ਬਘੌਰਾ ਬ੍ਰਿਜ ਦੇ ਨੇੜਿਓਂ ਇਕ ਹੋਰ ਬੱਚੇ ਦੀ ਮਿਲੀ ਲਾਸ਼

08/04/2019 10:14:58 AM

ਪਟਿਆਲਾ (ਬਲਜਿੰਦਰ)—ਪਿੰਡ ਖੇੜੀ ਗੰਡਿਆਂ ਦੇ ਲਾਪਤਾ ਬੱਚਿਆਂ ਦੀ ਭਾਲ ਕਰ ਰਹੀ ਪਟਿਆਲਾ ਪੁਲਸ ਨੂੰ ਅੱਜ ਨਰਵਾਣਾ ਬ੍ਰਾਂਚ ਦੇ ਬਘੌਰਾ ਬ੍ਰਿਜ ਦੇ ਕੋਲੋਂ ਇਕ ਹੋਰ ਬੱਚੇ ਦੀ ਲਾਸ਼ ਮਿਲੀ ਹੈ। ਇਹ ਬ੍ਰਿਜ ਘਨੌਰ ਤੋਂ 18 ਕਿਲੋਮੀਟਰ ਦੂਰ ਹੈ। ਬੱਚੇ ਦੀ ਉਮਰ 11 ਤੋਂ 12 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ। ਲਾਸ਼ ਮਿਲਣ ਤੋਂ ਬਾਅਦ ਪੁਲਸ ਨੇ ਫਿਰ ਪਰਿਵਾਰ ਨੂੰ ਬੁਲਾਇਆ ਅਤੇ ਪਰਿਵਾਰ ਨੇ ਕਿਹਾ ਇਹ ਵੀ ਸਾਡੇ ਬੱਚੇ ਦੀ ਲਾਸ਼ ਨਹੀਂ ਹੈ, ਜਿਸ ਕਾਰਨ ਪੁਲਸ ਦੇ ਹੱਥ ਫਿਰ ਨਿਰਾਸ਼ਾ ਹੀ ਲੱਗੀ ਹੈ।

ਦੂਜੇ ਪਾਸੇ ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਬੱਚੇ ਦੀ ਉਮਰ 10 ਤੋਂ 12 ਸਾਲਾਂ ਦੇ ਵਿਚਕਾਰ ਹੈ ਅਤੇ ਲਾਸ਼ 10 ਤੋਂ 12 ਦਿਨ ਹੀ ਪੁਰਾਣੀ ਲੱਗ ਰਹੀ ਹੈ। ਉਨ੍ਹਾਂ ਦੱਸਿਆ ਕਿ ਲਾਸ਼ ਪਰਿਵਾਰ ਵਾਲਿਆਂ ਨੂੰ ਦਿਖਾਈ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਵੀ ਉਨ੍ਹਾਂ ਦੇ ਬੱਚੇ ਦੀ ਲਾਸ਼ ਨਹੀਂ ਹੈ। ਐੱਸ. ਐੱਸ. ਪੀ. ਦਾ ਕਹਿਣਾ ਸੀ ਕਿ ਜਦੋਂ ਪਰਿਵਾਰ ਨੇ ਬੱਚਿਆਂ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਵਾਈ ਸੀ ਤਾਂ ਉਨ੍ਹਾਂ ਇਕ ਬੱਚੇ ਦੇ ਗਲ ਵਿਚ ਕਾਲਾ ਧਾਗਾ ਅਤੇ ਉਸ ਨੇ ਲਾਲ ਟੀ-ਸ਼ਰਟ ਪਾਈ ਹੋਣ ਦੀ ਗੱਲ ਆਖੀ ਸੀ ਅਤੇ ਇਸ ਬੱਚੇ ਦੇ ਗਲ ਵਿਚ ਵੀ ਕਾਲਾ ਧਾਗਾ ਅਤੇ ਉਸ ਨੇ ਲਾਲ ਟੀ-ਸ਼ਰਟ ਪਾਈ ਹੋਈ ਹੈ ਪਰ ਪਰਿਵਾਰ ਇਸ ਤੋਂ ਇਨਕਾਰ ਕਰ ਰਿਹਾ ਹੈ। ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਸਰਾਲਾ ਹੈੱਡ ਤੋਂ ਵੀ ਇਕ ਬੱਚੇ ਦੀ ਇਕ ਲਾਸ਼ ਮਿਲੀ ਸੀ ਅਤੇ ਉਸ ਨੂੰ ਵੀ ਪਰਿਵਾਰ ਨੇ ਆਪਣਾ ਬੱਚਾ ਹੋਣ ਤੋਂ ਇਨਕਾਰ ਕਰ ਦਿੱਤਾ ਸੀ।

ਉਧਰ ਦੂਜੇ ਪਾਸੇ ਲਾਪਤਾ ਬੱÎਚਿਆਂ ਦੇ ਪਿਤਾ ਵੱਲੋਂ ਡੀ. ਐੱਨ. ਏ. ਸੈਂਪਲ ਦੇਣ ਤੋਂ ਇਨਕਾਰ ਕਰਨ ਦੇ ਮਾਮਲੇ ਵਿਚ ਰਾਜਪੁਰਾ ਦੀ ਅਦਾਲਤ ਨੇ ਪਰਿਵਾਰ ਤੋਂ 5 ਅਗਸਤ ਨੂੰ ਜਵਾਬ ਮੰਗਿਆ ਹੈ।


Shyna

Content Editor

Related News