ਫਿਰੋਜ਼ਪੁਰ 'ਚ ਕਾਂਗਰਸ ਸਰਕਾਰ ਨੂੰ ਵਾਅਦੇ ਯਾਦ ਕਰਵਾਉਣ ਲਈ ਭਾਜਪਾ ਆਗੂਆਂ ਨੇ ਦਿੱਤਾ ਧਰਨਾ

Tuesday, Jan 16, 2018 - 05:04 PM (IST)

ਫਿਰੋਜ਼ਪੁਰ 'ਚ ਕਾਂਗਰਸ ਸਰਕਾਰ ਨੂੰ ਵਾਅਦੇ ਯਾਦ ਕਰਵਾਉਣ ਲਈ ਭਾਜਪਾ ਆਗੂਆਂ ਨੇ ਦਿੱਤਾ ਧਰਨਾ

ਫਿਰੋਜ਼ਪੁਰ (ਕੁਮਾਰ) — ਕੈਪਟਨ ਸਰਕਾਰ ਵੱਲੋਂ ਸੱਤਾ ਦੇ ਪਹਿਲੇ 10 ਮਹੀਨਿਆਂ 'ਚ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਅਤੇ ਚੋਣ ਮੈਨੀਫੈਸਟੋ ਦੇ ਅਨੁਸਾਰ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ ਨਾ ਕਰਨ ਦੇ ਵਿਰੋਧ 'ਚ ਅੱਜ ਜ਼ਿਲਾ ਭਾਜਪਾ ਫਿਰੋਜ਼ਪੁਰ ਨੇ ਡੀ. ਸੀ.ਦਫਤਰ ਦੇ ਸਾਹਮਣੇ ਜ਼ਿਲਾ ਪ੍ਰਧਾਨ ਦਵਿੰਦਰ ਬਜਾਜ ਦੀ ਅਗਵਾਈ ਹੇਠ ਰੋਸ ਧਰਨਾ ਦਿੱਤਾ ਅਤੇ ਕੈਪਟਨ ਸਰਕਾਰ ਦੇ ਖਿਲਾਫ ਨਾਅਰੇਬਾਜੀ ਕੀਤੀ। ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲਾ ਪ੍ਰਧਾਨ ਦਵਿੰਦਰ ਬਜਾਜ, ਨਗਰ ਕੌਂਸਲ ਪ੍ਰਧਾਨ ਅਸ਼ਵਨੀ ਗਰੋਵਰ, ਚੇਅਰਮੈਨ ਜਗਰਾਜ ਸਿੰਘ ਕਟੋਰਾ, ਜੋਹਰੀ ਲਾਲ ਯਾਦਵ, ਅਰੁਨ ਪੁੱਗਲ, ਡਾਕਟਰ ਕੁਲਭੂਸ਼ਨ ਅਤੇ ਗੋਬਿੰਦ ਰਾਮ ਅਗਰਵਾਲ ਆਦਿ ਨੇ ਕਿਹਾ ਕਿ ਕੈਪਟਨ ਸਰਕਾਰ ਦੇ 10 ਮਹੀਨੇ ਦੇ ਕਾਰਜਕਾਲ 'ਚ ਪੰਜਾਬ ਦੀ ਹਾਲਤ ਬਦ ਤੋਂ ਬਦਤਰ ਹੋ ਗਈ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨਾਲ ਕਰਜ਼ਾ ਮੁਆਫੀ ਦੇ ਨਾਂ 'ਤੇ ਮਜ਼ਾਕ ਕੀਤਾ ਜਾ ਰਿਹਾ ਹੈ, ਜਦਕਿ ਸਰਕਾਰ ਨੂੰ ਵਾਅਦੇ ਦੇ ਅਨੁਸਾਰ ਪੰਜਾਬ ਦੇ ਸਾਰੇ ਕਿਸਾਨਾਂ ਦਾ ਪੂਰਾ ਕਰਜ਼ਾ ਮੁਆਫ ਕਰਨਾ ਚਾਹੀਦਾ ਹੈ।
ਦਵਿੰਦਰ ਬਜਾਜ ਅਤੇ ਉਨ੍ਹਾਂ ਦੇ ਭਾਜਪਾਈ ਸਾਥੀਆਂ ਨੇ ਕਿਹਾ ਕਿ ਪੰਜਾਬ 'ਚ ਸਰਕਾਰ ਦਾ ਰੇਤ ਮਾਫੀਆ ਸਰਗਰਮ ਹੈ ਅਤੇ ਬਦਲਾ ਲੈਣ ਵਾਲੀ ਭਾਵਨਾ ਦੇ ਨਾਲ ਅਕਾਲੀ, ਭਾਜਪਾਈਆਂ 'ਤੇ ਝੂਠੇ ਮੁਕੱਦਮੇ ਦਰਜ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਭ੍ਰਿਸ਼ਟਾਚਾਰ ਤੇ ਗੁੰਡਾਰਾਜ ਦਾ ਬੋਲਬਾਲਾ ਹੈ। ਉਨ੍ਹਾਂ ਕੈਪਟਨ ਸਰਕਾਰ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਬਜ਼ੁਰਗ, ਅਪਾਹਿਜ ਤੇ ਵਿਧਵਾ ਮਹਿਲਾਵਾਂ ਆਦਿ ਨੂੰ ਪੈਨਸ਼ਨਾਂ ਦੇਣ, ਦਲਿਤਾਂ ਦਾ ਕਰਜ਼ਾ ਮੁਆਫ ਕਰਨ, ਬੇਰੁਜ਼ਗਾਰਾਂ ਨੂੰ ਰੋਜ਼ਗਾਰ, ਸਮਾਰਟ ਫੋਨ, ਦਲਿਤ ਪਰਿਵਾਰਾਂ ਦੇ ਹਰ ਇਕ ਮੈਂਬਰ ਨੂੰ ਨੌਕਰੀ ਦੇਣ ਆਦਿ ਦੇ ਸਾਰੇ ਚੁਣਾਵੀਂ ਵਾਅਦੇ ਹਵਾ ਵਿਚ ਉਡ ਗਏ ਹਨ। ਇਹ ਹੀ ਨਹੀਂ ਔਰਤਾਂ ਨੂੰ ਸਰਕਾਰੀ ਨੌਕਰੀਆਂ ਵਿਚ 50 ਫੀਸਦੀ ਰਿਜਰਵੇਸ਼ਨ ਦੇਣ ਆਦਿ ਦੇ ਸਾਰੇ ਵਾਅਦੇ ਕੈਪਟਨ ਸਰਕਾਰ ਭੁੱਲ ਗਈ ਹੈ। 
ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵਲੋਂ ਸੱਤਾ 'ਚ ਆਉਣ ਦੇ ਚਾਰ ਹਫਤਿਆਂ ਅੰਦਰ ਪੰਜਾਬ 'ਚੋਂ ਨਸ਼ਾ ਖਤਮ ਕਰਨ ਦੇ ਵਾਅਦੇ ਝੂਠੇ ਸਾਬਿਤ ਹੋਏ ਕਿਉਂਕਿ ਪੰਜਾਬ ਵਿਚ ਨਸ਼ਾ ਸ਼ਰੇਆਮ ਮਿਲ ਰਿਹਾ ਹੈ।ਭਾਜਪਾਈਆਂ ਨੇ ਕਿਹਾ ਕਿ ਪੰਜਾਬ ਵਿਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਭੰਗ ਹੋ ਚੁੱਕੀ ਹੈ ਤੇ ਪੰਜਾਬ ਵਿਚ ਰਹਿੰਦੇ ਸਾਰੇ ਵਰਗਾਂ ਦੇ ਲੋਕਾਂ ਦਾ ਕੈਪਟਨ ਸਰਕਾਰ ਤੋਂ ਵਿਸ਼ਵਾਸ਼ ਉਠ ਚੁੱਕਾ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਚੋਣਾਂ 'ਚ ਕਾਂਗਰਸੀਆਂ ਵਲੋਂ ਸ਼ਰੇਆਮ ਲੋਕਤੰਤਰ ਦੀ ਹੱਤਿਆ ਕੀਤੀ ਗਈ ਹੈ। ਇਸ ਮੌਕੇ 'ਤੇ ਭਾਜਪਾਈ ਆਗੂ ਦਵਿੰਦਰ ਨਾਰੰਗ, ਬ੍ਰਿਜ ਲਾਲ, ਰਾਜੀਵ ਧਵਨ, ਸੁੱਖਾ ਕੌਂਸਲਰ, ਐਡਵੋਕੇਟ ਅਸ਼ਵਨੀ ਕੁਮਾਰ ਧੀਂਗੜਾ, ਰਾਜੇਸ਼ ਨਿੰਦੀ, ਹੀਰਾ ਪੁੱਗਲ, ਮੁਲਖ ਰਾਜ, ਵਿਜੇ ਆਨੰਦ ਆਦਿ ਵੀ ਮੋਜੂਦ ਸਨ। ਦਵਿੰਦਰ ਬਜਾਜ, ਅਸ਼ਵਨੀ ਗਰੋਵਰ ਅਤੇ ਜਗਰਾਜ ਸਿੰਘ ਕਟੋਰਾ ਆਦਿ ਨੇ ਮੁੱਖ ਮੰਤਰੀ ਪੰਜਾਬ ਦੇ ਨਾਮ ਸਹਾਇਕ ਕਮਿਸ਼ਨਰ ਜਨਰਲ ਫਿਰੋਜ਼ਪੁਰ ਨੂੰ ਮੰਗ ਪੱਤਰ ਵੀ ਸੌਂਪਿਆ ਅਤੇ ਮੰਗ ਕੀਤੀ ਕਿ ਚੋਣਾ ਦੌਰਾਨ ਪੰਜਾਬ ਦੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਜਾਣ।


Related News