ਹਰੀਸ਼ ਰਾਵਤ ’ਤੇ ਕੈਪਟਨ ਦਾ ਵੱਡਾ ਹਮਲਾ, ‘ਖੇਰੂੰ-ਖੇਰੂੰ ਕਰ ਦਿੱਤੀ ਪੰਜਾਬ ਕਾਂਗਰਸ’
Thursday, Oct 21, 2021 - 06:24 PM (IST)
ਜਲੰਧਰ : ਪੰਜਾਬ ਵਿਚ ਕਾਂਗਰਸ ’ਚ ਚੱਲ ਰਹੀ ਖਿੱਚੋਤਾਣ ਦਰਮਿਆਨ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਉੱਤੇ ਵੱਡਾ ਹਮਲਾ ਕੀਤਾ ਹੈ। ਕੈਪਟਨ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਟਵੀਟ ਕਰ ਹਰੀਸ਼ ਰਾਵਤ ਨੂੰ ਲੰਮੇ ਹੱਥੀਂ ਲਿਆ ਹੈ।
ਹਰੀਸ਼ ਰਾਵਤ ਨੇ ਬੁੱਧਵਾਰ ਇਕ ਟਵੀਟ ਕੀਤਾ ਸੀ, ਜਿਸ ’ਚ ਕੈਪਟਨ ਦੇ ਭਾਜਪਾ ਨਾਲ ਹੱਥ ਮਿਲਾਉਣ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ ਸੀ। ਇਸ ਦਾ ਜਵਾਬ ਦਿੰਦਿਆਂ ਕੈਪਟਨ ਨੇ ਕਿਹਾ ਹੈ ਕਿ ਹਰੀਸ਼ ਰਾਵਤ ਨੂੰ ਧਰਮ ਨਿਰਪੱਖਤਾ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਕੈਪਟਨ ਨੇ ਕਿਹਾ ਕਿ ਸ਼ਾਇਦ ਹਰੀਸ਼ ਰਾਵਤ ਭੁੱਲ ਗਏ ਹਨ ਕਿ ਕਾਂਗਰਸ ਨੇ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਜੁਆਇਨ ਕਰਵਾਈ ਸੀ, ਜਦਕਿ ਉਹ 14 ਸਾਲ ਭਾਜਪਾ ਦੇ ਨਾਲ ਰਹਿ ਕੇ ਆਏ ਸਨ। ਉਨ੍ਹਾਂ ਕਿਹਾ ਕਿ ਨਾਨਾ ਪਟੋਲੇ ਤੇ ਆਰ. ਰੈੱਡੀ ਵਰਗੇ ਲੋਕ ਆਰ. ਐੱਸ. ਐੱਸ. ਤੋਂ ਕਾਂਗਰਸ ’ਚ ਆਏ ਸਨ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਦੇ ਲੋਕਾਂ ਨੂੰ ਨਹੀਂ ਦੇਣੇ ਪੈਣਗੇ ਪਾਣੀ ਤੇ ਸੀਵਰੇਜ ਦੇ ਬਕਾਇਆ ਬਿੱਲ, ਨੋਟੀਫਿਕੇਸ਼ਨ ਜਾਰੀ
ਪਰਗਟ ਸਿੰਘ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਵੀ 4 ਸਾਲ ਅਕਾਲੀ ਦਲ ’ਚ ਰਹੇ ਹਨ। ਕੈਪਟਨ ਨੇ ਅੱਗੇ ਕਿਹਾ ਹੈ ਕਿ ਅੱਜ ਉਨ੍ਹਾਂ ’ਤੇ ਅਕਾਲੀ ਦਲ ਦੇ ਨਾਲ ਸਹਿਯੋਗ ਦੇ ਦੋਸ਼ ਲਾ ਰਹੇ ਹਨ, ਜਦਕਿ ਅਕਾਲੀ ਦਲ ਦੇ ਰਾਜ ’ਚ ਹੀ ਉਨ੍ਹਾਂ ਨੇ 10 ਸਾਲ ਤਕ ਅਦਾਲਤ ਦੇ ਕੇਸ ਭੁਗਤੇ ਹਨ ਤੇ ਜੇ ਅਜਿਹੀ ਸਥਿਤੀ ਸੀ ਤਾਂ ਉਨ੍ਹਾਂ ਪੰਜਾਬ ’ਚ ਕਾਂਗਰਸ ਨੂੰ 2017 ’ਚ ਜਿੱਤ ਕਿਵੇਂ ਦਿਵਾਈ।
ਸਵਾਲ ਖੜ੍ਹਾ ਕਰਦਿਆਂ ਕੈਪਟਨ ਨੇ ਕਿਹਾ ਕਿ ਹਰੀਸ਼ ਰਾਵਤ ਨੂੰ ਲੱਗਦਾ ਹੈ ਕਿ ਉਹ ਕਾਂਗਰਸ ਨੂੰ ਡੈਮੇਜ ਕਰ ਰਹੇ ਹਨ ਪਰ ਖੁਦ ਕਾਂਗਰਸ ਨੇ ਉਨ੍ਹਾਂ ਉਤੇ ਵਿਸ਼ਵਾਸ ਨਾ ਕਰਕੇ ਸਿੱਧੂ ਵਰਗੇ ਅਸਥਿਰ ਵਿਅਕਤੀ ਦੇ ਹੱਥ ਕਮਾਨ ਸੌਂਪ ਦਿੱਤੀ, ਜਿਸ ਨਾਲ ਕਾਂਗਰਸ ਦਾ ਨੁਕਸਾਨ ਹੋਇਆ ਹੈ।