ਫਿਲਮੀ ਅੰਦਾਜ਼ ''ਚ ਔਰਤ ਤੋਂ ਲੁੱਟੀ 1 ਲੱਖ 25 ਹਜ਼ਾਰ ਦੀ ਨਕਦੀ

06/18/2018 4:48:21 PM

ਭੋਗਪੁਰ (ਰਾਣਾ ਭੋਗਪੁਰੀਆ)— ਅੱਜ ਦੁਪਹਿਰ ਸਥਾਨਕ ਆਦਮਪੁਰ ਰੋਡ 'ਤੇ ਬੈਂਕ 'ਚੋਂ ਪੈਸੇ ਕਢਵਾ ਕੇ ਜਾ ਰਹੀ ਇਕ ਬਜ਼ੁਰਗ ਔਰਤ 'ਤੋਂ ਕੁਝ ਹੋਰ ਔਰਤਾਂ ਨੇ ਫਿਲਮੀ ਅੰਦਾਜ਼ 'ਚ 1 ਲੱਖ 25 ਹਜ਼ਾਰ ਰੁਪਏ ਲੁੱਟੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ 'ਤੇ ਮੌਜੂਦ ਲੋਕਾਂ ਨੇ ਲੁੱਟ ਕਰਨ ਵਾਲੀਆਂ ਔਰਤਾਂ ਨੂੰ ਕਾਬੂ ਕਰਕੇ ਪੁਲਸ ਦੇ ਹਵਾਲੇ ਕਰ ਦਿੱਤਾ। ਲੁੱਟ ਕਰਨ ਵਾਲੀਆਂ ਔਰਤਾਂ ਤੋਂ ਪੁਲਸ ਨੇ ਲੁੱਟੀ ਹੋਈ ਰਾਸ਼ੀ ਬਰਾਮਦ ਕਰ ਲਈ।
ਇਹ ਘਟਨਾ ਅੱਜ ਦੁਪਹਿਰ ਕਰੀਬ ਦੋ ਵਜੇ ਉਸ ਸਮੇਂ ਵਾਪਰੀ ਜਦੋਂ ਲੀਲਾ ਰਾਣੀ ਪਤਨੀ ਸੱਤਪਾਲ ਵਾਸੀ ਵਾਰਡ ਨੰ. 7 ਆਦਰਸ਼ ਨਗਰ ਭੋਗਪੁਰ ਪੰਜਾਬ ਨੈਸ਼ਨਲ ਬੈਂਕ ਤੋਂ 1 ਲੱਖ 25 ਹਜ਼ਾਰ ਰੁਪਏ ਕਢਵਾ ਕੇ ਆਪਣੇ ਘਰ ਜਾ ਰਹੀ ਸੀ। ਲੀਲਾ ਰਾਣੀ ਨੇ ਜਗਬਾਣੀ ਨਾਲ ਗੱਲਬਾਤ ਕਰਕੇ ਦੱਸਿਆ ਕਿ ਜਦੋਂ ਉਹ ਬੈਂਕ ਤੋਂ ਆਪਣੇ ਘਰ ਵੱਲ ਜਾ ਰਹੀ ਸੀ ਤਾਂ ਆਦਮਪੁਰ ਰੋਡ 'ਤੇ ਕੁਝ ਔਰਤਾਂ ਨੇ ਉਸ ਨੂੰ ਰੋਕ ਕੇ ਡਾਕਟਰ ਦੀ ਦੁਕਾਨ ਬਾਰੇ ਪੁੱਛਿਆ। ਇਸ ਦੌਰਾਨ ਇਕ ਔਰਤ ਨੇ ਬਲੇਡ ਨਾਲ ਉਸ ਦਾ ਬੈਗ ਕੱਟ ਕੇ ਉਸ 'ਚੋਂ 1 ਲੱਖ 25 ਹਜ਼ਾਰ ਰੁਪਏ ਕੱਢ ਲਏ। ਜਦੋਂ ਉਹ ਔਰਤਾਂ ਚਲੀਆਂ ਗਈਆਂ ਤਾਂ ਕੁਝ ਅੱਗੇ ਜਾ ਕੇ ਉਸ ਨੇ ਆਪਣੇ ਬੈਗ ਦੇਖਿਆ ਤਾਂ ਉਸ ਦੇ ਹੋਸ਼ ਉੱਡ ਗਏ, ਕਿਉਂਕਿ ਬੈਗ 'ਚ ਨਕਦੀ ਨਹੀਂ ਸੀ। ਮੌਕੇ 'ਤੇ ਮੌਜੂਦ ਕੁਝ ਨੌਜਵਾਨਾਂ ਨੇ ਲੀਲਾ ਰਾਣੀ ਨੂੰ ਨਾਲ ਲੈ ਕੇ ਉਕਤ ਔਰਤਾਂ ਦਾ ਪਿੱਛਾ ਕੀਤਾ 'ਤੇ ਉਨ੍ਹਾਂ ਨੂੰ ਰੇਲਵੇ ਕੁਆਰਟਰ ਕੋਲ ਦਬੋਚ ਲਿਆ। ਮੌਕੇ 'ਤੇ ਉਨ੍ਹਾਂ ਕੋਲੋ 68 ਹਜ਼ਾਰ ਰੁਪਏ ਬਰਾਮਦ ਵੀ ਕਰ ਲਏ। ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਅਤੇ ਔਰਤਾਂ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ। ਪੁਲਸ ਨੇ ਥਾਣੇ ਲਿਜਾ ਕੇ ਜਦੋਂ ਇਨ੍ਹਾਂ ਔਰਤਾਂ ਤੋਂ ਪੁੱਛਗਿਛ ਕੀਤੀ ਤਾਂ ਤਲਾਸ਼ੀ ਦੌਰਾਨ ਬਾਕੀ ਰਕਮ ਵੀ ਬਰਾਮਦ ਕਰ ਲਈ। ਪੁੱਛਗਿੱਛ ਦੌਰਾਨ ਦੋਸ਼ੀ ਔਰਤਾਂ ਦੀ ਪਛਾਣ ਚੰਦਾ ਪਤਨੀ ਗੌਤਮ ਰਾਮ, ਜਾਨੋ ਪਤਨੀ ਜਤੇਸ਼, ਪ੍ਰੀਆ ਤੇ ਕਾਜਲ ਵਜੋਂ ਹੋਈ ਹੈ। ਲੁੱਟ ਕਰਨ ਵਾਲੀਆਂ ਔਰਤਾਂ ਤੋਂ ਪੁਲਸ ਹੋਰ ਵੀ ਪੁੱਛਗਿੱਛ ਕਰ ਰਹੀ ਹੈ।


Related News