ਕੈਪਟਨ ਸਰਕਾਰ ਨੂੰ ਆਮ ਲੋਕਾਂ ਨਾਲੋਂ ਸ਼ਰਾਬ ਮਾਫ਼ੀਆ ਦੀ ਜ਼ਿਆਦਾ ਫ਼ਿਕਰ : ਹਰਪਾਲ ਚੀਮਾ

Wednesday, Apr 22, 2020 - 09:47 PM (IST)

ਚੰਡੀਗੜ੍ਹ,(ਰਮਨਜੀਤ) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਲਾਕਡਾਊਨ (ਕਰਫ਼ਿਊ) ਦੌਰਾਨ ਸੂਬੇ ਅੰਦਰ ਸ਼ਰਾਬ ਦੇ ਠੇਕੇ ਖੋਲੇ ਜਾਣ ਸੰਬੰਧੀ ਲਿਆਂਦੀ ਤਜਵੀਜ਼ ਦਾ ਜ਼ੋਰਦਾਰ ਵਿਰੋਧ ਕੀਤਾ ਹੈ। ਚੀਮਾ ਅਨੁਸਾਰ ਅਜਿਹੇ ਹਲਾਤਾਂ 'ਚ ਠੇਕੇ ਖੁੱਲਣ 'ਤੇ ਸਿਰਫ਼ ਸ਼ਰਾਬ ਮਾਫ਼ੀਆ ਨੂੰ ਮੌਜਾਂ ਲੱਗਣਗੀਆਂ, ਜਦਕਿ ਸ਼ਰਾਬ ਕਾਰਨ ਆਮ ਲੋਕਾਂ ਦੇ ਘਰਾਂ 'ਚ ਕਲੇਸ਼ ਵਧਣਗੇ।
'ਆਪ' ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਜਿਹੇ ਮਾਹੌਲ 'ਚ ਠੇਕਿਆਂ ਦਾ ਖੁੱਲਣਾ ਸਮਾਜਿਕ ਅਤੇ ਨੈਤਿਕ ਪੱਧਰ 'ਤੇ ਪੂਰੀ ਤਰਾਂ ਗ਼ਲਤ ਹੋਵੇਗਾ। ਇਸ ਲਈ ਕੈਪਟਨ ਸਰਕਾਰ ਵੱਲੋਂ ਕੇਂਦਰ ਸਰਕਾਰ ਕੋਲੋਂ ਠੇਕੇ ਖੋਲੇ ਜਾਣ ਸੰਬੰਧੀ ਇਜਾਜ਼ਤ ਪੰਜਾਬ ਸਰਕਾਰ ਨੂੰ ਵਾਪਸ ਲੈਣੀ ਚਾਹੀਦੀ ਹੈ, ਜੇਕਰ ਪੰਜਾਬ ਸਰਕਾਰ ਅਜਿਹਾ ਨਹੀਂ ਕਰਦੀ ਤਾਂ ਕੇਂਦਰ ਸਰਕਾਰ ਪੰਜਾਬ 'ਚ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਕਦਾਚਿਤ ਇਜਾਜ਼ਤ ਨਾ ਦੇਵੇ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬੇਸ਼ੱਕ ਪੰਜਾਬ ਸਰਕਾਰ ਸਰਕਾਰੀ ਮਾਲੀਆ (ਰੈਵੀਨਿਊ) ਦਾ ਹਵਾਲਾ ਦੇ ਕੇ ਮਨਜ਼ੂਰੀ ਮੰਗ ਰਹੀ ਹੈ ਪਰ ਅਸਲ 'ਚ ਕੈਪਟਨ ਸਰਕਾਰ ਨੂੰ ਆਪਣੇ ਚਹੇਤਿਆਂ ਵੱਲੋਂ ਚਲਾਏ ਜਾਂਦੇ ਸ਼ਰਾਬ ਮਾਫ਼ੀਆ ਦੀ ਫ਼ਿਕਰ ਸਤਾ ਰਹੀ ਹੈ। ਚੀਮਾ ਨੇ ਕਿਹਾ ਕਿ ਸਾਨੂੰ ਇਹ ਕਹਿਣ 'ਚ ਰੱਤੀ ਭਰ ਵੀ ਗੁਰੇਜ਼ ਨਹੀਂ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਖ਼ਾਸਮਖ਼ਾਸ ਸ਼ਰਾਬ ਫ਼ੈਕਟਰੀਆਂ ਦੇ ਮਾਲਕ ਹਨ। ਚੀਮਾ ਨੇ ਕਿਹਾ ਕਿ ਸਰਕਾਰ ਦੇ ਅਜਿਹੇ ਫੈਸਲੇ ਸਾਬਿਤ ਕਰਦੇ ਹਨ ਕਿ ਸਰਕਾਰ ਨੂੰ ਗਰੀਬਾਂ, ਲੋੜਵੰਦਾਂ ਦੇ ਰਾਸ਼ਨ, ਮੰਡੀਆਂ 'ਚ ਰੁਲ ਰਹੇ ਕਿਸਾਨਾਂ-ਮਜਦੂਰਾਂ-ਆੜ੍ਹਤੀਆਂ ਅਤੇ ਕੋਰੋਨਾ ਵਾਇਰਸ ਨਾਲ ਸਿੱਧੀ ਲੜਾਈ ਲੜ ਰਹੇ ਡਾਕਟਰਾਂ, ਨਰਸਾਂ, ਆਸ਼ਾ ਵਰਕਰਾਂ, ਆਂਗਣਵਾੜੀ ਵਰਕਰਾਂ, ਐਂਬੂਲੈਂਸ ਡਰਾਈਵਰਾਂ, ਪੈਰਾ ਮੈਡੀਕਲ ਸਟਾਫ਼ ਅਤੇ ਦਿਨ ਰਾਤ ਡਿਊਟੀ ਕਰ ਰਹੇ ਪੁਲਸ ਪ੍ਰਸ਼ਾਸਨ ਅਤੇ ਬਿਜਲੀ ਮਹਿਕਮੇ ਦੇ ਸਟਾਫ਼ ਦੀ ਥਾਂ ਸ਼ਰਾਬ ਮਾਫੀਆ ਦੀ ਜ਼ਿਆਦਾ ਫਿਕਰ ਹੈ। ਚੀਮਾ ਨੇ ਕਿਹਾ ਕਿ ਸ਼ਰਾਬ ਮਾਫ਼ੀਆ ਪਹਿਲਾਂ ਵੀ ਸਰਕਾਰੀ ਖ਼ਜ਼ਾਨੇ 'ਤੇ ਭਾਰੀ ਸੀ, ਜੇਕਰ ਲਾਕਡਾਊਨ ਦੌਰਾਨ ਠੇਕੇ ਖੁੱਲਣ ਦੀ ਇਜਾਜ਼ਤ ਮਿਲ ਜਾਂਦੀ ਹੈ ਤਾਂ ਵੀ ਵਿੱਤੀ ਫ਼ਾਇਦਾ ਸਰਕਾਰ ਦਾ ਨਹੀਂ ਸ਼ਰਾਬ ਮਾਫ਼ੀਆ ਦਾ ਹੀ ਹੋਵੇਗਾ।


Deepak Kumar

Content Editor

Related News