ਮੋਹਾਲੀ ’ਚ ਤਿੰਨ ਨਾਬਾਲਗ ਕੁੜੀਆਂ ਦੇ ਲਾਪਤਾ ਹੋਣ ਦੇ ਮਾਮਲੇ ਦਰਜ

Tuesday, Aug 18, 2026 - 02:12 PM (IST)

ਮੋਹਾਲੀ ’ਚ ਤਿੰਨ ਨਾਬਾਲਗ ਕੁੜੀਆਂ ਦੇ ਲਾਪਤਾ ਹੋਣ ਦੇ ਮਾਮਲੇ ਦਰਜ

ਮੋਹਾਲੀ (ਜੱਸੀ) : ਮੋਹਾਲੀ 'ਚ ਵੱਖ-ਵੱਖ ਥਾਵਾਂ ਤੋਂ ਤਿੰਨ ਨਾਬਾਲਗ ਕੁੜੀਆਂ ਦੇ ਲਾਪਤਾ ਹੋਣ ਦੇ ਮਾਮਲੇ ਸਾਹਮਣੇ ਆਏ ਹਨ। ਪੁਲਸ ਨੇ ਕੁੜੀਆਂ ਦੇ ਪਰਿਵਾਰਕ ਮੈਂਬਰਾਂ ਦੀਆਂ ਸ਼ਿਕਾਇਤਾਂ ਦੇ ਆਧਾਰ ’ਤੇ ਨਾਮਜ਼ਦ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਥਾਣਾ ਫੇਜ਼-1 ਅਧੀਨ ਉਦਯੋਗਿਕ ਖੇਤਰ ਫੇਜ਼-8ਬੀ ਤੋਂ 12 ਸਾਲਾ ਕੁੜੀ ਦੇ ਲਾਪਤਾ ਹੋਣ ਸਬੰਧੀ ਉਸ ਦੇ ਪਿਤਾ ਨੇ ਸ਼ਿਕਾਇਤ ਦਿੱਤੀ। ਉਸ ਮੁਤਾਬਕ ਕੁੜੀ ਅਕਸਰ ਖਾਲੀ ਪਲਾਟ ਵਿੱਚ ਖੇਡਣ ਜਾਂਦੀ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਕੁੜੀ ਨੇ ਪਹਿਲਾਂ ਉਸ ਨੂੰ ਦੱਸਿਆ ਸੀ ਕਿ ਨਰੇਸ਼ ਰਾਏ ਦਾ ਪੁੱਤਰ ਪ੍ਰਦੀਪ ਉਸ ਨੂੰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਮੋਬਾਇਲ ਅਤੇ ਪੈਸੇ ਦੇਣ ਦੀ ਗੱਲ ਕਰਦਾ ਹੈ। 16 ਅਗਸਤ ਨੂੰ ਸਵੇਰੇ ਕੁੜੀ ਦੇ ਘਰੋਂ ਗਾਇਬ ਮਿਲਣ ਅਤੇ ਪਰਦੀਪ ਦੇ ਵੀ ਮੌਜੂਦ ਨਾ ਹੋਣ ’ਤੇ ਪਰਿਵਾਰ ਨੇ ਉਸ ’ਤੇ ਕੁੜੀ ਨੂੰ ਵਰਗਲਾ ਕੇ ਲੈ ਜਾਣ ਦਾ ਸ਼ੱਕ ਜਤਾਇਆ।

ਪੁਲਸ ਨੇ ਪਰਦੀਪ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਦੂਜੇ ਮਾਮਲੇ ਵਿੱਚ ਥਾਣਾ ਫੇਜ਼-11 ਅਧੀਨ ਉਦਯੋਗਿਕ ਖੇਤਰ ਫੇਜ਼-9 ਤੋਂ 16 ਸਾਲਾ ਕੁੜੀ ਦੇ ਲਾਪਤਾ ਹੋਣ ਦੀ ਸ਼ਿਕਾਇਤ ਮਿਲੀ। ਉਸ ਦੇ ਪਿਤਾ ਮੁਤਾਬਕ 14 ਅਗਸਤ ਨੂੰ ਉਹ ਅਤੇ ਉਸ ਦੀ ਪਤਨੀ ਕੰਮ ’ਤੇ ਗਏ ਹੋਏ ਸਨ, ਜਦਕਿ ਛੋਟੇ ਬੱਚੇ ਸਕੂਲ ਚਲੇ ਗਏ। ਸ਼ਾਮ ਨੂੰ ਵਾਪਸ ਆਉਣ ’ਤੇ ਕੁੜੀ ਘਰ ਨਹੀਂ ਮਿਲੀ। ਪਰਿਵਾਰ ਨੂੰ ਪਤਾ ਲੱਗਾ ਕਿ ਰਾਹੁਲ ਨਾਂ ਦਾ ਨੌਜਵਾਨ ਉਸ ਦੇ ਸੰਪਰਕ ਵਿੱਚ ਸੀ ਅਤੇ ਉਨ੍ਹਾਂ ਨੇ ਉਸ ’ਤੇ ਕੁੜੀ ਨੂੰ ਵਰਗਲਾ ਕੇ ਲੈ ਜਾਣ ਦਾ ਸ਼ੱਕ ਜਤਾਇਆ। ਪੁਲਸ ਨੇ ਰਾਹੁਲ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਤੀਜੇ ਮਾਮਲੇ ਵਿੱਚ ਥਾਣਾ ਆਈ. ਟੀ. ਸਿਟੀ ਅਧੀਨ ਪਿੰਡ ਝਿਊਰਹੇੜੀ ਤੋਂ ਇੱਕ ਨਾਬਾਲਗ ਕੁੜੀ ਦੇ ਲਾਪਤਾ ਹੋਣ ਦੀ ਸ਼ਿਕਾਇਤ ਸਾਹਮਣੇ ਆਈ। ਪਰਿਵਾਰ ਵੱਲੋਂ ਲਗਾਏ ਦੋਸ਼ਾਂ ਅਨੁਸਾਰ ਅੰਮ੍ਰਿਤਸਰ ਵਾਸੀ ਅਕਾਸ਼ਦੀਪ ਸਿੰਘ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਆਪਣੇ ਨਾਲ ਲੈ ਗਿਆ। ਪੁਲਸ ਨੇ ਅਕਾਸ਼ਦੀਪ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
 


author

Babita

Content Editor

Related News