ਕੈਪਟਨ ਅਮਰਿੰਦਰ ਸਿੰਘ ਵਲੋਂ ਕੇਂਦਰੀ ਟੀਮ ਨਾਲ ਕਰਤਾਰਪੁਰ ਲਾਂਘੇ ਦੀ ਪ੍ਰਗਤੀ ਦਾ ਜਾਇਜ਼ਾ

10/02/2019 1:39:03 AM

ਚੰਡੀਗੜ੍ਹ/ਜਲੰਧਰ,(ਅਸ਼ਵਨੀ, ਧਵਨ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਕੇਂਦਰ ਸਰਕਾਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੌਰਾਨ ਗੁ. ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੀ ਸੰਗਤ ਵਾਸਤੇ ਆਨਲਾਈਨ ਅਪਲਾਈ ਕਰਨ ਲਈ ਮਿੱਥੇ ਗਏ 30 ਦਿਨ ਦੇ ਸਮੇਂ ਨੂੰ ਘਟਾਉਣ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਨੇ ਅੱਜ ਇਥੇ ਇਕ ਉੱਚ ਪੱਧਰੀ ਮੀਟਿੰਗ ਦੌਰਾਨ ਕੇਂਦਰ ਸਰਕਾਰ ਦੇ ਅਧਿਕਾਰੀਆਂ ਨਾਲ ਕਰਤਾਰਪੁਰ ਲਾਂਘੇ ਦੇ ਪ੍ਰਾਜੈਕਟ ਦੀ ਪ੍ਰਗਤੀ ਦਾ ਜਾਇਜ਼ਾ ਲਿਆ।

ਕੈ. ਅਮਰਿੰਦਰ ਨੇ ਕੇਂਦਰੀ ਟੀਮ ਨੂੰ ਸ਼ਰਧਾਲੂਆਂ ਲਈ ਈ-ਪਰਮਿਟ ਜਾਰੀ ਕਰਨ ਦੀ ਸੰਭਾਵਨਾ ਤਲਾਸ਼ਣ ਤੋਂ ਇਲਾਵਾ ਡੇਰਾ ਬਾਬਾ ਨਾਨਕ ਵਿਖੇ ਪਾਸਪੋਰਟ ਸੇਵਾ ਕੇਂਦਰ ਸਥਾਪਿਤ ਕਰਨ ਲਈ ਵੀ ਕਿਹਾ ਤਾਂ ਕਿ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਵੀਜ਼ਾ ਅਪਲਾਈ ਕਰਨ ਵਾਲੀ ਲੱਖਾਂ ਦੀ ਗਿਣਤੀ 'ਚ ਸੰਗਤ ਨੂੰ ਸਹੂਲਤ ਹਾਸਲ ਹੋ ਸਕੇ। ਉਨ੍ਹਾਂ ਕਿਹਾ ਕਿ ਅਜਿਹਾ ਸੇਵਾ ਕੇਂਦਰ ਦੂਰ-ਦੁਰਾਡੇ ਅਤੇ ਪੇਂਡੂ ਇਲਾਕਿਆਂ ਤੋਂ ਆਉਣ ਵਾਲੇ ਸ਼ਰਧਾਲੂਆਂ ਲਈ ਸਹਾਈ ਸਿੱਧ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਪਾਕਿਸਤਾਨ 'ਤੇ ਦਬਾਅ ਬਣਾ ਕੇ ਸ਼ਰਧਾਲੂਆਂ ਲਈ ਮਿੱਥੀ 20 ਡਾਲਰ ਫੀਸ ਨੂੰ ਹਟਾਉਣ ਦੀ ਮੁੜ ਅਪੀਲ ਕੀਤੀ। ਇਸੇ ਦੌਰਾਨ ਮੁੱਖ ਮੰਤਰੀ ਨੇ ਚੰਡੀਗੜ੍ਹ ਦੇ ਰਿਜਨਲ ਪਾਸਪੋਰਟ ਅਫ਼ਸਰ ਨੂੰ ਸ਼ਰਧਾਲੂਆਂ ਨੂੰ ਪਹਿਲ ਦੇ ਆਧਾਰ 'ਤੇ ਪਾਸਪੋਰਟ ਸੇਵਾਵਾਂ ਮੁਹੱਈਆ ਕਰਵਾਉਣ ਲਈ ਫਾਸਟ ਟ੍ਰੈਕ ਅਤੇ ਪਹੁੰਚਯੋਗ ਢੰਗ-ਤਰੀਕਾ ਯਕੀਨੀ ਬਣਾਉਣ ਲਈ ਕਿਹਾ। ਉਨ੍ਹਾਂ ਵਿਭਾਗ ਨੂੰ ਇਹ ਵੀ ਕਿਹਾ ਕਿ ਆਨਲਾਈਨ ਅਪਲਾਈ ਕਰਨ ਲਈ ਸ਼ਰਧਾਲੂਆਂ ਦੀ ਮਦਦ ਵਾਸਤੇ ਸੂਬੇ ਭਰ 'ਚ ਪਾਸਪੋਰਟ ਕੈਂਪ ਲਾਉਣੇ ਤੁਰੰਤ ਸ਼ੁਰੂ ਕੀਤੇ ਜਾਣ। ਸ਼ਰਧਾਲੂਆਂ ਦੀ ਸਹੂਲਤ ਲਈ ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੂੰ ਪ੍ਰਤੀ ਵਿਅਕਤੀ 10 ਹਜ਼ਾਰ ਰੁਪਏ ਦੀ ਭਾਰਤੀ ਕਰੰਸੀ ਦੀ ਇਜਾਜ਼ਤ ਦੇਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਇਹ ਯਕੀਨੀ ਬਣਾਏ ਕਿ ਲਾਂਘੇ ਵਾਲੀ ਥਾਂ 'ਤੇ ਪਾਕਿਸਤਾਨ ਵਲੋਂ ਕਰੰਸੀ ਵਟਾਉਣ ਲਈ ਲੋੜੀਂਦੇ ਬੂਥ ਸਥਾਪਿਤ ਕੀਤੇ ਜਾਣ।

ਮੀਟਿੰਗ ਦੌਰਾਨ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਚਰਨਜੀਤ ਸਿੰਘ ਚੰਨੀ, ਵਿਜੇ ਇੰਦਰ ਸਿੰਗਲਾ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਸੰਤ ਸਮਾਜ ਦੀ ਉੱਘੀ ਸ਼ਖਸੀਅਤ ਬਾਬਾ ਸਰਬਜੋਤ ਸਿੰਘ ਬੇਦੀ, ਡੀ. ਜੀ. ਪੀ. ਦਿਨਕਰ ਗੁਪਤਾ, ਗ੍ਰਹਿ ਮੰਤਰਾਲੇ ਦੇ ਸੰਯੁਕਤ ਸਕੱਤਰ ਐੱਸ. ਸੀ. ਐੱਲ. ਦਾਸ ਤੋਂ ਇਲਾਵਾ ਜਾਂਚ ਬਿਊਰੋ ਦੇ ਕਮਿਸ਼ਨਰ ਰਾਜੀਵ ਰੰਜਨ ਵਰਮਾ, ਖੇਤਰੀ ਪਾਸਪੋਰਟ ਅਧਿਕਾਰੀ ਚੰਡੀਗੜ੍ਹ ਸ਼ੀਬਾਸ਼ ਕਬੀਰਾਜ, ਆਰ. ਪੀ. ਓ. ਜਲੰਧਰ ਹਰਮਨਬੀਰ ਸਿੰਘ ਗਿੱਲ ਤੇ ਆਰ. ਪੀ. ਓ. ਅੰਮ੍ਰਿਤਸਰ ਮੁਨੀਸ਼ ਕੁਮਾਰ ਸ਼ਾਮਿਲ ਸਨ।
 


Related News