ਪੰਜਾਬ ’ਚ ਕੋਵਿਡ ਵੈਕਸੀਨ ਦੀ ਕਿੱਲਤ, ਕੇਂਦਰ ਨੇ ਨਹੀਂ ਭੇਜੀ ਨਵੀਂ ਡੋਜ਼ : ਮੁੱਖ ਸਕੱਤਰ

Wednesday, May 12, 2021 - 12:34 AM (IST)

ਪੰਜਾਬ ’ਚ ਕੋਵਿਡ ਵੈਕਸੀਨ ਦੀ ਕਿੱਲਤ, ਕੇਂਦਰ ਨੇ ਨਹੀਂ ਭੇਜੀ ਨਵੀਂ ਡੋਜ਼ : ਮੁੱਖ ਸਕੱਤਰ

ਜਲੰਧਰ, (ਧਵਨ)- ਪੰਜਾਬ ’ਚ ਕੋਰੋਨਾ ਮਹਾਮਾਰੀ ਦੇ ਕੇਸਾਂ ਵਿਚ ਲਗਾਤਾਰ ਵਾਧਾ ਹੋਣ ਦੇ ਬਾਵਜੂਦ ਕੇਂਦਰ ਸਰਕਾਰ ਵਲੋਂ ਕੋਵਿਡ ਵੈਕਸੀਨ ਦੀ ਨਵੀਂ ਡੋਜ਼ ਨਹੀਂ ਭੇਜੀ ਜਾ ਰਹੀ, ਜਿਸ ਨਾਲ ਸੂਬੇ ਵਿਚ ਟੀਕਾਕਰਨ ਮੁਹਿੰਮ ਪ੍ਰਭਾਵਿਤ ਹੋ ਰਹੀ ਹੈ।

ਪੰਜਾਬ ਦੀ ਮੁੱਖ ਸਕੱਤਰ ਵਿੰਨੀ ਮਹਾਜਨ ਅਨੁਸਾਰ ਸੂਬੇ ਵਿਚ ਹੁਣ ਤਕ ਭਾਰਤ ਸਰਕਾਰ ਤੋਂ ਸਿਰਫ 2.7 ਲੱਖ ਵੈਕਸੀਨ ਦੀ ਹੀ ਸਪਲਾਈ ਕੀਤੀ ਗਈ ਹੈ। ਪੰਜਾਬ ਨੂੰ ਵੈਕਸੀਨ ਦੀ ਨਵੀਂ ਸਪਲਾਈ ਅਜੇ ਨਹੀਂ ਕੀਤੀ ਗਈ। ਜਦੋਂ ਤਕ ਵੈਕਸੀਨ ਦੀ ਨਵੀਂ ਡੋਜ਼ ਨਹੀਂ ਮਿਲਦੀ, ਟੀਕਾਕਰਨ ਮੁਹਿੰਮ ਵਿਚ ਤੇਜ਼ੀ ਨਹੀਂ ਆ ਸਕਦੀ। ਅਸੀਂ ਕੇਂਦਰ ਕੋਲ ਰੋਜ਼ਾਨਾ 4 ਲੱਖ ਵੈਕਸੀਨ ਭੇਜਣ ਦੀ ਮੰਗ ਰੱਖੀ ਹੋਈ ਹੈ ਪਰ ਇਸ ਦੇ ਬਾਵਜੂਦ ਵੈਕਸੀਨ ਦਾ ਨਾ ਆਉਣਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।

ਦੂਜੇ ਪਾਸੇ ਕੋਵਿਡ ਵੈਕਸੀਨ ਦੀ ਕਮੀ ਕਾਰਨ ਸੂਬੇ ਦੇ ਸਰਕਾਰੀ ਸਿਹਤ ਕੇਂਦਰਾਂ ਵਿਚ ਟੀਕਾਕਰਨ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ ਅਤੇ ਲੋਕਾਂ ਨੂੰ ਬਿਨਾਂ ਵੈਕਸੀਨ ਲਵਾਏ ਨਿਰਾਸ਼ ਹੋ ਕੇ ਵਾਪਸ ਜਾਣਾ ਪੈਂਦਾ ਹੈ।

ਸੂਬੇ ਦੇ ਕਈ ਸਿਹਤ ਕੇਂਦਰਾਂ ’ਚ ਤਾਇਨਾਤ ਸਿਹਤ ਅਧਿਕਾਰੀਆਂ ਵਲੋਂ ਮੰਗ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਦੇ ਕੇਂਦਰਾਂ ਵਿਚ ਪੁਲਸ ਸੁਰੱਖਿਆ ਮੁਹੱਈਆ ਕਰਵਾਈ ਜਾਵੇ ਕਿਉਂਕਿ ਜੇ ਵੈਕਸੀਨ ਦੀ ਸਪਲਾਈ ਨਹੀਂ ਆਉਂਦੀ ਤਾਂ ਟੀਕਾਕਰਨ ਪ੍ਰਭਾਵਿਤ ਹੋਣ ਦੇ ਨਾਲ-ਨਾਲ ਕਾਨੂੰਨ ਵਿਵਸਥਾ ’ਤੇ ਵੀ ਅਸਰ ਪੈ ਸਕਦਾ ਹੈ। ਸਿਹਤ ਅਧਿਕਾਰੀਆਂ ਨੂੰ ਸਿਹਤ ਕੇਂਦਰਾਂ ਦੀ ਸੁਰੱਖਿਆ ਦਾ ਡਰ ਸਤਾ ਰਿਹਾ ਹੈ।

ਮੁੱਖ ਮੰਤਰੀ ਨੇ ਵੀ ਕੇਂਦਰੀ ਸਿਹਤ ਮੰਤਰੀ ਨੂੰ ਚਿੱਠੀ ਲਿਖ ਕੇ ਵੈਕਸੀਨ ਦੀ ਸਪਲਾਈ ਤੇਜ਼ ਕਰਨ ਦਾ ਮਾਮਲਾ ਚੁੱਕਿਆ ਹੈ। ਸੂਬਾ ਸਰਕਾਰ ਨੇ ਵੈਕਸੀਨ ਦੀਆਂ 30 ਲੱਖ ਨਵੀਆਂ ਡੋਜ਼ ਤੋਂ ਇਲਾਵਾ ਦੇ ਆਰਡਰ ਸੀਰਮ ਇੰਸਟੀਚਿਊਟ ਨੂੰ ਦਿੱਤੇ ਹੋਏ ਹਨ। ਸੂਬਾ ਸਰਕਾਰ ਨੇ 18 ਤੋਂ 44 ਸਾਲ ਦੇ ਉਮਰ ਵਰਗ ਦੇ ਕਿਰਤੀਆਂ ਲਈ ਟੀਕਾਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ।


author

Bharat Thapa

Content Editor

Related News