ਮੋਦੀ ਤੋਂ ਵੱਧ ਭਖਿਆ ਹੈ ਪੰਜਾਬ ''ਚ ਕੈਪਟਨ-ਸਿੱਧੂ ਵਿਵਾਦ

Wednesday, May 22, 2019 - 06:28 PM (IST)

ਮੋਦੀ ਤੋਂ ਵੱਧ ਭਖਿਆ ਹੈ ਪੰਜਾਬ ''ਚ ਕੈਪਟਨ-ਸਿੱਧੂ ਵਿਵਾਦ

ਚੰਡੀਗੜ੍ਹ : ਦੇਸ਼ਭਰ 'ਚ ਭਾਵੇਂ ਇਸ ਗੱਲ ਦੀ ਚਰਚਾ ਛਿੜੀ ਹੋਈ ਹੈ ਕਿ ਦੇਸ਼ ਦੇ 'ਸਿੰਘਾਸਨ' 'ਤੇ ਕੋਣ ਵਿਰਾਜਮਾਨ ਹੋਵੇਗਾ ਪਰ ਇਸ ਸਭ ਦੇ ਉਲਟ ਪੰਜਾਬ 'ਚ ਵੱਖਰਾ ਹੀ ਮੁੱਦਾ ਗਰਮਾਇਆ ਹੋਇਆ ਹੈ। ਪੰਜਾਬ 'ਚ ਹਾਕਮਧਿਰ ਕਾਂਗਰਸ ਆਪਣੇ ਹੀ ਦੋ ਮੁੱਖ ਲੀਡਰਾਂ ਦੀ ਸਿਆਸੀ 'ਵਾਰ' ਕਾਰਨ ਚਰਚਾ ਵਿਚ ਹੈ। ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਵਿਚਕਾਰ ਜਾਰੀ ਸ਼ਬਦੀ ਵਾਰ ਨੇ ਵਿਰੋਧੀਆਂ ਨੂੰ ਬੋਲਣ ਦਾ ਮੌਕਾ ਦੇ ਦਿੱਤਾ ਹੈ। ਚੋਣਾ ਦੇ ਨਤੀਜੇ ਸਿਰ 'ਤੇ ਹਨ, ਸੋ ਅਜਿਹੇ 'ਚ ਦੋਵਾਂ ਦੀ ਲੜਾਈ ਨੂੰ ਕਾਫੀ ਗਹਿਰਾਈ ਨਾਲ ਵੇਖੀਆ ਜਾ ਰਿਹਾ ਹੈ। ਸਿੱਧੂ ਦੇ ਬਿਆਨਾਂ ਤੋਂ ਬਾਅਦ ਕੈਪਟਨ ਧੜੇ ਵਲੋਂ ਲਗਾਤਾਰ ਜਵਾਬੀ ਫਾਇਰਿੰਗ ਕੀਤੀ ਜਾ ਰਹੀ ਹੈ। ਇਹ ਕਿਹਾ ਜਾ ਰਿਹਾ ਹੈ ਕਿ ਜੇਕਰ ਪੰਜਾਬ 'ਚ ਮਿਸ਼ਨ 13 ਪੂਰਾ ਨਾ ਹੋਇਆ ਤਾਂ ਉਸਦੇ ਕਸੂਰਵਾਰ ਸਿੱਧੂ ਹੀ ਹੋਣਗੇ। 

ਸਿਆਸੀ ਮਾਹਿਰਾ ਦਾ ਕਹਿਣਾ ਹੈ ਕਿ ਕੈਪਟਨ ਧੜਾ ਸਿੱਧੂ ਨੂੰ ਪਸਤ ਕਰਨ ਲਈ ਕੋਈ ਮੌਕਾ ਨਹੀਂ ਛੱਡਣਾ ਚਾਹੁੰਦਾ ਹੈ। ਜੇਕਰ ਪੰਜਾਬ 'ਚ ਕਾਂਗਰਸ ਦੀ ਕਾਰਗੁਜਾਰੀ ਮਾੜੀ ਰਹੀ ਤਾਂ ਇਸਦਾ ਠੀਕਰਾ ਸਿੱਧੂ ਦੇ ਸਿਰ ਭੰਨਿਆ ਜਾਵੇਗਾ ਤੇ ਜੇਕਰ ਕਾਂਗਰਸ ਜਿੱਤ ਜਾਂਦੀ ਹੈ ਤਾਂ ਜਿੱਤ ਦਾ ਸਿਹਰਾ ਇਕ ਵਾਰ ਫਿਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਰ ਬੱਝੇਗਾ। ਤਰਕ ਹੋਵੇਗਾ ਕਿ 2014 'ਚ ਮੋਦੀ ਲਹਿਰ ਦੇ ਉਲਟ ਕਾਂਗਰਸ ਨੂੰ ਫਤਿਹ ਕਰਨ ਵਾਲੇ ਕੈਪਟਨ ਨੇ ਇਕ ਵਾਰ ਫਿਰ ਆਪਣਾ ਜਲਵਾ ਦਿਖਾ ਦਿੱਤਾ ਹੈ। ਸੂਬਾ ਕਾਂਗਰਸ ਇਹ ਸਾਬਿਤ ਕਰਕੇ ਸਿੱਧੂ ਨੂੰ ਪੰਜਾਬ 'ਚੋਂ ਆਊਟ ਕਰਵਾਉਣ ਦੀ ਵਿਉਂਤ ਵੀ ਰਚ ਸਕਦੀ ਹੈ। 

ਜੇ ਕੈਪਟਨ ਧੜਾ ਆਪਣੀ ਪਲਾਨਿੰਗ 'ਚ ਹੈ ਤਾਂ ਉਧਰ ਸਿੱਧੂ ਵੀ ਜੋਸ਼ ਨਾਲ ਭਰੇ ਹੋਏ ਹਨ। ਪਾਰਟੀ ਪ੍ਰਧਾਨ ਰਾਹੁਲ ਗਾਂਧੀ ਅਤੇ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਦੇ ਅਸ਼ੀਰਵਾਦ ਨਾਲ ਲਬਰੇਜ ਸਿੱਧੂ ਬੇਫਿਕਰ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਦੇਸ਼ ਭਰ 'ਚ ਮੋਦੀ ਦਾ ਭਾਂਡਾ ਭੰਣਨ ਵਾਲੇ ਸਿੱਧੂ 'ਤੇ ਹਾਈਕਮਾਨ ਵਲੋਂ ਨਰਮੀ ਹੀ ਵਰਤੇ ਜਾਣ ਦੇ ਜ਼ਿਆਦਾਤਰ ਸੰਕੇਤ ਹਨ। ਸਿੱਧੂ ਬਿਆਨ ਜਾਰੀ ਕਰਨ ਤੋਂ ਬਾਅਦ ਪਿਛਲੇ ਤਿੰਨ ਦਿਨਾਂ ਤੋਂ ਸ਼ਾਂਤ ਹਨ ਜਦਕਿ ਕਾਂਗਰਸ ਅੰਦਰ ਉਨ੍ਹਾਂ ਖਿਲਾਫ ਬਿਆਨ ਆਉਣੇ ਜਾਰੀ ਹਨ। ਅਜਿਹੇ 'ਚ 23 ਮਈ ਨੂੰ ਆਉਣ ਵਾਲੇ ਨਤੀਜੇ ਪੰਜਾਬ ਦੀ ਸਿਆਸਤ 'ਚ ਕਾਂਗਰਸ ਦੇ ਅੰਦਰੂਨੀ ਕਲੇਸ਼ ਦੀ ਦਸ਼ਾ ਨੂੰ ਨਿਰਧਾਰਤ ਕਰਨਗੇ। ਰਾਹੁਲ ਗਾਂਧੀ ਦਾ ਮੂਡ ਪੰਜਾਬ 'ਚ ਕਿਸੇ ਇਕ ਦਾ ਮੂਡ ਜ਼ਰੂਰ ਠੀਕ ਕਰ ਸਕਦਾ ਹੈ।


author

Gurminder Singh

Content Editor

Related News