ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ''ਚ ਹਰ ਘਰ ''ਚ ਲਾਓ ਪੌਦੇ : ਕੈਪਟਨ

Monday, Jul 08, 2019 - 06:20 PM (IST)

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ''ਚ ਹਰ ਘਰ ''ਚ ਲਾਓ ਪੌਦੇ : ਕੈਪਟਨ

ਜਲੰਧਰ,(ਧਵਨ)—ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਧਿਆਨ 'ਚ ਰੱਖਦੇ ਹੋਏ ਪੰਜਾਬ ਦੇ ਹਰੇਕ ਨਾਗਰਿਕ ਨੂੰ ਸੱਦਾ ਦਿੱਤਾ ਹੈ ਕਿ ਉਹ ਆਪਣੇ-ਆਪਣੇ ਘਰਾਂ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਇਕ-ਇਕ ਪੌਦਾ ਲਾ ਕੇ ਸੂਬੇ ਦੇ ਵਾਤਾਵਰਣ ਨੂੰ ਸੁਧਾਰਨ 'ਚ ਆਪਣਾ ਯੋਗਦਾਨ ਪਾਉਣ। ਮੁੱਖ ਮੰਤਰੀ ਨੇ ਅੱਜ ਕਿਹਾ ਕਿ ਪੰਜਾਬ ਸਰਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਦੇਖਦੇ ਹੋਏ ਵਿਆਪਕ ਤੌਰ 'ਤੇ ਤਿਆਰੀਆਂ ਕਰਨ 'ਚ ਲੱਗੀ ਹੋਈ ਹੈ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਸਾਰੇ ਮਹੱਤਵਪੂਰਨ ਸ਼ਹਿਰਾਂ ਤੇ ਕਸਬਿਆਂ 'ਚ ਵਿਕਾਸ ਕੰਮ ਸ਼ੁਰੂ ਕਰਵਾ ਦਿੱਤੇ ਗਏ ਹਨ। ਸਰਕਾਰ ਨੇ ਹਰ ਪਿੰਡ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ 'ਚ 550-550 ਪੌਦੇ ਲਾਉਣ ਦੇ ਨਿਰਦੇਸ਼ ਸਾਰੀਆਂ ਪੰਚਾਇਤਾਂ ਨੂੰ ਦਿੱਤੇ ਹਨ, ਜਿਸ 'ਤੇ ਤੇਜ਼ੀ ਨਾਲ ਅਮਲ ਕੀਤਾ ਜਾ ਰਿਹਾ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬੇ 'ਚ 12000 ਤੋਂ ਵਧ ਪਿੰਡ ਹਨ, ਜੇਕਰ ਇਨ੍ਹਾਂ ਪਿੰਡ 'ਚ ਪੌਦੇ ਲਾ ਕੇ ਵਾਤਾਵਰਣ ਨੂੰ ਸੁਧਾਰਨ ਦੀ ਕੋਸ਼ਿਸ਼ ਹੁੰਦੀ ਹੈ ਤਾਂ ਇਸ ਨਾਲ ਪੰਜਾਬ ਦੇ ਵਾਤਵਰਣ ਨੂੰ ਪ੍ਰਦੂਸ਼ਣ ਤੋਂ ਮੁਕਤ ਬਣਾਉਣ 'ਚ ਕਾਫੀ ਹੱਦ ਤਕ ਸਫਲਤਾ ਮਿਲ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਸਾਨੂੰ ਕੁਦਰਤ ਪ੍ਰਤੀ ਜਵਾਬਦੇਹ ਬਣਨਾ ਚਾਹੀਦਾ ਹੈ, ਜੇਕਰ ਅਸੀਂ ਕੁਦਰਤ ਨਾਲ ਖਿਲਵਾੜ ਕਰਾਂਗੇ ਤਾਂ ਕੱਲ੍ਹ ਨੂੰ ਕੁਦਰਤ ਵੀ ਮਾਨਵਤਾ 'ਤੇ ਮੇਹਰਬਾਨ ਨਹੀਂ ਰਹੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਦੂਸ਼ਿਤ ਹੋ ਰਹੇ ਵਾਤਾਵਰਣ ਨੂੰ ਬਚਾਉਣ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਇਸ ਨੂੰ ਸੁਧਾਰਨ ਲਈ ਪੌਦਿਆਂ ਨੂੰ ਵਧ ਤੋਂ ਵਧ ਲਾਉਣਾ ਹੀ ਬੇਹਤਰ ਹੋਵੇਗਾ। ਉਨ੍ਹਾਂ ਨੇ ਆਪਣੇ ਮੰਤਰੀਆਂ ਦੀਆਂ ਡਿਊਟੀਆਂ ਲਾਈਆਂ ਹਨ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਤ ਸ਼ਹਿਰਾਂ ਦੇ ਸਥਾਨਾਂ 'ਤੇ ਜਾ ਕੇ ਚੱਲ ਰਹੇ ਵਿਕਾਸ ਕੰਮਾਂ ਦਾ ਜਾਇਜ਼ਾ ਲੈਣ ਅਤੇ ਇਸ ਦੀ ਰਿਪੋਰਟ ਸਰਕਾਰ ਨੂੰ ਦਿੱਤੀ ਜਾਵੇਗੀ। ਅਗਲੇ ਦੋ-ਤਿੰਨ ਮਹੀਨਿਆਂ ਤਕ ਵਿਕਾਸ ਦੇ ਕੰਮਾਂ ਨੂੰ ਸੰਪੰਨ ਕੀਤਾ ਜਾਵੇਗਾ।


Related News