ਖਰਾਬ ਵੈਂਟੀਲੇਟਰਾਂ ਦੇ ਮਾਮਲੇ ’ਚ ਕੇਂਦਰ ਤੇ ਸੂਬਾ ਸਰਕਾਰ ‘ਚਿੱਠੀ-ਚਿੱਠੀ’ ਦੀ ਖੇਡ ਬੰਦ ਕਰੇ : ਢੀਂਡਸਾ

05/14/2021 1:57:36 AM

ਚੰਡੀਗੜ੍ਹ/ਮੋਹਾਲੀ, (ਅਸ਼ਵਨੀ, ਮਰਵਾਹਾ, ਨਿਆਮੀਆਂ)- ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਭਾਰਤ ਸਰਕਾਰ ਵਲੋਂ ਪੰਜਾਬ ਨੂੰ ਭੇਜੇ ਗਏ ਖਰਾਬ ਵੈਂਟੀਲੇਟਰਾਂ ਅਤੇ ਇਸ ਸਬੰਧੀ ਕੇਂਦਰ ਅਤੇ ਪੰਜਾਬ ਸਰਕਾਰ ਦਰਮਿਆਨ ਚੱਲ ਰਹੀ ‘ਚਿੱਠੀ-ਚਿੱਠੀ’ ਦੇ ਖੇਡ ਨੂੰ ਬੰਦ ਕਰ ਕੇ ਤੁਰੰਤ ਸੂਬੇ ਵਿਚ ਸਿਹਤ ਸਹੂਲਤਾਂ ਦੇ ਪੁਖਤਾ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ।
ਇਥੇ ਜਾਰੀ ਇੱਕ ਬਿਆਨ ਵਿਚ ਢੀਂਡਸਾ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਨੂੰ ਉਚੇਚੇ ਤੌਰ ’ਤੇ ਸਿਹਤ ਸੇਵਾਵਾਂ ਵੱਲ ਜ਼ਿੰਮੇਵਾਰੀ ਨਾਲ ਧਿਆਨ ਦੇਣ ਲਈ ਕਿਹਾ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕੋਰੋਨਾ ਨਾਲ ਮੌਤ ਦੀ ਦਰ ਹੋਰ ਸੂਬਿਆਂ ਤੋਂ ਵੱਧ ਹੈ, ਅਜਿਹੇ ਵਿਚ ਕੇਂਦਰ ਸਰਕਾਰ ਵਲੋਂ ਸੂਬੇ ਵਿਚ ਬਣੇ ਇਨ੍ਹਾਂ ਭਿਆਨਕ ਹਾਲਾਤਾਂ ਵਿਚ ਵੈਂਟੀਲੈਟਰਾਂ ਨੂੰ ਪਰਖ ਕੇ ਭੇਜਿਆ ਜਾਣਾ ਚਾਹੀਦਾ ਸੀ ਅਤੇ ਦੂਜੇ ਪਾਸੇ ਪੰਜਾਬ ਦੇ ਹਸਪਤਾਲਾਂ ਦੇ ਸਟੋਰਾਂ ਵਿਚ ਕਈਂ ਦਿਨਾਂ ਤੋਂ ਧੂੜ ਫੱਕ ਰਹੇ ਵੈਂਟੀਲੇਟਰਾਂ ਦੀ ਮੁਰੰਮਤ ਨਾ ਕਰਵਾ ਕੇ ਪੰਜਾਬ ਸਰਕਾਰ ਵੀ ਸਿਹਤ ਸਹੂਲਤਾਂ ਦੀ ਘਾਟ ਕਾਰਨ ਮਰ ਰਹੇ ਲੋਕਾਂ ਪ੍ਰਤੀ ਤਮਾਸ਼ਬੀਨ ਬਣੀ ਹੋਈ ਹੈ। ਇੱਕ ਪਾਸੇ ਕੋਰੋਨਾ ਨਾਲ ਮਰੀਜ ਮਰ ਰਹੇ ਹਨ ਤਾਂ ਦੂਜੇ ਪਾਸੇ ਕੇਂਦਰ ਅਤੇ ਸੂਬਾ ਸਰਕਾਰ ਵਲੋਂ ਲਿਖੀਆਂ ਚਿੱਠੀਆਂ ਕੋਰੋਨਾ ਖਿਲਾਫ ਲੜਨ ਲਈ ਕੀਤੇ ਗਏ ਸਿਹਤ ਪ੍ਰਬੰਧਾਂ ਤੋਂ ਪਰਦਾ ਚੁੱਕ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਇਸ ਵੇਲੇ ਪੰਜਾਬ ਦੇ ਜ਼ਿਆਦਾਤਰ ਹਸਪਤਾਲਾਂ ਵਿਚ ਵੱਡੀ ਗਿਣਤੀ ਵਿਚ ਵੈਂਟੀਲੇਟਰ ਖਰਾਬ ਹਾਲਤ ਵਿਚ ਹਨ ਅਤੇ ਜਿਹੜੇ ਠੀਕ ਵੈਂਟੀਲੇਟਰ ਹਨ ਉਨ੍ਹਾਂ ਨੂੰ ਇੰਸਟਾਲ ਹੀ ਨਹੀਂ ਕੀਤਾ ਗਿਆ ਹੈ। ਸਭ ਤੋਂ ਵੱਡੀ ਗੱਲ ਇਨ੍ਹਾਂ ਵੈਂਟੀਲੇਟਰਾਂ ਨੂੰ ਚਲਾਉਣ ਵਾਲੇ ਤਕਨੀਸ਼ੀਅਨਾਂ ਅਤੇ ਸਿਹਤ ਕਾਮਿਆਂ ਦੀ ਸੂਬੇ ਵਿਚ ਭਾਰੀ ਕਮੀ ਹੈ। ਢੀਂਡਸਾ ਨੇ ਸੂਬੇ ਦੇ ਹਸਪਤਾਲਾਂ ਵਿਚ ਉੱਚ ਗੁਣਵੱਤਾ ਵਾਲੇ ਵੈਂਟੀਲੇਟਰਾਂ ਸਮੇਤ ਹੋਰ ਸਿਹਤ ਸੇਵਾਵਾਂ ਦੀ ਘਾਟ ਨੂੰ ਤੁਰੰਤ ਪੂਰੀ ਕਰਨ ਲਈ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ।       


Bharat Thapa

Content Editor

Related News