ਕੈਪਟਨ ਦੇ ਵਡੇਰੇ ਅਹਿਮਦ ਸ਼ਾਹ ਅਬਦਾਲੀ ਨਾਲ ਮਿਲ ਗਏ ਸਨ : ਹਰਸਿਮਰਤ

Sunday, Apr 14, 2019 - 01:16 AM (IST)

ਕੈਪਟਨ ਦੇ ਵਡੇਰੇ ਅਹਿਮਦ ਸ਼ਾਹ ਅਬਦਾਲੀ ਨਾਲ ਮਿਲ ਗਏ ਸਨ : ਹਰਸਿਮਰਤ

ਚੰਡੀਗੜ੍ਹ,(ਅਸ਼ਵਨੀ): ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਬਾਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਟਵਿਟਰ ਦੇ ਜਵਾਬ 'ਚ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਅੱਜ ਟਵਿਟਰ 'ਤੇ ਵਾਪਰੀਆਂ ਘਟਨਾਵਾਂ ਤੋਂ ਬਾਅਦ ਮਹਾਰਾਜੇ ਨੂੰ ਆਪਣੇ ਵਡੇਰਿਆਂ ਵਲੋਂ ਸਿੱਖਾਂ ਖ਼ਿਲਾਫ ਕੀਤੇ ਉਨ੍ਹਾਂ ਪਾਪਾਂ ਦਾ ਜਵਾਬ ਦੇਣਾ ਪੈਣਾ ਹੈ। ਜਦੋਂ ਉਹ ਅਹਿਮਦ ਸ਼ਾਹ ਅਬਦਾਲੀ ਨਾਲ ਮਿਲ ਗਏ ਸਨ। ਇਸ ਤੋਂ ਇਲਾਵਾ ਜਦੋਂ ਕੈਪਟਨ ਦੇ ਵਡੇਰੇ ਗੋਰਿਆਂ ਨਾਲ ਮਿਲ ਕੇ ਮਹਾਰਾਜਾ ਰਣਜੀਤ ਸਿੰਘ ਖ਼ਿਲਾਫ ਹੋ ਗਏੇ ਸਨ ਅਤੇ 100 ਸਾਲ ਪਹਿਲਾਂ ਜਦੋਂ ਜਲ੍ਹਿਆਂਵਾਲਾ ਬਾਗ 'ਚ ਸੈਂਕੜੇ ਨਿਰਦੋਸ਼ ਪੰਜਾਬੀਆਂ ਦਾ ਖੂਨ ਵਹਾਇਆ ਗਿਆ ਸੀ ਤਾਂ ਉਨ੍ਹਾਂ ਨੇ ਸਰਕਾਰੀ ਟੈਲੀਗ੍ਰਾਮ ਰਾਹੀ ਅੰਮ੍ਰਿਤਸਰ ਦੇ ਬੁੱਚੜ ਜਨਰਲ ਡਾਇਰ ਨੂੰ ਵਧਾਈ ਭੇਜੀ ਸੀ। ਬਾਦਲ ਨੇ ਕਿਹਾ ਕਿ ਹੁਣ ਤੁਹਾਨੂੰ ਭੱਜਣ ਲਈ ਕੋਈ ਥਾਂ ਨਹੀਂ ਬਚੀ ਹੈ। ਤੁਹਾਨੂੰ ਹੁਣ ਸਿੱਖ ਕੌਮ ਨੂੰ ਦੱਸਣਾ ਚਾਹੀਦਾ ਹੈ ਕਿ ਤੁਸੀਂ ਆਪਣੇ ਵਡੇਰਿਆਂ ਦੇ ਰਿਕਾਰਡ ਕੀਤੇ ਪਏ ਪਾਪਾਂ ਲਈ ਮੁਆਫੀ ਕਿਉਂ ਨਹੀਂ ਮੰਗੀ ਹੈ? ਧਿਆਨ ਦਿਓ ਮੈਂ 'ਰਿਕਾਰਡ ਕੀਤੇ' ਸ਼ਬਦ ਦੀ ਵਰਤੋਂ ਕਰ ਰਹੀ ਹਾਂ। ਮੈਂ ਆਪਣੇ ਟਵੀਟ 'ਚ ਤੁਹਾਡੇ ਦਾਦਾ ਮਹਾਰਾਜਾ ਭੁਪਿੰਦਰ ਸਿੰਘ ਵਲੋਂ ਲਿਖੀ ਟੈਲੀਗ੍ਰਾਮ ਦਾ ਸਬੂਤ ਦੇ ਚੁੱਕੀ ਹਾਂ, ਜਿਸ 'ਚ ਉਹ ਕਹਿ ਰਹੇ ਹਨ ਕਿ ਤੁਹਾਡੇ (ਜਨਰਲ ਡਾਇਰ) ਵਲੋਂ ਕੀਤੀ ਕਾਰਵਾਈ (ਗੋਲੀਬਾਰੀ) ਸਹੀ ਹੈ ਅਤੇ ਗਵਰਨਰ ਜਨਰਲ ਵੀ ਇਸ ਨਾਲ ਸਹਿਮਤ ਹੈ। ਹਰਸਿਮਰਤ ਨੇ ਕਿਹਾ ਕਿ ਮੁੱਖ ਮੰਤਰੀ ਦੇ ਰਿਸ਼ਤੇਦਾਰ ਨਟਵਰ ਸਿੰਘ ਵਲੋਂ ਲਿਖੀ ਇਕ ਕਿਤਾਬ 'ਚ ਇਸ ਗੱਲ ਦਾ 'ਰਿਕਾਰਡ ਕੀਤਾ ਸਬੂਤ' ਹੈ ਕਿ ਮਹਾਰਾਜਾ ਭੁਪਿੰਦਰ ਸਿੰਘ ਨੇ ਜਨਰਲ ਡਾਇਰ ਵਲੋਂ ਕੀਤੀ ਅਣਮਨੁੱਖੀ ਕਾਰਵਾਈ ਦੀ ਹਮਾਇਤ ਕੀਤੀ ਸੀ।


Related News