ਜਲੰਧਰ ਦੇ ਅਮਨ ਨਗਰ ’ਚ ਗੁੰਡਾਗਰਦੀ ਦਾ ਨੰਗਾ ਨਾਚ, ਲਲਕਾਰੇ ਮਾਰ ਭੰਨੇ ਗੱਡੀਆਂ ਦੇ ਸ਼ੀਸ਼ੇ
Sunday, Dec 27, 2020 - 06:12 PM (IST)
 
            
            ਜਲੰਧਰ (ਵਰੁਣ)— ਅਮਨ ਨਗਰ ਵਿਚ ਵਿਸ਼ਵਕਰਮਾ ਮੰਦਰ ਨੇੜੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਕਰੀਬ ਡੇਢ ਦਰਜਨ ਨੌਜਵਾਨਾਂ ਨੇ ਜੰਮ ਕੇ ਗੁੰਡਾਗਰਦੀ ਕੀਤੀ। ਮੁਲਜ਼ਮਾਂ ਨੇ ਲਲਕਾਰੇ ਮਾਰਦੇ ਹੋਏ ਗੱਡੀਆਂ ਦੇ ਸ਼ੀਸ਼ੇ ਤੋੜੇ ਅਤੇ ਫਿਰ ਉਥੋਂ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ। ਇਹ ਹਮਲਾ ਪੁਰਾਣੀ ਰੰਜਿਸ਼ ਕਾਰਣ ਕੀਤਾ ਗਿਆ, ਜਿਸ ਸਬੰਧੀ ਥਾਣਾ ਨੰਬਰ 8 ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਹੈ।

ਜਾਣਕਾਰੀ ਦਿੰਦੇ ਹੋਏ ਮੁਖਤਿਆਰ ਸਿੰਘ ਪੁੱਤਰ ਅਰਜੁਨ ਸਿੰਘ ਵਾਸੀ ਅਮਨ ਨਗਰ ਨੇ ਦੱਸਿਆ ਕਿ ਇਕ ਪਾਰਟੀ ਦੇ ਪ੍ਰਧਾਨ ਦਾ ਬੇਟਾ ਉਸ ਦੇ ਨਾਲ ਪੁਰਾਣੀ ਰੰਜਿਸ਼ ਰੱਖਦਾ ਹੈ, ਜਿਸ ਨੇ ਆਪਣੇ ਕਰੀਬ ਡੇਢ ਦਰਜਨ ਸਾਥੀਆਂ ਨਾਲ ਉਨ੍ਹਾਂ ਦੇ ਘਰ ਦੇ ਬਾਹਰ ਆ ਕੇ ਗੁੰਡਾਗਰਦੀ ਕੀਤੀ ਅਤੇ ਤੇਜ਼ਧਾਰ ਹਥਿਆਰ ਲਹਿਰਾਉਂਦੇ ਹੋਏ ਉਥੇ ਖੜ੍ਹੇ ਛੋਟੇ ਹਾਥੀ ਸਮੇਤ 3 ਗੱਡੀਆਂ ਦੇ ਸ਼ੀਸ਼ੇ ਤੋੜ ਦਿੱਤੇ। ਉਨ੍ਹਾਂ ਕਿਹਾ ਕਿ ਕਰੀਬ ਇਕ ਸਾਲ ਪਹਿਲਾਂ ਰਸਤੇ ਤੋਂ ਨਿਕਲਣ ਦੌਰਾਨ ਹੋਏ ਵਿਵਾਦ ਦੀ ਉਕਤ ਵਿਅਕਤੀ ਰੰਜਿਸ਼ ਰੱਖਦਾ ਹੈ, ਜਿਸ ਤੋਂ ਬਾਅਦ ਉਹ 2-3 ਵਾਰ ਉਨ੍ਹਾਂ ’ਤੇ ਹਮਲਾ ਕਰ ਚੁੱਕਾ ਹੈ।

ਉਨ੍ਹਾਂ ਕਿਹਾ ਕਿ ਸਿਆਸੀ ਦਬਾਅ ਹੋਣ ਕਾਰਨ ਪੁਲਸ ਉਕਤ ਲੋਕਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰ ਰਹੀ। ਉਥੇ ਹੀ ਇਸ ਹਮਲੇ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਸਾਹਮਣੇ ਆਈ ਹੈ, ਜਿਸ ’ਚ ਕਰੀਬ ਡੇਢ ਦਰਜਨ ਨੌਜਵਾਨ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਆਏ ਅਤੇ ਭੰਨ-ਤੋੜ ਤੋਂ ਬਾਅਦ ਉਥੋਂ ਫਰਾਰ ਹੋ ਗਏ। ਥਾਣਾ ਨੰਬਰ 8 ਦੇ ਏ. ਐੱਸ. ਆਈ. ਕ੍ਰਿਪਾਲ ਸਿੰਘ ਦਾ ਕਹਿਣਾ ਹੈ ਕਿ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            