''ਕੈਪਟਨ-ਸਿੱਧੂ'' ਦੀ ਲੜਾਈ ''ਚ ਪਿਸ ਰਿਹੈ ਪੂਰਾ ''ਪੰਜਾਬ''

10/02/2021 9:40:26 AM

ਲੁਧਿਆਣਾ (ਜਗ ਬਾਣੀ ਟੀਮ) : ਪੰਜਾਬ ਦੇ ਤਾਜ਼ਾ ਸਿਆਸੀ ਹਾਲਾਤ ਨੂੰ ਜੇ ਵੇਖਿਆ ਜਾਏ ਤਾਂ ਸੂਬੇ ਵਿਚ ਇਸ ਸਮੇਂ ਘਮਾਸਾਨ ਪੂਰੇ ਜ਼ੋਰਾਂ ’ਤੇ ਹੈ। ਇਸ ਘਮਾਸਾਨ ਦਰਮਿਆਨ ਸਭ ਪਾਰਟੀਆਂ ਆਪਣੀਆਂ-ਆਪਣੀਆਂ ਸਿਆਸੀ ਰੋਟੀਆਂ ਸੇਕਣ ਵਿਚ ਲੱਗੀਆਂ ਹੋਈਆਂ ਹਨ। ਹੈਰਾਨੀ ਵਾਲੀ ਗੱਲ ਇਹ ਹੈ ਕਿ 18 ਸਤੰਬਰ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ’ਤੇ ਰਹੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਅਹੁਦਾ ਛੱਡਦਿਆਂ ਹੀ ਪੰਜਾਬ ਵਿਚ ਖਾਮੀਆਂ ਨਜ਼ਰ ਆਉਣ ਲੱਗ ਪਈਆ ਹਨ। ਸ਼ਾਇਦ ਇਹ ਉਹੀ ਖ਼ਾਮੀਆਂ ਹਨ, ਜੋ ਉਨ੍ਹਾਂ ਨੂੰ ਸਿਸਵਾਂ ਦੇ ਆਪਣਾ ਫਾਰਮ ਹਾਊਸ ਵਿਚ ਬੈਠਿਆਂ ਸਾਢੇ 4 ਸਾਲ ਤੱਕ ਨਜ਼ਰ ਨਹੀਂ ਆਈਆਂ ਸਨ। ਕੈਪਟਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਪੰਜਾਬ ’ਤੇ ਮੰਡਰਾਅ ਰਹੇ ਖ਼ਤਰੇ ਬਾਰੇ ਜਾਣਕਾਰੀ ਦਿੱਤੀ ਹੈ। ਪੰਜਾਬ ਨੂੰ ਕਿਸ ਹੱਦ ਤੱਕ ਪਾਕਿਸਤਾਨ ਅਤੇ ਉਥੋਂ ਡਰੋਨ ਰਾਹੀਂ ਆ ਰਹੇ ਹਥਿਆਰਾਂ ਕਾਰਨ ਖ਼ਤਰਾ ਹੈ, ਇਹ ਉਨ੍ਹਾਂ ਗ੍ਰਹਿ ਮੰਤਰੀ ਨੂੰ ਦੱਸਿਆ। ਨਾਲ ਹੀ ਸਖ਼ਤ ਸੁਰੱਖਿਆ ਪ੍ਰਬੰਧ ਕਰਨ ਦੀ ਮੰਗ ਕੀਤੀ। ਉਂਝ ਤਾਂ ਇਹ ਇਕ ਆਮ ਮੁਲਾਕਾਤ ਸੀ ਅਤੇ ਵਧੇਰੇ ਲੋਕਾਂ ਨੇ ਇਸ ਨੂੰ ਇਕ ਖ਼ਬਰ ਸਮਝ ਕੇ ਪੜ੍ਹਿਆ ਹੋਵੇਗਾ ਅਤੇ ਫਿਰ ਇਕ ਪਾਸੇ ਰੱਖ ਦਿੱਤਾ ਹੋਵੇਗਾ। ਇਸ ਪਿੱਛੇ ਜੋ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਹੈ, ਉਹ ਇਹ ਕਿ ਕੈਪਟਨ ਸਾਹਿਬ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਪਿੱਛੋਂ ਅਤੇ ਚਰਨਜੀਤ ਸਿੰਘ ਚੰਨੀ ਵੱਲੋਂ ਪੰਜਾਬ ਦਾ ਮੁੱਖ ਮੰਤਰੀ ਬਣਨ ਪਿੱਛੋਂ ਹੀ ਪਾਕਿਸਤਾਨ ਤੋਂ ਇੰਨਾ ਡਰ ਕਿਉਂ ਲੱਗਣ ਲੱਗ ਗਿਆ ਹੈ? ਮੁੱਖ ਮੰਤਰੀ ਰਹਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਨਾ ਤਾਂ ਕਦੇ ਪ੍ਰਧਾਨ ਮੰਤਰੀ ਅਤੇ ਨਾ ਹੀ ਕਦੇ ਗ੍ਰਹਿ ਮੰਤਰੀ ਕੋਲ ਪਾਕਿਸਤਾਨ ਦਾ ਜ਼ਿਕਰ ਕੀਤਾ ਸੀ। ਪੰਜਾਬ ਵਿਚ ਚੰਨੀ ਅਤੇ ਸਿੱਧੂ ਦੇ ਸਰਗਰਮ ਹੁੰਦਿਆਂ ਹੀ ਅਜਿਹੀ ਕਿਹੜੀ ਗੱਲ ਹੋ ਗਈ ਕਿ ਸੂਬੇ ਦੀ ਸੁਰੱਖਿਆ ਵਿਵਸਥਾ ’ਤੇ ਸਵਾਲ ਖੜ੍ਹੇ ਹੋ ਗਏ। ਇਹ ਗੱਲ ਚਿੰਤਾ ਵਾਲੀ ਹੈ ਕਿ ਪੰਜਾਬ ਹਮੇਸ਼ਾ ਹੀ ਪਾਕਿਸਤਾਨ ਦੇ ਨਿਸ਼ਾਨੇ ’ਤੇ ਰਿਹਾ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਸਰਹੱਦੀ ਖੇਤਰ ਵਿਚ ਹੱਥਿਆਰ ਅਤੇ ਡਰੱਗਜ਼ ਮਿਲ ਰਹੇ ਹਨ। ਜੋ ਸਾਢੇ 4 ਸਾਲ ਵਿਚ ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਵਿਚ ਹੋ ਰਿਹਾ ਸੀ, ਉਹੀ ਸਭ ਕੁਝ ਹੁਣ ਵੀ ਹੋ ਰਿਹਾ ਹੈ।

ਇਹ ਵੀ ਪੜ੍ਹੋ : ਸਿੱਧੂ ਇਕ ਬੇਲਗਾਮ ਘੋੜਾ, ਜਿਸ ’ਤੇ ਕਾਠੀ ਪਾਉਣਾ ਕਾਂਗਰਸ ਹਾਈਕਮਾਨ ਦੇ ਵੱਸ ਦੀ ਗੱਲ ਨਹੀਂ : ਅਸ਼ਵਨੀ ਸ਼ਰਮਾ
ਕਿਸਾਨਾਂ ਦੇ ਨਾਂ ’ਤੇ ਸਿਹਰਾ ਲੈਣਾ ਚਾਹੁੰਦੇ ਹਨ ਕੈਪਟਨ
ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਲੀ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਸਾਹਮਣੇ ਕਿਸਾਨਾਂ ਦੇ ਮੁੱਦੇ ਨੂੰ ਉਠਾਉਣ ਦਾ ਕਿਸਾਨ ਸੰਗਠਨਾਂ ਨੇ ਵਿਰੋਧ ਕੀਤਾ ਹੈ। ਸੰਗਠਨਾਂ ਨੇ ਕੈਪਟਨ ’ਤੇ ਦੋਸ਼ ਲਾਇਆ ਹੈ ਕਿ ਜਦੋਂ ਉਹ ਸੱਤਾ ਵਿਚ ਸਨ ਅਤੇ ਸੂਬੇ ਦੇ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਕਦੇ ਵੀ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਕੇਂਦਰ ਸਰਕਾਰ ਦੇ ਮੰਤਰੀਆਂ ਨਾਲ ਮੁਲਾਕਾਤ ਨਹੀਂ ਕੀਤੀ ਸੀ। ਉਨ੍ਹਾਂ ਕਿਸਾਨਾਂ ਦੇ ਮੁੱਦੇ ਨੂੰ ਕਿਸੇ ਵੀ ਕੇਂਦਰੀ ਆਗੂ ਕੋਲ ਨਹੀਂ ਉਠਾਇਆ ਸੀ। ਹੁਣ ਜਦੋਂ ਮੁੱਖ ਮੰਤਰੀ ਦੇ ਅਹੁਦੇ ਤੋਂ ਹਟ ਚੁੱਕੇ ਹਨ ਤਾਂ ਖ਼ੁਦ ਨੂੰ ਕਿਸਾਨਾਂ ਦਾ ਹਿਤੈਸ਼ੀ ਸਾਬਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਆਖ਼ਰ ਹੁਣ ਕੈਪਟਨ ਕੇਂਦਰ ਸਰਕਾਰ ਦੇ ਸਾਹਮਣੇ ਕਿਸਾਨਾਂ ਦਾ ਮੁੱਦਾ ਉਠਾ ਕੇ ਕੀ ਸਾਬਿਤ ਕਰਨਾ ਚਾਹੁੰਦੇ ਹਨ? ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਕਿਸਾਨਾਂ ਦਾ ਸੰਘਰਸ਼ ਕਾਫੀ ਲੰਮੇ ਸਮੇਂ ਤੋਂ ਚੱਲ ਰਿਹਾ ਹੈ ਅਤੇ ਦਿੱਲੀ ਵਿਚ ਕਿਸਾਨ ਕਈ ਮਹੀਨਿਆਂ ਤੋਂ ਰੋਸ ਵਿਖਾਵੇ ਕਰ ਰਹੇ ਹਨ। ਕੈਪਟਨ ਪ੍ਰਤੀ ਕਿਸਾਨ ਪਹਿਲਾਂ ਤੋਂ ਹੀ ਗੁੱਸੇ ਵਿਚ ਹਨ। ਹੁਣ ਕੈਪਟਨ ਉਨ੍ਹਾਂ ਦੀਆਂ ਮੰਗਾਂ ਨੂੰ ਉਠਾਉਣ ਦਾ ਵਿਖਾਵਾ ਕਰ ਕੇ ਕਿਸਾਨਾਂ ਦੇ ਗੁੱਸੇ ਨੂੰ ਹੋਰ ਵੀ ਵਧਾ ਰਹੇ ਹਨ। ਹੁਣ ਕੈਪਟਨ ਕਿਸਾਨਾਂ ਦੇ ਮੁੱਦੇ ਨੂੰ ਮੋਹਰਾ ਬਣਾ ਕੇ ਭਾਜਪਾ ਦੇ ਵੱਡੇ ਆਗੂਆਂ ਨਾਲ ਸੰਪਰਕ ਕਰ ਕੇ ਭਾਜਪਾ ਵਿਚ ਸ਼ਾਮਲ ਹੋਣਾ ਚਾਹੁੰਦੇ ਹਨ।

ਇਹ ਵੀ ਪੜ੍ਹੋ : ਲੁਧਿਆਣਾ 'ਚ ਕੇਜਰੀਵਾਲ ਦਾ ਵੱਡਾ ਐਲਾਨ, ਪੰਜਾਬੀਆਂ ਨੂੰ ਸਿਹਤ ਸਬੰਧੀ ਦਿੱਤੀਆਂ 6 ਗਾਰੰਟੀਆਂ
ਡਿੱਗੀ ਖੋਤੀ ਤੋਂ 'ਤੇ ਗੁੱਸਾ...
ਖ਼ਾਸ ਗੱਲ ਇਹ ਹੈ ਕਿ ਜਦੋਂ ਪੰਜਾਬ ਵਿਚ ਹਾਲਾਤ ਪਿਛਲੇ ਕਈ ਸਾਲਾਂ ਤੋਂ ਇਕੋ ਜਿਹੇ ਹਨ ਤਾਂ ਫਿਰ ਕੈਪਟਨ ਅਮਰਿੰਦਰ ਸਿੰਘ ਨਵਜੋਤ ਸਿੰਘ ਸਿੱਧੂ ਨਾਲ ਆਪਣੀ ਸਿਆਸੀ ਦੁਸ਼ਮਣੀ ਦੇ ਚੱਕਰ 'ਚ ਪੰਜਾਬ ਨੂੰ ਕਿਉਂ ਟਾਰਗੈੱਟ ਕਰ ਰਹੇ ਹਨ। ਉਂਝ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਉਨ੍ਹਾਂ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਕਾਂਗਰਸ ਹਾਈਕਮਾਨ ਨੇ ਉਤਾਰਿਆ ਹੈ। ਕੈਪਟਨ ਵਾਰ-ਵਾਰ ਇਹ ਗੱਲ ਕਹਿ ਰਹੇ ਹਨ ਕਿ ਉਹ ਸਿੱਧੂ ਨੂੰ ਜਿੱਤਣ ਨਹੀਂ ਦੇਣਗੇ। ਮੁੱਖ ਮੰਤਰੀ ਦੀ ਕੁਰਸੀ ਤੋਂ ਉਨ੍ਹਾਂ ਨੂੰ ਸਿੱਧੂ ਨੇ ਨਹੀਂ ਉਤਾਰਿਆ ਹੈ। ਕੈਪਟਨ ਨੂੰ ਤਾਂ ਇਹ ਕਹਿਣਾ ਚਾਹੀਦਾ ਹੈ ਕਿ ਉਹ ਕਾਂਗਰਸ ਨੂੰ ਨਹੀਂ ਜਿੱਤਣ ਦੇਣਗੇ ਪਰ ਉਨ੍ਹਾਂ ਦੇ ਸ਼ਬਦਾਂ ਤੋਂ ਇਹ ਸਪੱਸ਼ਟ ਹੋ ਰਿਹਾ ਹੈ ਕਿ ਉਹ ਆਪਣੀ ਭੜਾਸ ਸਿੱਧੂ ’ਤੇ ਕੱਢ ਕੇ ਆਪਣੇ ਪੱਧਰ ਦੀ ਸਿਆਸਤ ਕਰ ਰਹੇ ਹਨ।

ਇਹ ਵੀ ਪੜ੍ਹੋ : ਵੱਡੀ ਖ਼ਬਰ : 'ਕੈਪਟਨ' ਨੇ ਆਪਣੇ ਟਵਿੱਟਰ ਤੋਂ 'ਕਾਂਗਰਸ' ਸ਼ਬਦ ਹਟਾਇਆ
ਸਾਥ ਤਾਂ ਖ਼ੁਦ ਦੀ ਪਤਨੀ ਦਾ ਵੀ ਨਹੀਂ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਵਿਚ ਨਵੀਂ ਪਾਰਟੀ ਬਣਾ ਕੇ ਜਾਂ ਭਾਜਪਾ ਵਿਚ ਜਾ ਕੇ ਸੂਬੇ ’ਤੇ ਮੁੜ ਤੋਂ ਕਾਬਿਜ਼ ਹੋਣ ਦੇ ਆਪਣੇ ਸੁਫ਼ਨੇ ਸੰਜੋ ਰਹੇ ਹਨ ਪਰ ਹੈਰਾਨੀ ਇਸ ਗੱਲ ਦੀ ਹੈ ਕਿ ਉਨ੍ਹਾਂ ਦੀ ਧਰਮ ਪਤਨੀ ਪਰਨੀਤ ਕੌਰ ਖ਼ੁਦ ਉਨ੍ਹਾਂ ਦੇ ਨਾਲ ਨਹੀਂ ਹੈ। ਪਰਨੀਤ ਕੌਰ ਨੇ ਸਪੱਸ਼ਟ ਕਿਹਾ ਹੈ ਕਿ ਉਹ ਕਾਂਗਰਸ ਵਿਚ ਹੀ ਰਹੇਗੀ। ਇਕ ਹੀ ਪਰਿਵਾਰ ਵਿਚ 2 ਵੱਖ-ਵੱਖ ਸਿਆਸੀ ਪਾਰਟੀਆਂ ਵਿਚ ਰਹਿ ਕੇ ਕਿਵੇਂ ਕੰਮ ਚੱਲੇਗਾ?
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News