ਬਠਿੰਡਾ ''ਚ ਕਾਂਗਰਸ ਸਰਕਾਰ ਖਿਲਾਫ ਭਾਜਪਾ ਆਗੂਆਂ ਦਾ ਪ੍ਰਦਰਸ਼ਨ
Tuesday, Jan 16, 2018 - 03:49 PM (IST)

ਬਠਿੰਡਾ (ਅਮਿਤ ਸ਼ਰਮਾ) — ਬਠਿੰਡਾ 'ਚ ਅੱਜ ਭਾਰਤੀ ਜਨਤਾ ਪਾਰਟੀ ਵਲੋਂ ਪੰਜਾਬ ਕਾਂਗਰਸ ਸਰਕਾਰ ਦੇ ਖਿਲਾਫ ਵੱਡਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ 'ਤੇ ਭਾਜਪਾ ਦੇ ਜ਼ਿਲਾ ਪ੍ਰਧਾਨ ਨੇ ਦੱਸਿਆ ਕਿ ਕੈਪਟਨ ਸਰਕਾਰ ਵਲੋਂ ਸੱਤਾ 'ਚ 10 ਮਹੀਨੇ ਪੂਰੇ ਕਰਨ ਤੋਂ ਬਾਅਦ ਵੀ ਚੋਣ ਮੈਨੀਫੈਸਟੋ 'ਚ ਜਨਤਾ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਗਏ। ਉਨ੍ਹਾਂ ਦੋਸ਼ ਲਗਾਇਆ ਕਿ ਕਾਂਗਰਸ ਸਰਕਾਰ ਝੂਠ ਬੋਲ ਕੇ ਸੱਤਾ 'ਚ ਆਈ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਾ ਬੰਦ ਕਰਨ ਦੀ ਕਸਮ ਖਾਦੀ ਸੀ ਪਰ ਅਜੇ ਤਕ ਇਸ ਮਾਮਲੇ 'ਚ ਕੋਈ ਕੰਮ ਨਹੀਂ ਹੋਇਆ ਹੈ। ਇਸ ਲਈ ਪੰਜਾਬ ਸਰਕਾਰ ਨੂੰ ਉਨ੍ਹਾਂ ਵਲੋਂ ਜਨਤਾ ਨਾਲ ਕੀਤੇ ਵਾਅਦਿਆਂ ਨੂੰ ਯਾਦ ਕਰਵਾਉਣ ਲਈ ਇਹ ਧਰਨੇ ਦਿੱਤੇ ਜਾ ਰਹੇ ਹਨ।
ਭਾਜਪਾ ਦੇ ਜ਼ਿਲਾ ਪ੍ਰਧਾਨ ਨੇ ਕਿਹਾ ਕਿ ਅਜੇ ਤਕ ਲੋਕਾਂ ਨੂੰ ਆਟਾ-ਦਾਲ ਨਹੀਂ ਮਿਲਿਆ ਤੇ ਨਾ ਹੀ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਮਿਲਿਆ ਹੈ ਤੇ ਜੇਕਰ ਗੱਲ ਕੀਤੀ ਜਾਵੇ ਕਿਸਾਨਾਂ ਦੇ ਕਰਜ਼ ਮੁਆਫੀ ਦੀ ਤਾਂ ਕਾਂਗਰਸ ਪਿਛਲੇ 10 ਮਹੀਨਿਆਂ ਤੋਂ ਲਗਾਤਾਰ ਝੂਠ ਬੋਲਦੀ ਆ ਰਹੀ ਹੈ, ਜਿਸ ਦਾ ਖਾਮਿਆਜ਼ਾ ਆਮ ਜਨਤਾ ਨੂੰ ਭੁਗਤਣਾ ਪੈ ਰਿਹਾ ਹੈ। ਇਸ ਲਈ ਉਹ ਕੈਪਟਨ ਅਮਰਿੰਦਰ ਸਿੰਘ ਕੋਲੋਂ ਮੰਗ ਕਰ ਰਹੇ ਹਨ ਕਿ ਉਹ ਆਪਣੇ ਕੀਤੇ ਵਾਅਦੇ ਜਲਦ ਪੂਰੇ ਕਰਨ, ਨਹੀਂ ਤਾਂ ਅੱਗੇ ਵੀ ਭਾਜਪਾ ਆਗੂ ਉਨ੍ਹਾਂ ਦੀਆਂ ਲੋਕ ਮਾਰੂ ਨੀਤੀਆਂ ਦੇ ਖਿਲਾਫ ਸੰਘਰਸ਼ ਕਰਦੇ ਰਹਿਣਗੇ।