ਵਿਚ ਹੋ ਰਹੀ ਦੇਰੀ ’ਤੇ ਵੀ ਗੌਰ ਕੀਤਾ। ਭੇਜੇ ਗਏ 874 ਨਮੂਨਿਆਂ ਵਿਚੋਂ ਅਜੇ ਤੱਕ ਸਿਰਫ਼ 588 ਦੀ ਰਿਪੋਰਟ ਹੀ ਆਈ ਹੈ, ਜਿਨ੍ਹਾਂ ਵਿਚੋਂ 411 ਨਮੂਨਿਆਂ ਨੂੰ ਬੀ.1.1.7 (ਯੂ.ਕੇ. ਵਾਇਰਸ) ਅਤੇ 2 ਨੂੰ ਐੱਨ.440 ਕੇ ਲਈ ਪਾਜ਼ੇਟਿਵ ਪਾਇਆ ਗਿਆ। ਮੁੱਖ ਮੰਤਰੀ ਨੇ ਕੇਂਦਰ ਨੂੰ ਅਪੀਲ ਕੀਤੀ ਕਿ ਯੂ. ਕੇ. ਵਾਇਰਸ ਦੀ ਮੌਜੂਦਗੀ ਨਾਲ ਦਰਪੇਸ਼ ਚੁਣੌਤੀ ’ਤੇ ਧਿਆਨ ਦਿੱਤੇ ਜਾਣ ਦੀ ਲੋੜ ਹੈ ਅਤੇ ਇਸ ਸਬੰਧੀ ਸੂਬੇ ਨਾਲ ਲੋੜੀਂਦੀ ਜਾਣਕਾਰੀ ਅਤੇ ਸਲਾਹ ਸਾਂਝੀ ਕੀਤੀ ਜਾਵੇ। ਟੈਸਟਿੰਗ ਪੱਖੋਂ ਅੰਕੜਿਆਂ ਦੀ ਸਥਿਤੀ ਸਪੱਸ਼ਟ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਹਿਲੇ ਉਭਾਰ, ਜੋ ਕਿ ਸਤੰਬਰ 2020 ਦੌਰਾਨ ਵੇਖਣ ਵਿਚ ਆਇਆ ਸੀ, ਪਾਜ਼ੇਟਿਵਿਟੀ ਦਰ 10 ਦੇ ਕਰੀਬ ਸੀ ਅਤੇ ਸੂਬੇ ਵਲੋਂ ਪ੍ਰਤੀ ਦਿਨ 30,000 ਕੋਵਿਡ ਨਮੂਨਿਆਂ ਦੀ ਜਾਂਚ ਕੀਤੀ ਜਾ ਰਹੀ ਸੀ। ਹੁਣ ਜਦੋਂ ਇਹ ਦਰ 7 ਫੀਸਦੀ ਤੋਂ ਵੱਧ ਹੈ ਤਾਂ ਸੂਬੇ ਵਲੋਂ 40,000 ਕੋਵਿਡ ਨਮੂਨਿਆਂ ਦੀ ਪ੍ਰਤੀ ਦਿਨ ਟੈਸਟਿੰਗ ਕੀਤੀ ਜਾ ਰਹੀ ਹੈ। ਸੂਬੇ ਵਲੋਂ ਆਰ.ਟੀ.-ਪੀ.ਸੀ.ਆਰ. ਰਾਹੀਂ 90 ਫੀਸਦੀ ਅਤੇ ਆਰ.ਏ.ਟੀ. ਰਾਹੀਂ 10 ਫੀਸਦੀ ਟੈਸਟਿੰਗ ਕੀਤੀ ਜਾ ਰਹੀ ਹੈ ਅਤੇ ਪ੍ਰਤੀ 10 ਲੱਖ ਦੇ ਹਿਸਾਬ ਨਾਲ ਇਹ ਟੈਸਟਿੰਗ 1,96,667 ਤੱਕ ਅੱਪੜ ਚੁੱਕੀ ਹੈ ਜਦੋਂ ਕਿ ਕੌਮੀ ਔਸਤ 1,82,296 ਹੈ।

ਇਹ ਵੀ ਪੜ੍ਹੋ : ਝਾਰਖੰਡ ਤੋਂ ਪ੍ਰਤੀਨਿਧੀ ਸਿੱਖਾਂ ਦੇ ਵਫ਼ਦ ਨੇ ਬੀਬੀ ਜਗੀਰ ਕੌਰ ਨਾਲ ਕੀਤੀ ਮੁਲਾਕਾਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Anuradha

Content Editor

Related News