ਕਾਂਗਰਸ ਸੰਸਦ ''ਚ ਚੁੱਕੇਗੀ ਮੋਦੀ ਦੀ ਕੈਪਟਨ ਸਬੰਧੀ ਬਿਆਨਬਾਜ਼ੀ ਦਾ ਮੁੱਦਾ

Monday, Mar 05, 2018 - 07:20 AM (IST)

ਜਗਰਾਓਂ (ਜਸਬੀਰ ਸ਼ੇਤਰਾ) – ਸੰਸਦ ਮੈਂਬਰ ਤੇ ਪੰਜਾਬ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਰਵਨੀਤ ਸਿੰਘ ਬਿੱਟੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ 'ਆਜ਼ਾਦ ਫ਼ੌਜੀ' ਕਹਿਣ ਸਮੇਤ ਕੀਤੀਆਂ ਹੋਰ ਟਿੱਪਣੀਆਂ ਦਾ ਮੁੱਦਾ ਸੰਸਦ ਦੇ ਭਲਕੇ ਸ਼ੁਰੂ ਹੋ ਰਹੇ ਸੈਸ਼ਨ 'ਚ ਚੁੱਕਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਾਂਗਰਸ ਇਸ ਮੁੱਦੇ 'ਤੇ ਪਾਰਲੀਮੈਂਟ ਵਿਚ ਪ੍ਰਧਾਨ ਮੰਤਰੀ ਸਮੇਤ ਕੇਂਦਰ ਸਰਕਾਰ ਨੂੰ ਘੇਰੇਗੀ। ਇਸ ਨਾਲ ਪ੍ਰਧਾਨ ਮੰਤਰੀ ਦੀ ਇਕ ਰਾਜ ਦੇ ਮੁੱਖ ਮੰਤਰੀ ਸਬੰਧੀ 'ਇਤਰਾਜ਼ਯੋਗ' ਟਿੱਪਣੀ ਦਾ ਵਿਵਾਦ ਕੌਮੀ ਪੱਧਰ 'ਤੇ ਭਖ਼ਣ ਦੇ ਆਸਾਰ ਬਣ ਗਏ ਹਨ। ਇਥੇ ਪ੍ਰੀਤਮ ਸਿੰਘ ਅਖਾੜਾ ਦੇ ਗ੍ਰਹਿ ਵਿਖੇ ਮੀਡੀਆ ਨਾਲ ਗੱਲਬਾਤ ਦੌਰਾਨ ਬਿੱਟੂ ਨੇ ਕਿਹਾ ਕਿ ਫੈਡਰਲ ਢਾਂਚੇ ਵਾਲੇ ਦੇਸ਼ ਵਿਚ ਪ੍ਰਧਾਨ ਮੰਤਰੀ ਵੱਲੋਂ ਕਿਸੇ ਵੀ ਸੂਬੇ ਦੇ ਮੁੱਖ ਮੰਤਰੀ ਬਾਰੇ ਅਜਿਹੀਆਂ ਟਿੱਪਣੀਆਂ ਸਹੀ ਨਹੀਂ ਹਨ।
ਕਿਸੇ ਦੂਜੀ ਪਾਰਟੀ ਆਗੂ ਦੇ ਕੱਦ ਸਬੰਧੀ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਅਜਿਹੀਆਂ ਟਿੱਪਣੀਆਂ ਕਰਕੇ ਨਾ-ਕੇਵਲ ਆਪਣਾ ਕੱਦ ਛੋਟਾ ਕੀਤਾ ਹੈ, ਸਗੋਂ ਪ੍ਰਧਾਨ ਮੰਤਰੀ ਦੇ ਰੁਤਬੇ ਨੂੰ ਇਕ ਵਾਰ ਫਿਰ ਢਾਅ ਲਾਈ ਹੈ। ਨਰਿੰਦਰ ਮੋਦੀ ਭਾਜਪਾ ਵਾਲੇ ਰਾਜਾਂ ਦੇ ਪ੍ਰਧਾਨ ਮੰਤਰੀ ਨਹੀਂ, ਸਗੋਂ ਦੇਸ਼ ਦੇ ਪ੍ਰਧਾਨ ਮੰਤਰੀ ਹਨ ਤੇ ਇਸ ਗੱਲ ਦਾ ਉਨ੍ਹਾਂ ਨੂੰ ਖਿਆਲ ਰੱਖਣਾ ਚਾਹੀਦਾ ਹੈ। ਇਸ ਮੌਕੇ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਜ਼ਿਲਾ ਪ੍ਰਧਾਨ ਗੁਰਦੇਵ ਸਿੰਘ ਲਾਪਰਾਂ, ਸਤਿੰਦਰਪਾਲ ਸਿੰਘ ਗਰੇਵਾਲ, ਜੁੱਗੀ ਬਰਾੜ, ਪੱਪੀ ਪ੍ਰਾਸ਼ਰ, ਅਮਰ ਨਾਥ ਕਲਿਆਣ, ਪ੍ਰਾਸ਼ਰ ਦੇਵ ਸ਼ਰਮਾ, ਪ੍ਰਸ਼ੋਤਮ ਲਾਲ ਖਲੀਫ਼ਾ, ਬਲਾਕ ਪ੍ਰਧਾਨ ਗੋਪਾਲ ਸ਼ਰਮਾ, ਰਵਿੰਦਰ ਸੱਭਰਵਾਲ, ਮਨੀ ਗਰਗ, ਨਰੇਸ਼ ਚੌਧਰੀ, ਰਿਪਨ ਝੰਜੀ, ਬਲਦੇਵ ਮਾਣੂੰਕੇ, ਸਰਪੰਚ ਰਾਜਵਿੰਦਰ ਸਿੰਘ ਸਲੇਮਪੁਰਾ ਤੇ ਸਰਪੰਚ ਰਣਜੀਤ ਸਿੰਘ ਦੇਹੜਕਾ ਆਦਿ ਮੌਜੂਦ ਸਨ।


Related News