ਰਿਸ਼ਵਤਖੋਰ ਸੇਵਾਦਾਰ ਵਿਰੁੱਧ ਪਰਚਾ ਦਰਜ, ਪਲਾਟ ਦੀ NOC ਦਵਾਉਣ ਬਦਲੇ ਲਿਆ ਸੀ ਲੱਖ ਰੁਪਈਆ

Wednesday, Oct 26, 2022 - 07:35 PM (IST)

ਰਿਸ਼ਵਤਖੋਰ ਸੇਵਾਦਾਰ ਵਿਰੁੱਧ ਪਰਚਾ ਦਰਜ, ਪਲਾਟ ਦੀ NOC ਦਵਾਉਣ ਬਦਲੇ ਲਿਆ ਸੀ ਲੱਖ ਰੁਪਈਆ

ਅੰਮ੍ਰਿਤਸਰ (ਗੁਰਿੰਦਰ ਸਾਗਰ) : ਵਿਜੀਲੈਂਸ ਬਿਉਰੋ ਵੱਲੋਂ ਪਲਾਟ ਦੀ ਐੱਨ. ਓ. ਸੀ. ਦਵਾਉਣ ਲਈ ਇਕ ਲੱਖ ਰੁਪਏ ਦੀ ਰਿਸ਼ਵਤ ਲੈਣ ਵਾਲੇ ਸੇਵਾਦਾਰ ਵਿਰੁੱਧ ਪਰਚਾ ਦਰਜ ਕੀਤਾ ਗਿਆ ਹੈ। ਹਾਲਾਂਕਿ ਸੇਵਾਦਾਰ ਐੱਨ. ਓ. ਸੀ. ਮੁਹੱਈਆ ਨਾ ਕਰਵਾਣ ਕਰਕੇ ਸ਼ਿਕਾਇਤਕਰਤਾ ਨੂੰ ਪੈਸੇ ਵਾਪਸ ਕਰ ਚੁੱਕਿਆ ਸੀ।

ਜਾਣਕਾਰੀ ਮੁਤਾਬਕ ਪੰਜਾਬ ਵਿਜੀਲੈਂਸ ਬਿਊੂਰੋ ਨੂੰ ਤਹਿਸੀਲ ਦਫਤਰ-2 ਅੰਮ੍ਰਿਤਸਰ ਵਿਖੇ ਤਾਇਨਾਤ ਸੇਵਾਦਾਰ ਗੁਰਧੀਰ ਸਿੰਘ ਵਿਰੁੱਧ ਆਨਲਾਈਨ ਸ਼ਿਕਾਇਤ ਮਿਲੀ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਸੇਵਾਦਾਰ ਖਿਲਾਫ ਸ਼ਿਕਾਇਤਕਰਤਾ ਜੈਬੀਰ ਸਿੰਘ ਵਾਸੀ ਪਿੰਡ ਕੱਕਾ ਕੰਡਿਆਲਾ, ਜ਼ਿਲ੍ਹਾ ਤਰਨਤਾਰਨ ਵੱਲੋਂ ਬਿਉਰੋ ਕੋਲ ਦਰਜ ਕਰਵਾਈ ਇਕ ਆਨਲਾਈਨ ਸ਼ਿਕਾਇਤ ਦੇ ਅਧਾਰ ’ਤੇ ਇਹ ਕੇਸ ਦਰਜ ਕੀਤਾ ਗਿਆ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਹੈ ਕਿ ਉਕਤ ਮੁਲਾਜ਼ਮ ਨੇ ਉਸ ਦੀ ਸੱਸ ਦੇ ਪਲਾਟ ਦੀ ਰਜਿਸਟਰੀ ਕਰਾਉਣ ਲਈ ਐੱਨ. ਓ. ਸੀ. ਮੁਹੱਈਆ ਕਰਨ ਦੇ ਇਵਜ਼ 'ਚ ਇਕ ਲੱਖ ਰੁਪਏ ਦੀ ਰਿਸ਼ਵਤ ਲਈ ਸੀ ਜੋ ਕਿ ਐੱਨ. ਓ. ਸੀ. ਨਾ ਦੇਣ ਕਾਰਨ ਉਸ ਨੇ ਵਾਪਸ ਕਰ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ - ਸਿਰ-ਫਿਰੇ ਦਾ ਕਾਰਾ, 4 ਬੱਚਿਆਂ ਦੀ ਮਾਂ ਦੇ ਭਰੇ ਬਾਜ਼ਾਰ ’ਚ ਮਾਰਿਆ ਚਾਕੂ, ਖ਼ੁਦ ਨੂੰ ਵੀ ਕੀਤਾ ਜ਼ਖ਼ਮੀ

ਬੁਲਾਰੇ ਨੇ ਅੱਗੇ ਦੱਸਿਆ ਕਿ ਸ਼ਿਕਾਇਤ ਨਾਲ ਪੇਸ਼ ਕੀਤੇ ਤੱਥਾਂ ਤੇ ਸਬੂਤਾਂ ਦੀ ਪੜਤਾਲ ਉਪਰੰਤ ਉਕਤ ਮੁਲਾਜ਼ਮ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਤਹਿਤ ਰਿਸ਼ਵਤਖੋਰੀ ਦਾ ਮਾਮਲਾ ਬਿਊਰੋ ਦੇ ਥਾਣਾ ਅੰਮ੍ਰਿਤਸਰ ਵਿਖੇ ਦਰਜ ਕੀਤਾ ਗਿਆ ਹੈ ਅਤੇ ਅਗਲੇਰੀ ਪੜਤਾਲ ਜਾਰੀ ਹੈ। ਉਸ ਨੂੰ ਵਿਜੀਲੈਂਸ ਬਿਊਰੋ ਕੋਲ ਪੇਸ਼ ਹੋਣ ਲਈ ਨੋਟਿਸ ਵੀ ਭੇਜ ਦਿੱਤਾ ਹੈ।


author

Anuradha

Content Editor

Related News