ਉਸਾਰੀ ਕਾਮਿਆਂ ਦੀਆਂ ਧੀਆਂ ਦੇ ਵਿਆਹ ਲਈ 'ਕੈਪਟਨ' ਦਾ ਵੱਡਾ ਐਲਾਨ, ਸ਼ਗਨ ਸਕੀਮ 'ਚ ਕੀਤਾ ਵਾਧਾ

01/23/2021 4:09:52 PM

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ 'ਚ ਕਿਰਤੀ ਕਾਮਿਆਂ ਦੀਆਂ ਧੀਆਂ ਦੇ ਵਿਆਹ ਮੌਕੇ ਦਿੱਤੀ ਜਾਂਦੀ ਸ਼ਗਨ ਦੀ ਰਾਸ਼ੀ 1 ਅਪ੍ਰੈਲ, 2021 ਤੋਂ 31,000 ਰੁਪਏ ਤੋਂ ਵਧਾ ਕੇ 51,000 ਰੁਪਏ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਕੋਵਿਡ ਟੈਸਟ ਦੌਰਾਨ ਪਾਜ਼ੇਟਿਵ ਪਾਏ ਜਾਂਦੇ ਇਨ੍ਹਾਂ ਕਿਰਤੀਆਂ ਜਾਂ ਇਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ 1500 ਰੁਪਏ ਦੀ ਵਿੱਤੀ ਸਹਾਇਤਾ ਦੇਣ ਦੀ ਵੀ ਮਨਜ਼ੂਰੀ ਦੇ ਦਿੱਤੀ ਗਈ। ਇਹ ਫ਼ੈਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਇਮਾਰਤ ਅਤੇ ਹੋਰ ਉਸਾਰੀ ਕਾਮਿਆਂ (ਬੀ. ਓ. ਸੀ. ਡਬਲਿਊ.) ਭਲਾਈ ਬੋਰਡ ਦੀ ਸ਼ੁੱਕਰਵਾਰ ਸ਼ਾਮ ਨੂੰ ਵੀਡੀਓ ਕਾਨਫਰੰਸ ਰਾਹੀਂ ਹੋਈ ਮੀਟਿੰਗ 'ਚ ਲਿਆ ਗਿਆ।

ਇਹ ਵੀ ਪੜ੍ਹੋ : 'ਟਰੈਕਟਰ ਪਰੇਡ' 'ਚ ਸ਼ਾਮਲ ਹੋਣ ਲਈ 'ਕਿਸਾਨ' ਦਾ ਜਨੂੰਨ, 2 ਲੱਖ ਖਰਚ ਕੇ ਟਰਾਲੀ ਦੀ ਬਣਾ ਦਿੱਤੀ ਬੱਸ (ਤਸਵੀਰਾਂ)

ਇਸ ਤੋਂ ਇਲਾਵਾ ਸ਼ਗਨ ਦਾ ਫ਼ਾਇਦਾ ਹਾਸਲ ਕਰਨ ਲਈ ਪ੍ਰਕਿਰਿਆ ਸੌਖੀ ਕਰਦਿਆਂ ਮੁੱਖ ਮੰਤਰੀ ਨੇ ਮੌਜੂਦਾ ਸ਼ਰਤਾਂ 'ਚ ਕਿਸੇ ਵੀ ਧਾਰਮਿਕ ਸੰਸਥਾ, ਗੁਰਦੁਆਰਾ, ਮੰਦਿਰ ਤੇ ਚਰਚ ਵੱਲੋਂ ਜਾਰੀ ਕੀਤੇ ਵਿਆਹ ਸਰਟੀਫਿਕੇਟ ਨੂੰ ਇਸ ਮੰਤਵ ਲਈ ਸਵੀਕਾਰ ਕਰਨ ਦੀ ਪ੍ਰਵਾਨਗੀ ਦੇ ਦਿੱਤੀ। 50 ਫ਼ੀਸਦੀ ਰਾਸ਼ੀ ਐਡਵਾਂਸ 'ਚ ਹਾਸਲ ਕੀਤੀ ਜਾ ਸਕਦੀ ਹੈ, ਜਦੋਂ ਕਿ ਬਾਕੀ ਰਾਸ਼ੀ ਸੋਧੇ ਨਿਯਮਾਂ ਤਹਿਤ ਸਬੰਧਿਤ ਅਥਾਰਟੀ ਵੱਲੋਂ ਜਾਰੀ ਵਿਆਹ ਸਰਟੀਫਿਕੇਟ ਨੂੰ ਜਮ੍ਹਾਂ ਕਰਵਾਉਣ ਤੋਂ ਬਾਅਦ ਜਾਰੀ ਕੀਤੀ ਜਾਵੇਗੀ। ਇਮਾਰਤ ਤੇ ਹੋਰ ਉਸਾਰੀ ਕਿਰਤੀ ਭਲਾਈ ਬੋਰਡ ਨਾਲ ਰਜਿਸਟਰਡ ਧੀਆਂ ਇਸ ਸਕੀਮ ਦੇ ਤਹਿਤ ਯੋਗ ਹਨ। ਇਕ ਹੋਰ ਵੱਡੇ ਫ਼ੈਸਲੇ 'ਚ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਉਸਾਰੀ ਗਤੀਵਿਧੀਆਂ ਦੌਰਾਨ ਕੰਮ ਕਰਦਿਆਂ ਹਾਦਸੇ 'ਚ ਕਿਰਤੀ ਦੀ ਮੌਤ ਹੋਣ ਦੀ ਸੂਰਤ 'ਚ 2 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ, ਭਾਵੇਂ ਕਿ ਉਹ ਉਸਾਰੀ ਬੋਰਡ ਨਾਲ ਰਜਿਸਟਰਡ ਹੋਵੇ ਜਾਂ ਨਹੀਂ, ਬਸ਼ਰਤੇ ਉਹ ਉਸਾਰੀ ਕਿਰਤੀ ਵੱਜੋਂ ਰਜਿਸਟਰਡ ਹੋਣ ਦੇ ਯੋਗ ਹੋਵੇ।

ਇਹ ਵੀ ਪੜ੍ਹੋ : ਜਗਰਾਓਂ ਦੇ ਸਰਕਾਰੀ ਸਕੂਲ ਦੀ ਅਧਿਆਪਕਾ ਦੀ 'ਕੋਰੋਨਾ' ਕਾਰਨ ਮੌਤ, ਪਤੀ ਤੇ ਧੀ ਵੀ ਪਾਜ਼ੇਟਿਵ

ਸਰਕਾਰੀ ਬੁਲਾਰੇ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਨੇ ਵੱਖ-ਵੱਖ ਭਲਾਈ ਸਕੀਮਾਂ ਤਹਿਤ ਲਾਭ ਲੈਣ ਲਈ ਬਿਨੈ-ਪੱਤਰ ਜਮ੍ਹਾਂ ਕਰਵਾਉਣ ਦੀ ਸਮਾਂ ਹੱਦ ਵਧਾਉਣ ਦਾ ਫ਼ੈਸਲਾ ਕੀਤਾ। ਮੌਜੂਦਾ ਸਮੇਂ ਇਹ ਸਮਾਂ ਹੱਦ 6 ਮਹੀਨੇ ਦੀ ਸੀ, ਜਿਸ ਨੂੰ ਵਧਾ ਕੇ ਇਕ ਸਾਲ ਕਰਨ ਦਾ ਫ਼ੈਸਲਾ ਕੀਤਾ ਗਿਆ ਕਿਉਂਕਿ ਕਈ ਕਾਮੇ ਕੋਵਿਡ-19 ਮਹਾਮਾਰੀ ਕਾਰਨ ਬਿਨੈ-ਪੱਤਰ ਨਹੀਂ ਦੇ ਸਕੇ। ਇਸ ਤੋਂ ਇਲਾਵਾ ਸਕਰੀਨਿੰਗ ਕਮੇਟੀ ਵੱਲੋਂ ਪੈਨਸ਼ਨ ਬਿਨੈ-ਪੱਤਰ ਰੱਦ ਕਰਨ ਦੀ ਸੂਰਤ 'ਚ ਉਸਾਰੀ ਕਿਰਤੀਆਂ ਨੂੰ ਸਕੱਤਰ ਬੋਰਡ ਕੋਲ ਅਪੀਲ ਕਰਨ ਦਾ ਸਮਾਂ ਵੀ 90 ਦਿਨ ਤੋਂ ਵਧਾ ਕੇ 120 ਦਿਨ ਕਰ ਦਿੱਤਾ। ਬਾਲੜੀ (ਲੜਕੀ) ਜਨਮ ਤੋਹਫ਼ਾ ਸਕੀਮ ਤਹਿਤ ਬੋਰਡ ਨੇ ਬਿਨੈ-ਪੱਤਰ ਜਮ੍ਹਾਂ ਕਰਵਾਉਣ ਦੀ ਸਮਾਂ ਹੱਦ ਵਧਾਉਣ ਦਾ ਫ਼ੈਸਲਾ ਕੀਤਾ। ਲਾਭਪਾਤਰੀਆਂ ਦੀਆਂ ਧੀਆਂ ਦੇ ਜਨਮ ਦੀ ਤਾਰੀਖ਼ ਤੋਂ 6 ਮਹੀਨਿਆਂ ਤੋਂ ਵਧਾ ਕੇ ਇਕ ਸਾਲ ਕਰਨ ਦਾ ਫ਼ੈਸਲਾ ਕੀਤਾ ਗਿਆ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ : 11ਵੇਂ ਗੇੜ ਦੀ ਮੀਟਿੰਗ ਅਸਫ਼ਲ ਰਹਿਣ 'ਤੇ 'ਭਗਵੰਤ ਮਾਨ' ਦਾ ਵੱਡਾ ਬਿਆਨ, ਜਾਣੋ ਕੀ ਬੋਲੇ

ਵੱਖ-ਵੱਖ ਸਕੀਮਾਂ ਦੇ ਲਾਭ ਲੈਣ ਸਬੰਧੀ ਨਿਯਮਾਂ 'ਚ ਇੱਕ ਹੋਰ ਢਿੱਲ ਤਹਿਤ ਕਿਰਤੀ ਮਜ਼ਦੂਰ ਹੁਣ ਚਾਰ ਸਰਕਾਰੀ ਦਸਤਾਵੇਜ਼ਾਂ ਆਧਾਰ ਕਾਰਡ, ਪੈਨ ਕਾਰਡ, ਵੋਟਰ ਕਾਰਡ ਅਤੇ ਰਾਸ਼ਨ ਕਾਰਡ 'ਚੋਂ ਕੋਈ 2 ਦਸਤਾਵੇਜ਼ ਜਮ੍ਹਾਂ ਕਰਵਾ ਸਕਦੇ ਹਨ। ਬਹੁਤ ਸਾਰੇ ਕਾਮੇ ਜਨਮ ਸਰਟੀਫਿਕੇਟ ਦੀ ਘਾਟ ਕਾਰਨ ਪਹਿਲਾਂ ਲਾਭ ਪ੍ਰਾਪਤ ਨਹੀਂ ਕਰ ਸਕਦੇ ਸਨ, ਜੋ ਕਿ ਇਸ ਸੋਧ ਤੋਂ ਪਹਿਲਾਂ ਇਕੋ-ਇਕੋ ਇੱਕ ਯੋਗ ਸਬੂਤ ਮੰਨਿਆ ਜਾਂਦਾ ਸੀ। ਮੁੱਖ ਮੰਤਰੀ ਦੀ ਪ੍ਰਧਾਨਗੀ 'ਚ ਹੋਈ ਮੀਟਿੰਗ 'ਚ ਬੋਰਡ ਨੇ ਫਰਮਾਸਿਊਟੀਕਲ/ਪੈਰਾ ਮੈਡੀਕਲ ਦੀ ਪੜ੍ਹਾਈ 'ਚ ਡਿਗਰੀ/ਪੋਸਟ ਗ੍ਰੈਜੂਏਟ ਡਿਗਰੀ ਕੋਰਸ ਕਰਨ ਵਾਲੇ ਮੁੰਡਿਆਂ ਦਾ ਸਲਾਨਾ ਵਜ਼ੀਫ਼ਾ 25,000 ਤੋਂ ਵਧਾ ਕੇ 35000 ਰੁਪਏ ਅਤੇ ਕੁੜੀਆਂ ਦਾ ਵਜ਼ੀਫਾ 30,000 ਤੋਂ ਵਧਾ ਕੇ 40,000 ਰੁਪਏ ਕਰਨ ਦਾ ਐਲਾਨ ਕੀਤਾ। ਇਸੇ ਤਰ੍ਹਾਂ ਫਰਮਾਸਿਊਟੀਕਲ/ਪੈਰਾ ਮੈਡੀਕਲ ਦੀ ਪੜ੍ਹਾਈ 'ਚ ਡਿਗਰੀ/ਪੋਸਟ ਗ੍ਰੈਜੂਏਟ ਡਿਗਰੀ ਕੋਰਸ ਕਰਨ ਵਾਲੇ ਮੁੰਡਿਆਂ ਦੇ ਹੋਸਟਲ ਦਾ ਵਜ਼ੀਫ਼ਾ 40,000 ਤੋਂ ਵਧਾ ਕੇ 50,000 ਰੁਪਏ ਅਤੇ ਕੁੜੀਆਂ ਦਾ ਵਜ਼ੀਫਾ 45,000 ਤੋਂ ਵਧਾ ਕੇ 55,000 ਰੁਪਏ ਕਰ ਦਿੱਤਾ ਗਿਆ ਹੈ। 

ਨੋਟ : ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਲਿਖੋ
 


Babita

Content Editor

Related News