ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਉਨ੍ਹਾਂ ਦੇ ਭਤੀਜੇ ਨੇ ਟਿਊਬਵੈੱਲ ਦੀ ਸਬਸਿਡੀ ਛੱਡੀ

04/26/2018 7:01:54 AM

ਅਬੋਹਰ  (ਸੁਨੀਲ)  - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੀਤੇ ਸਾਲ ਜੂਨ ਮਹੀਨੇ 'ਚ ਕੀਤੀ ਗਈ ਟਿਊਬਵੈੱਲ 'ਤੇ ਬਿਜਲੀ ਸਬਸਿਡੀ ਛੱਡਣ ਦੀ ਅਪੀਲ ਦਾ ਸਭ ਤੋਂ ਪਹਿਲਾਂ ਅਸਰ ਪੰਜਾਬ ਕਾਂਗਰਸ ਪ੍ਰਧਾਨ ਅਤੇ ਸੰਸਦ ਮੈਂਬਰ ਸੁਨੀਲ ਜਾਖੜ ਅਤੇ ਉਨ੍ਹਾਂ ਦੇ ਭਤੀਜੇ ਅਤੇ ਪੰਜਾਬ ਕਿਸਾਨ ਕਮਿਸ਼ਨ ਦੇ ਪ੍ਰਧਾਨ ਅਜੈਵੀਰ ਜਾਖੜ 'ਤੇ ਹੀ ਹੋਇਆ ਹੈ । ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸੀਨੀਅਰ ਅਧਿਕਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਸਤੰਬਰ ਮਹੀਨੇ 'ਚ ਜਾਖੜ ਪਰਿਵਾਰ ਦੇ ਦੋ ਮੈਂਬਰਾਂ ਨੇ ਪੰਜਕੋਸੀ ਪਿੰਡ ਵਿਚ ਚੱਲ ਰਹੇ ਟਿਊਬਵੈੱਲ ਕੁਨੈਕਸ਼ਨਾਂ 'ਤੇ ਮਿਲਣ ਵਾਲੀ ਸਬਸਿਡੀ ਆਪਣੀ ਮਰਜ਼ੀ ਨਾਲ ਛੱਡ ਦਿੱਤੀ ਸੀ। ਵਰਣਨਯੋਗ ਕਿ ਅਜੈਵੀਰ ਜਾਖੜ ਸਾਬਕਾ ਸਿੰਚਾਈ ਅਤੇ ਸਹਿਕਾਰਤਾ ਮੰਤਰੀ ਸੱਜਣ ਕੁਮਾਰ ਜਾਖੜ ਦੇ ਪੁੱਤਰ ਹਨ। ਅਧਿਕਾਰਕ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜ਼ਿਲਾ ਫਾਜ਼ਿਲਕਾ ਦੇ ਅਧੀਨ ਅਬੋਹਰ 'ਚ 6379 ਅਤੇ ਫਾਜ਼ਿਲਕਾ ਵਿਚ 21575 ਕਿਸਾਨ ਟਿਊਬਵੈੱਲਾਂ ਰਾਹੀਂ ਸਿੰਚਾਈ ਕਰਦੇ ਹਨ।
ਜੇਕਰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਮੁਕਤਸਰ ਸਰਕਲ ਦੀ ਗੱਲ ਕਰੀਏ ਤਾਂ ਪਤਾ ਲੱਗਦਾ ਹੈ ਕਿ ਮੁਕਤਸਰ ਡਵੀਜ਼ਨ 'ਚ 27591, ਮਲੋਟ 'ਚ 19146, ਗਿੱਦੜਬਾਹਾ 'ਚ 15369 ਅਤੇ ਬਾਦਲ ਡਵੀਜ਼ਨ 'ਚ 11783 ਟਿਊਬਵੈੱਲ ਕੁਨੈਕਸ਼ਨ ਚੱਲ ਰਹੇ ਹਨ। ਇਸ ਤਰ੍ਹਾਂ ਮੁਕਤਸਰ ਸਰਕਲ 'ਚ 1 ਲੱਖ ਤੋਂ ਜ਼ਿਆਦਾ ਖਪਤਕਾਰ ਸਬਸਿਡੀ ਦਾ ਮੁਨਾਫਾ ਲੈ ਰਹੇ ਹਨ । ਸਬਸਿਡੀ ਯੋਜਨਾ ਦਾ ਜਿਨ੍ਹਾਂ ਕਿਸਾਨ ਪਰਿਵਾਰਾਂ ਨੂੰ ਮੁਨਾਫ਼ਾ ਹੁੰਦਾ ਹੈ, ਉਨ੍ਹਾਂ 'ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਉਪ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ, ਯੁਵਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪਰਿਵਾਰ ਵੀ ਸ਼ਾਮਲ ਹਨ। ਸਬਸਿਡੀ ਦਾ ਸੂਬਾ ਸਰਕਾਰ ਦੀ ਮਾਲੀ ਹਾਲਤ 'ਤੇ ਪੈਣ ਵਾਲਾ ਬੋਝ ਘੱਟ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਨੇ ਆਰਥਕ ਪੱਖੋਂ ਮਜ਼ਬੂਤ ਕਿਸਾਨਾਂ ਤੋਂ ਬੀਤੇ ਸਾਲ ਜੂਨ ਮਹੀਨੇ 'ਚ ਅਪੀਲ ਕੀਤੀ ਸੀ ਕਿ ਉਹ ਆਪਣੀ ਮਰਜ਼ੀ ਨਾਲ ਸਬਸਿਡੀ ਛੱਡ ਦੇਣ ਤਾਂ ਜੋ ਕਾਰਪੋਰੇਸ਼ਨ ਅਤੇ ਸੂਬਾ ਸਰਕਾਰ ਨੂੰ ਰਾਹਤ ਮਿਲੇ ਪਰ ਕਾਰਪੋਰੇਸ਼ਨ ਦੇ ਨਿਯਮ ਦੱਸਦੇ ਹਨ ਕਿ ਇਸ ਅਪੀਲ ਦਾ ਅਸਰ ਸੁਨੀਲ ਜਾਖੜ ਅਤੇ ਅਜੈਵੀਰ ਜਾਖੜ ਨੂੰ ਛੱਡ ਕੇ ਕਿਸੇ ਵੀ ਵੱਡੇ ਆਗੂ 'ਤੇ ਨਹੀਂ ਹੋਇਆ । ਉਹ ਇਸ ਸਹੂਲਤ ਦਾ ਮੁਨਾਫਾ ਲੈ ਰਹੇ ਹਨ।


Related News