ਕੈਪਟਨ ਹੈਲੀਕਾਪਟਰ ''ਚ ਆਏ, ਲੁਧਿਆਣਵੀ ਟਰੈਫਿਕ ਜਾਮ ''ਚ ਫਸਾਏ

Monday, Mar 12, 2018 - 04:41 AM (IST)

ਕੈਪਟਨ ਹੈਲੀਕਾਪਟਰ ''ਚ ਆਏ, ਲੁਧਿਆਣਵੀ ਟਰੈਫਿਕ ਜਾਮ ''ਚ ਫਸਾਏ

ਲੁਧਿਆਣਾ,  (ਵਿੱਕੀ, ਸੰਨੀ)-  ਆਮ ਤੌਰ 'ਤੇ ਲੋਕ ਸੰਡੇ ਨੂੰ 'ਫ਼ਨ ਡੇ' ਦੇ ਤੌਰ 'ਤੇ ਲੈਂਦੇ ਹਨ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅੱਜ ਲੁਧਿਆਣਾ ਪਹਿਲੇ ਅਧਿਕਾਰਕ ਦੌਰੇ ਨੇ ਇਸ ਨੂੰ 'ਬੋਰਿੰਗ ਡੇ' ਬਣਾ ਦਿੱਤਾ। ਕੈਪਟਨ ਦੀ ਆਮਦ ਨੂੰ ਲੈ ਕੇ ਮਹਾਨਗਰ ਦੇ ਮੇਨ ਪੁਆਇੰਟ ਸੀਲ ਕਰਨ ਅਤੇ ਉਨ੍ਹਾਂ ਦੇ ਸਮਰਥਕਾਂ ਦਾ ਬੱਸਾਂ ਦੇ ਕਾਫਲੇ ਦੇ ਰੂਪ 'ਚ ਇਥੇ ਆਉਣ ਕਰ ਕੇ ਮਹਾਨਗਰ 'ਚ ਹਰ ਪਾਸੇ ਜਾਮ ਹੀ ਜਾਮ ਦਿਖਾਈ ਦਿੱਤਾ। ਇਸ ਕਾਰਨ ਆਮ ਵਾਹਨ ਚਾਲਕ ਕਈ ਘੰਟਿਆਂ ਤੱਕ ਧੁੱਪ 'ਚ ਸੜਦੇ ਰਹੇ।
ਦੱਸ ਦੇਈਏ ਕਿ 'ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ' ਸਕੀਮ ਤਹਿਤ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਪ੍ਰਦਾਨ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮਹਾਨਗਰ ਦੇ ਦੌਰੇ 'ਤੇ ਸਨ। ਕੈਪਟਨ ਅਮਰਿੰਦਰ ਹਵਾਈ ਮਾਰਗ ਰਾਹੀਂ ਪਹਿਲਾਂ ਸਮਾਰੋਹ ਸਥਾਨ ਪੀ. ਏ. ਯੂ. ਵਿਚ ਪਹੁੰਚੇ। ਜਿੱਥੇ ਹੋਏ ਉਕਤ ਸਮਾਰੋਹ 'ਚ ਹਿੱਸਾ ਲੈਣ ਲਈ ਕਾਂਗਰਸੀ ਵਰਕਰਾਂ ਅਤੇ ਲੋਕਾਂ ਵਿਚ ਕਾਫੀ ਉਤਸ਼ਾਹ ਸੀ, ਜਿਸ ਕਾਰਨ ਵਾਹਨਾਂ ਦੀ ਫਿਰੋਜ਼ਪੁਰ ਰੋਡ 'ਤੇ ਕਾਫੀ ਲੰਬੀ ਗਿਣਤੀ ਹੋਣ ਨਾਲ ਜਾਮ ਦੀ ਸਥਿਤੀ ਪੈਦਾ ਹੋ ਗਈ। ਹਾਲਾਂਕਿ ਪੁਲਸ ਵੱਲੋਂ ਕਈ ਜਗ੍ਹਾ ਬੈਰੀਕੇਡਸ ਲਾਏ ਗਏ ਸਨ ਪਰ ਆਮ ਲੋਕਾਂ ਨੂੰ ਉਨ੍ਹਾਂ ਦੀ ਮੰਜ਼ਿਲ ਤੱਕ ਪਹੁੰਚਣ ਲਈ ਗਾਈਡ ਕਰਨ ਵਾਲਾ ਕੋਈ ਵੀ ਕਰਮਚਾਰੀ ਨਹੀਂ ਦਿਸਿਆ। ਹਾਲਾਂਕਿ ਪੁਲਸ ਕਮਿਸ਼ਨਰ ਆਰ. ਐੱਨ. ਢੋਕੇ ਖੁਦ ਵੀ ਲੋਕਾਂ ਨੂੰ ਇਸ ਜਾਮ ਵਰਗੀ ਸਥਿਤੀ ਤੋਂ ਕੱਢਣ ਦੀ ਕੋਸ਼ਿਸ਼ ਕਰਦੇ ਦਿਸੇ ਪਰ ਭਾਰੀ ਜਾਮ ਹੋਣ ਨਾਲ ਸਥਿਤੀ ਕੰਟਰੋਲ 'ਚ ਨਹੀਂ ਹੋ ਰਹੀ ਸੀ। ਹੈਵੀ ਵਾਹਨਾਂ ਦੇ ਦਾਖਲੇ 'ਤੇ ਪਾਬੰਦੀ ਹੋਣ ਕਾਰਨ ਉਨ੍ਹਾਂ ਨੂੰ ਵੀ ਫਿਰੋਜ਼ਪੁਰ ਰੋਡ ਦੀ ਬਜਾਏ ਨਹਿਰ ਦੇ ਨਾਲ ਲਗਦੀ ਸੜਕ ਰਾਹੀਂ ਟਰਨ ਕਰਨਾ ਪਿਆ, ਜਿਸ ਕਾਰਨ ਉਥੇ ਵੀ ਕਾਫੀ ਸਮੇਂ ਤੱਕ ਜਾਮ ਵਰਗੀ ਸਥਿਤੀ ਬਣੀ ਰਹੀ। ਕਾਂਗਰਸੀ ਵਰਕਰ ਇਸ ਸਮਾਰੋਹ 'ਚ ਹਿੱਸਾ ਲੈਣ ਲਈ ਬੱਸਾਂ ਅਤੇ ਆਪਣੀਆਂ ਕਾਰਾਂ 'ਚ ਪਹੁੰਚੇ ਸਨ ਪਰ ਪਾਰਕਿੰਗ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਫਿਰੋਜ਼ਪੁਰ ਰੋਡ 'ਤੇ ਵਾਹਨਾਂ ਦੀ ਕਈ ਘੰਟਿਆਂ ਤੱਕ ਲੰਬੀਆਂ ਲਾਈਨਾਂ ਲੱਗੀਆਂ ਰਹੀਆਂ। ਸਭ ਤੋਂ ਵੱਧ ਪ੍ਰੇਸ਼ਾਨੀ ਤਾਂ ਆਮ ਲੋਕਾਂ ਨੂੰ ਹੋਈ, ਜੋ ਬਿਨਾਂ ਵਜ੍ਹਾ ਇਸ ਜਾਮ ਵਿਚ ਪ੍ਰੇਸ਼ਾਨੀ ਝੇਲਦੇ ਰਹੇ।
ਪੀ. ਏ. ਯੂ. 'ਚ ਸਮਾਰੋਹ ਦੇ ਬਾਅਦ ਜਦੋਂ ਕੈਪਟਨ ਮਲਹਾਰ ਰੋਡ ਸਥਿਤ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਪਹੁੰਚੇ ਤਾਂ ਉਥੇ ਵੀ ਪੁਲਸ ਵੱਲੋਂ ਐਂਟਰੀ ਪੁਆਇੰਟ ਆਮ ਲੋਕਾਂ ਲਈ ਸੀਲ ਕਰਨ ਕਾਰਨ ਪੱਖੋਵਾਲ ਰੋਡ ਸਮੇਤ ਇਸ ਦੇ ਨਾਲ ਲਗਦੇ ਹੋਰਨਾਂ ਮੁਹੱਲਿਆਂ 'ਚ ਵੀ ਕਾਫੀ ਸਮੇਂ ਤਕ ਜਾਮ ਵਿਚ ਵਾਹਨ ਫਸੇ ਰਹੇ। ਹਰ ਚੌਕ 'ਤੇ ਟਰੈਫਿਕ ਕਰਮਚਾਰੀ ਮੌਜੂਦ ਸਨ ਪਰ ਜਾਮ ਇੰਨਾ ਸੀ ਕਿ ਉਸ ਨੂੰ ਸੁਚਾਰੂ ਕਰਨਾ ਮੁਸ਼ਕਿਲ ਹੋ ਰਿਹਾ ਸੀ। ਲੋਕ ਕੈਪਟਨ ਦੇ ਇਸ ਦੌਰੇ ਨੂੰ ਲੈ ਕੇ ਪੈਦਾ ਹੋਈ ਸਥਿਤੀ ਕਾਰਨ ਸਰਕਾਰ ਤੇ ਪ੍ਰਸ਼ਾਸਨ ਨੂੰ ਵੀ ਉਚਿਤ ਵਿਵਸਥਾ ਨਾ ਕਰਨ ਲਈ ਕੋਸਦੇ ਦਿਖਾਈ ਦਿੱਤੇ।


Related News