ਪੰਜਾਬ 'ਚ ਰਾਤ ਵੇਲੇ ਵਾਪਰੀ ਵੱਡੀ ਘਟਨਾ, ਪਿਸਤੌਲ ਦੀ ਨੋਕ 'ਤੇ 3 ਨੌਜਵਾਨਾਂ ਨੇ ਖੋਹੀ ਕਾਰ

Saturday, Jul 27, 2024 - 12:36 PM (IST)

ਬਠਿੰਡਾ (ਵਿਜੇ ਵਰਮਾ) : ਮਾਡਲ ਟਾਊਨ ਇਲਾਕੇ 'ਚ ਦੇਰ ਰਾਤ 3 ਨੌਜਵਾਨਾਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ। ਉਕਤ ਨੌਜਵਾਨਾਂ ਨੇ ਕਰੇਟਾ ਕਾਰ ਸਵਾਰ ਦੇ ਸਿਰ 'ਤੇ ਵਾਰ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਅਤੇ ਫਿਰ ਪਿਸਤੌਲ ਦੀ ਨੋਕ 'ਤੇ ਕਾਰ ਖੋਹ ਕੇ ਫ਼ਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਜ਼ਖਮੀ ਵਾਹਨ ਮਾਲਕ ਨੂੰ ਹਸਪਤਾਲ ਪਹੁੰਚਾਇਆ ਅਤੇ ਕੁੱਝ ਸਮੇਂ ਬਾਅਦ ਗੱਡੀ ਨੂੰ ਬਰਾਮਦ ਕਰਨ ਦੇ ਨਾਲ-ਨਾਲ ਪੁਲਸ ਨੇ ਸਾਬਕਾ ਪੁਲਸ ਮੁਲਾਜ਼ਮ ਵਿਜੇ ਕੁਮਾਰ ਦੇ ਪੁੱਤਰ ਵਿਕਾਸ ਸ਼ਰਮਾ, ਅਮਨ ਚਾਵਲਾ ਅਤੇ ਦੀਪਕ ਸ਼ਰਮਾ ਉਰਫ਼ ਦੀਪੂ ਨੂੰ ਗ੍ਰਿਫ਼ਤਾਰ ਕਰ ਲਿਆ, ਜਿਨ੍ਹਾਂ ਕੋਲੋਂ 32 ਬੋਰ ਦਾ ਅਸਲਾ ਵੀ ਬਰਾਮਦ ਹੋਇਆ।

ਇਹ ਵੀ ਪੜ੍ਹੋ : PGI ਬਾਹਰ ਨਿਹੰਗ ਸਿੰਘ ਨੇ ਕੀਤੀ ਵੱਡੀ ਵਾਰਦਾਤ, ਮਗਰੋਂ ਚੌਰਾਹੇ 'ਤੇ ਖੜ੍ਹੇ ਹੋ ਲਹਿਰਾਈ ਤਲਵਾਰ

ਪ੍ਰਾਪਤ ਜਾਣਕਾਰੀ ਅਨੁਸਾਰ ਵਿਸ਼ਾਲ ਨਗਰ ਦਾ ਰਹਿਣ ਵਾਲਾ ਇੱਕ ਵਿਅਕਤੀ ਦੇਰ ਰਾਤ ਆਪਣੀ ਕਰੇਟਾ ਗੱਡੀ 'ਚ ਮਾਡਲ ਟਾਊਨ ਇਲਾਕੇ 'ਚ ਆਇਆ ਸੀ। ਇਸ ਦੌਰਾਨ 3 ਨੌਜਵਾਨਾਂ ਨੇ ਆ ਕੇ ਡਰਾਈਵਰ ਸੀਟ 'ਤੇ ਬੈਠੇ ਕਾਰ ਮਾਲਕ ਦੇ ਸਿਰ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ। ਇਸ ਮਗਰੋਂ ਉਹ ਉਸ ਤੋਂ ਕਾਰ ਖੋਹ ਕੇ ਫ਼ਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੀ. ਸੀ. ਆਰ ਅਤੇ ਪੁਲਸ ਪਾਰਟੀ ਮੌਕੇ 'ਤੇ ਪਹੁੰਚ ਗਈ।

ਇਹ ਵੀ ਪੜ੍ਹੋ : CM ਮਾਨ ਮਾਲਵਾ ਨਹਿਰ ਬਣਾਉਣ ਵਾਲੀ ਥਾਂ ਦਾ ਕਰਨਗੇ ਮੁਆਇਨਾ, ਕਿਸਾਨਾਂ ਨੂੰ ਮਿਲੇਗਾ ਵੱਡਾ ਲਾਭ (ਵੀਡੀਓ)

ਪੁਲਸ ਜ਼ਖਮੀਆਂ ਨੂੰ ਹਸਪਤਾਲ ਲੈ ਗਈ। ਇਸ ਦੌਰਾਨ ਸੀ. ਆਈ. ਏ.-2 ਸਟਾਫ਼ ਅਤੇ ਪੀ. ਸੀ. ਆਰ. ਪੁਲਸ ਦੀਆਂ ਟੀਮਾਂ ਨੇ ਗੱਡੀ ਦੀ ਤਲਾਸ਼ੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ। ਕਾਰ ਮਾਲਕ ਵੱਲੋਂ ਆਪਣੀ ਗੱਡੀ ’ਤੇ ਲਗਾਏ ਗਏ ਜੀ. ਪੀ. ਐੱਸ. ਸਿਸਟਮ ਰਾਹੀਂ ਪੁਲਸ ਨੇ ਥੋੜ੍ਹੇ ਸਮੇਂ 'ਚ ਹੀ ਲਾਲ ਸਿੰਘ ਬਸਤੀ 'ਚ ਸਾਬਕਾ ਪੁਲਸ ਮੁਲਾਜ਼ਮ ਦੇ ਘਰੋਂ ਗੱਡੀ ਬਰਾਮਦ ਕਰ ਲਈ। ਦੇਰ ਰਾਤ ਪੁਲਸ ਨੇ ਸਾਬਕਾ ਪੁਲਸ ਮੁਲਾਜ਼ਮ ਦੇ ਪੁੱਤਰ ਵਿਕਾਸ ਸ਼ਰਮਾ, ਅਮਨ ਚਾਵਲਾ, ਦੀਪਕ ਸ਼ਰਮਾ ਉਰਫ਼ ਦੀਪੂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 32 ਬੋਰ ਦਾ ਅਸਲਾ ਬਰਾਮਦ ਕੀਤਾ ਹੈ। ਕਾਬੂ ਕੀਤੇ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਥਾਣਾ ਸਿਵਲ ਲਾਈਨ ਦੀ ਪੁਲਸ ਨੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 


Babita

Content Editor

Related News