ਬਿਜਲੀ ਸਮਝੋਤਿਆਂ ''ਤੇ ਕੈਪਟਨ ਦਾ ਵੱਡਾ ਬਿਆਨ, ਦਿੱਤੀ ਚੇਤਾਵਨੀ

02/18/2020 12:13:17 AM

ਚੰਡੀਗੜ੍ਹ,(ਅਸ਼ਵਨੀ)- ਨਿੱਜੀ ਬਿਜਲੀ ਉਤਪਾਦਕਾਂ ਨੂੰ ਪੰਜਾਬ ਦੇ ਖ਼ਜ਼ਾਨੇ ਨਾਲ ਖਿਲਵਾੜ ਕਰਨ ਵਿਰੁੱਧ ਚੇਤਾਵਨੀ ਦੇਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਬਿਜਲੀ ਖਰੀਦ ਸਮਝੌਤਿਆਂ (ਪੀ.ਪੀ.ਏ.) 'ਤੇ ਮੁੜ ਵਿਚਾਰ ਕਰੇਗੀ ਜਿਨ੍ਹਾਂਂ ਨੂੰ ਕਰਕੇ ਅਕਾਲੀਆਂ ਨੇ ਸੂਬੇ ਅਤੇ ਸੂਬੇ ਦੇ ਲੋਕਾਂ ਨਾਲ ਧੋਖਾ ਕੀਤਾ ਸੀ। ਲਹਿਰਾ ਮੁਹੱਬਤ ਅਤੇ ਰੋਪੜ ਵਿਖੇ ਸਰਕਾਰੀ ਪਲਾਂਟ ਦੇ ਉਤਪਾਦਨ 'ਚ ਆਈ ਘਾਟ ਦੇ ਮੱਦੇਨਜ਼ਰ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਪ੍ਰਾਈਵੇਟ ਬਿਜਲੀ ਉਤਪਾਦਕਾਂ ਨਾਲ ਬਿਜਲੀ ਦੀਆਂ ਦਰਾਂ ਨੂੰ ਹੋਰ ਕਿਫ਼ਾਇਤੀ ਬਣਾਉਣ ਲਈ ਮੌਜੂਦਾ ਪ੍ਰਬੰਧਾਂ 'ਚ ਸੋਧ ਲਈ ਕੰਮ ਕਰੇਗੀ ਅਤੇ 13000 ਮੈਗਾ ਵਾਟ ਦੀ ਪੂਰੀ ਸਿਖਰ ਵਾਲੀ ਮੰਗ ਨੂੰ ਪੂਰਾ ਕਰਨਾ ਯਕੀਨੀ ਬਣਾਇਆ ਜਾ ਸਕੇ। ਪੰਜਾਬ ਯੂਥ ਕਾਂਗਰਸ ਦੇ ਨਵੇਂ ਚੁਣੇ ਹੋਏ ਅਹੁਦੇਦਾਰਾਂ ਨਾਲ ਚਾਹ ਦੇ ਕੱਪ 'ਤੇ ਮਿਲਣੀ ਦੌਰਾਨ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਵਿੱਚ ਉਨ੍ਹਾਂ ਦੀ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਸੂਬੇ ਦੇ ਵਿੱਤੀ ਹਾਲਤ ਸੁਧਾਰ ਵੱਲ ਵਧੇ ਹਨ ਅਤੇ ਇਸ ਲੜੀ ਨੂੰ ਤੋੜਨ ਦੀ ਕਿਸੇ ਨੂੰ ਵੀ ਆਗਿਆ ਨਹੀਂ ਦਿੱਤੀ ਜਾਵੇਗੀ।

ਪੰਜਾਬ ਯੂਥ ਕਾਂਗਰਸ ਦੇ ਨੌਜਵਾਨ ਮੈਂਬਰਾਂ ਅਤੇ ਅਹੁਦੇਦਾਰਾਂ ਨੂੰ ਦੇਸ਼ ਦੇ ਧਰਮ ਨਿਰਪੱਖ ਆਦਰਸ਼ਾਂ ਦੀ ਰਾਖੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਸਲਾਹ ਦਿੰਦਿਆਂ ਕੈ. ਅਮਰਿੰਦਰ ਨੇ ਭਾਜਪਾ ਦੀਆਂ ਨਾਪਾਕ ਫੁੱਟ ਪਾਊ ਨੀਤੀਆਂ ਵਿਰੁੱਧ ਨੌਜਵਾਨਾਂ ਵਲੋਂ ਕੀਤੇ ਪ੍ਰਦਰਸ਼ਨ ਨੂੰ ਸਕਾਰਾਤਮਕ ਕਿਹਾ। ਆਪਣੀ ਸਰਕਾਰ ਵੱਲੋਂ ਖੇਤੀਬਾੜੀ, ਸਿੱਖਿਆ ਅਤੇ ਹੋਰ ਅਹਿਮ ਖੇਤਰਾਂ 'ਚ ਵੱਖ ਵੱਖ ਖੇਤਰਾਂ ਵਿਚਲੀਆਂ ਪ੍ਰਾਪਤੀਆਂ ਬਾਰੇ ਦੱਸਦਿਆਂ ਕੈ. ਅਮਰਿੰਦਰ ਨੇ ਯੂਥ ਵਿੰਗ ਨੂੰ ਇਕ ਮਿਸ਼ਨ ਦੇ ਰੂਪ ਵਿੱਚ ਵੱਖ-ਵੱਖ ਪਹਿਲਕਦਮੀਆਂ ਵਿੱਚ ਸਹਿਯੋਗ ਦੇਣ ਲਈ ਕਿਹਾ ਤਾਂ ਜੋ ਸਰਕਾਰ ਦੀਆਂ ਲਾਭਦਾਇਕ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਣ ਅਤੇ ਵਿਰੋਧੀ ਧਿਰ ਦੇ ਨਕਾਰਾਤਮਕ ਪ੍ਰਚਾਰ ਨੂੰ ਰੋਕਣਾ ਯਕੀਨੀ ਬਣਾਇਆ ਜਾਵੇ। ਮੁੱਖ ਮੰਤਰੀ ਨੇ ਕੌਮੀ ਅਤੇ ਆਲਮੀ ਪੱਧਰ 'ਤੇ ਮੌਜੂਦ ਚੁਣੌਤੀਆਂ ਦੇ ਮੁਕਾਬਲੇ ਲਈ ਨੌਜਵਾਨਾਂ ਨੂੰ ਤਿਆਰ ਕਰਨ ਲਈ ਹੁਨਰ ਅਧਾਰਤ ਅਤੇ ਮਿਆਰੀ ਸਿਖਿਆ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਵੱਧ ਤੋਂ ਵੱਧ ਸਮਾਰਟ ਸਕੂਲ ਬਣਾਉਣ ਦੀ ਆਪਣੀ ਸਰਕਾਰ ਦੀ ਮੁਹਿੰਮ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ 5500 ਅਜਿਹੇ ਸਕੂਲ ਪਹਿਲਾਂ ਹੀ ਕਾਰਜਸ਼ੀਲ ਕੀਤੇ ਜਾ ਚੁੱਕੇ ਹਨ ਅਤੇ ਇਸ ਸਾਲ ਦੇ ਅੰਦਰ 13000 ਸਮਾਰਟ ਸਕੂਲ ਬਣਾਉਣ ਦਾ ਟੀਚਾ ਪੂਰਾ ਕਰ ਲਿਆ ਜਾਵੇਗਾ।

ਉਦਯੋਗਿਕ ਖੇਤਰ ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਤੱਕ 60,000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ ਕੀਤਾ ਜਾ ਚੁੱਕਾ ਹੈ ਅਤੇ ਇਸ ਸਾਲ ਨਿਵੇਸ਼ ਵਿੱਚ ਹੋਰ ਵਾਧਾ ਹੋਵੇਗਾ। ਅਮਰਿੰਦਰ ਨੇ ਉਮੀਦ ਜਤਾਈ ਕਿ ਨੌਜਵਾਨ ਆਗੂਆਂ ਵੱਲੋਂ ਦਿਖਾਇਆ ਉਤਸ਼ਾਹ ਸੂਬਾ ਸਰਕਾਰ ਦੀਆਂ ਵੱਖ-ਵੱਖ ਲੋਕ ਪੱਖੀ ਨੀਤੀਆਂ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਕਰਨ ਵਿੱਚ ਸਹਾਈ ਹੋਵੇਗਾ। ਉਨ੍ਹਾਂਂ ਨੌਜਵਾਨ ਆਗੂਆਂ ਨੂੰ ਸੂਬੇ ਅਤੇ ਇਸ ਦੇ ਨੌਜਵਾਨਾਂ ਦੇ ਹਿੱਤ ਵਿੱਚ ਕਿਸੇ ਵੀ ਕੰਮ ਲਈ ਹਰ ਪੱਧਰ 'ਤੇ ਆਪਣਾ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ। ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਸੂਬੇ ਦੀ ਰਾਜਨੀਤੀ ਵਿਚ ਨੌਜਵਾਨਾਂ, ਖਾਸਕਰ ਮੱਧ ਵਰਗੀ ਪਰਿਵਾਰਾਂ ਦੇ ਨੌਜਵਾਨਾਂ ਦੀ ਰਾਜਨੀਤਿਕ ਜਗ੍ਹਾ ਯਕੀਨੀ ਬਣਾਉਣ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਮੁੱਖ ਮੰਤਰੀ ਨੂੰ ਸੂਬਾ ਸਰਕਾਰ ਦੇ ਪ੍ਰੋਗਰਾਮਾਂ ਅਤੇ ਨੀਤੀਆਂ ਨੂੰ ਪੁਰਜ਼ੋਰ ਤਰੀਕੇ ਨਾਲ ਫੈਲਾਉਣ ਲਈ ਹਰ ਸੰਭਵ ਯਤਨ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ, ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ, ਵਿਧਾਇਕ ਪਰਮਿੰਦਰ ਸਿੰਘ ਪਿੰਕੀ ਤੇ ਦਰਸ਼ਨ ਲਾਲ, ਮੁੱਖ ਮੰਤਰੀ ਦੇ ਸਿਆਸੀ ਸਕੱਤਰ ਕੈਪਟਨ ਸੰਦੀਪ ਸੰਧੂ, ਮੁੱਖ ਮੰਤਰੀ ਦੇ ਵਿਸ਼ੇਸ਼ ਕਾਰਜ ਅਫਸਰ ਜਗਦੀਪ ਸਿੰਘ ਸਿੱਧੂ, ਕੁੱਲ ਹਿੰਦ ਕਾਂਗਰਸ ਦੇ ਸਕੱਤਰ ਤੇ ਇੰਡੀਅਨ ਯੂਥ ਕਾਂਗਰਸ ਦੇ ਇੰਚਾਰਜ ਕ੍ਰਿਸ਼ਨਾ ਅਲਾਵੇਰੂ ਵੀ ਪੰਜਾਬ ਯੂਥ ਕਾਂਗਰਸ ਦੀ ਟੀਮ ਨਾਲ ਮੌਜੂਦ ਸਨ।


Related News