ਮ੍ਰਿਤਕਾਂ ਦੇ ਪਰਿਵਾਰਾਂ ਨੂੰ ਸਹਾਇਤਾ ਮੁਹੱਈਆ ਕਰਵਾਏ ਕੇਂਦਰ : ਕੈਪਟਨ
Tuesday, Mar 20, 2018 - 09:44 PM (IST)

ਚੰਡੀਗੜ੍ਹ— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੋਂ ਇਰਾਕ 'ਚ ਮਾਰੇ ਗਏ ਭਾਰਤੀਆਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਰਾਸ਼ੀ ਦੇਣ ਦੇ ਨਾਲ-ਨਾਲ ਜ਼ਰੂਰੀ ਸਹਾਇਤਾ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਸੁਸ਼ਮਾ ਸਵਰਾਜ ਨੂੰ ਫੋਨ ਕਰ ਕਿਹਾ ਕਿ ਉਹ ਲਾਸ਼ਾਂ ਨੂੰ ਭਾਰਤ ਲਿਆਉਣ ਤੋਂ ਲੈ ਕੇ ਅੰਤਿਮ ਸੰਸਕਾਰ ਤਕ ਜ਼ਰੂਰੀ ਸਹਾਇਤਾ ਮੁਹੱਈਆ ਕਰਵਾਉਣ। ਸੁਸ਼ਮਾ ਸਵਰਾਜ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਭਾਰਤ ਸਰਕਾਰ ਹੀ ਇਹ ਸਾਰੇ ਪ੍ਰਬੰਧ ਕਰੇਗੀ। ਮੁੱਖ ਮੰਤਰੀ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਤਾਬੂਤ ਦਾ ਪ੍ਰਬੰਧ ਕਰਕੇ ਦੇਵੇਗੀ। ਉਨ੍ਹਾਂ ਨੇ ਸਰਕਾਰੀ ਅਧਿਕਾਰੀਆਂ ਨੂੰ ਪਹਿਲਾਂ ਹੀ ਨਿਰਦੇਸ਼ ਦਿੱਤੇ ਹਨ ਕਿ ਉਹ ਪੀੜਤ ਪਰਿਵਾਰਾਂ ਕੋਲ ਖੁਦ ਜਾ ਕੇ ਉਨ੍ਹਾਂ ਦੇ ਦੁਖ ਸਾਂਝੇ ਕਰਨ।
ਕੈਪਟਨ ਨੇ ਕੁਝ ਸਮਾਂ ਪਹਿਲਾਂ ਕੇਂਦਰ ਨੂੰ ਲਿਖੇ ਪੱਤਰ 'ਚ ਕਿਹਾ ਸੀ ਕਿ ਮਾਰੇ ਗਏ ਲੋਕਾਂ 'ਚ 24 ਪੰਜਾਬ ਦੇ ਸਨ ਤੇ ਸੂਬਾ ਸਰਕਾਰ ਉਨ੍ਹਾਂ ਨੂੰ 20 ਹਜ਼ਾਰ ਰੁਪਏ ਮਹੀਨਾਵਾਰ ਸਹਾਇਤਾ ਮੁਹੱਈਆ ਕਰਵਾ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਦੁਖਦ ਸੂਚਨਾ ਤੋਂ ਬਾਅਦ ਉਹ ਵੀ ਦੁਖੀ ਹਨ। ਉਨ੍ਹਾਂ ਨੇ ਦੁਖੀ ਪਰਿਵਾਰਾਂ ਪ੍ਰਤੀ ਹਮਦਰਦੀ ਜ਼ਾਹਿਰ ਕਰਦੇ ਹੋਏ ਉਨ੍ਹਾਂ ਨੂੰ ਇਸ ਮੁਸ਼ਕਿਲ ਸਮੇਂ 'ਚ ਸਹਿਣਸ਼ਕਤੀ ਦੇਣ ਦੀ ਪ੍ਰਾਰਥਨਾ ਕੀਤੀ।