ਮੁੱਖ ਮੰਤਰੀ ਵਲੋਂ ਅਵਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ ਲਈ ਕੈਬਨਿਟ ਸਬ-ਕਮੇਟੀ ਦਾ ਗਠਨ

09/16/2019 8:59:27 PM

ਚੰਡੀਗੜ੍ਹ,(ਅਸ਼ਵਨੀ): ਪੰਜਾਬ 'ਚ ਅਵਾਰਾ ਪਸ਼ੂਆਂ ਦੀ ਵਧਦੀ ਸਮੱਸਿਆ ਦੇ ਹੱਲ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜ ਮੈਂਬਰੀ ਕੈਬਿਨਟ ਸਬ-ਕਮੇਟੀ ਬਣਾਉਣ ਦਾ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਨੇ ਹਰੇਕ ਡਿਪਟੀ ਕਮਿਸ਼ਨਰ ਨੂੰ ਸਮੱਸਿਆ ਦੇ ਹੱਲ ਲਈ ਵਾਧੂ ਗਊਸ਼ਾਲਾਵਾਂ ਖੋਲ੍ਹਣ ਲਈ 10-10 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ ਹੈ। ਮੁੱਖ ਮੰਤਰੀ ਵਲੋਂ ਬਣਾਈ ਗਈ ਕੈਬਿਨਟ ਸਬ-ਕਮੇਟੀ ਦਾ ਮੁਖੀ ਪਸ਼ੂ ਪਾਲਣ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੂੰ ਬਣਾਇਆ ਗਿਆ ਹੈ। ਹੋਰਨਾਂ ਮੈਂਬਰਾਂ 'ਚ ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ, ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ, ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਤੇ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਲਏ ਗਏ ਹਨ। ਕਮੇਟੀ ਨੂੰ ਅਵਾਰਾ ਪਸ਼ੂਆਂ ਕਾਰਨ ਹੋ ਰਹੇ ਹਾਦਸਿਆਂ 'ਚ ਵਡਮੁੱਲੀਆਂ ਮਨੁੱਖੀ ਜਾਨਾਂ ਜਾਣ ਦੇ ਮੱਦੇਨਜ਼ਰ ਇਸ ਸਮੱਸਿਆ ਨੂੰ ਸਹੀ ਮਾਇਨਿਆਂ 'ਚ ਹੱਲ ਕਰਨ ਲਈ ਸੁਝਾਅ ਦੇਣ ਲਈ ਆਖਿਆ ਗਿਆ ਹੈ।

ਜ਼ਿਲ੍ਹਿਆਂ 'ਚ ਪਹਿਲਾਂ ਤੋਂ ਹੀ ਕਾਰਜਸ਼ੀਲ ਗਊਸ਼ਾਲਾਵਾਂ ਦੀ ਸਥਿਤੀ ਦਾ ਮੁਲਾਂਕਣ ਕਰਦਿਆਂ ਮੁੱਖ ਮੰਤਰੀ ਵੱਲੋਂ ਡਿਪਟੀ ਕਮਿਸ਼ਨਰਾਂ ਨੂੰ ਗੈਰ-ਸਰਕਾਰੀ ਸੰਸਥਾਵਾਂ, ਸਮਾਜਿਕ ਤੇ ਧਾਰਮਿਕ ਸੰਸਥਾਵਾਂ ਦੀ ਮਦਦ ਨਾਲ ਆਪੋ-ਆਪਣੇ ਜ਼ਿਲ੍ਹੇ 'ਚ ਇਕ ਹੋਰ ਗਊਸ਼ਾਲਾ ਬਣਾਉਣ ਲਈ ਕਿਹਾ ਗਿਆ ਹੈ। ਮੁੱਖ ਮੰਤਰੀ ਨੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਕੀਤੀ ਕਿ ਉਹ ਪੇਂਡੂ ਵਿਕਾਸ ਤੇ ਪੰਚਾਇਤ, ਸਥਾਨਕ ਸਰਕਾਰ ਤੇ ਪਸ਼ੂ ਪਾਲਣ ਵਿਭਾਗਾਂ ਰਾਹੀਂ ਅਵਾਰਾ ਪਸ਼ੂਆਂ ਨੂੰ ਗਊਸ਼ਾਲਾਵਾਂ 'ਚ ਰੱਖਣ ਦਾ ਪ੍ਰਬੰਧ ਕਰਨ। ਸੂਬੇ 'ਚ ਇਸ ਵੇਲੇ 2.5 ਲੱਖ ਦੇ ਨੇੜੇ ਅਵਾਰਾ ਪਸ਼ੂ ਹਨ, ਜਿਨ੍ਹਾਂ ਦੇ ਪ੍ਰਬੰਧ ਲਈ ਇਹ ਕਮੇਟੀ ਸੰਭਾਵਨਾਵਾਂ ਦਾ ਪਤਾ ਲਾਉਣ ਤੋਂ ਇਲਾਵਾ ਇਸ ਮੰਤਵ ਲਈ ਸੁਝਾਏ ਜਾਣ ਵਾਲੀ ਕਾਰਜ ਯੋਜਨਾ ਨੂੰ ਅਮਲੀ ਰੂਪ ਦੇਣ ਤੇ ਮਿੱਥੇ ਗਏ ਟੀਚਿਆਂ ਦੀ ਪ੍ਰਾਪਤੀ ਦੀ ਨਿਗਰਾਨੀ ਵੀ ਕਰੇਗੀ। ਕੈਬਿਨਟ ਕਮੇਟੀ ਅੱਗੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਵਾਰਾ ਪਸ਼ੂਆਂ ਦੀ ਰੋਕਥਾਮ ਵਾਲੇ ਇਸ ਐਕਸ਼ਨ ਪਲਾਨ ਨੂੰ ਸਹੀ ਅਰਥਾਂ 'ਚ ਲਾਗੂ ਕਰਨ ਲਈ ਵੀ ਪਾਬੰਦ ਕਰੇਗੀ ਤਾਂ ਜੋ ਸਮੱਸਿਆ ਦਾ ਹੱਲ ਹੋ ਸਕੇ।


Related News