ਪੰਜਾਬ 'ਚ 'ਕੋਰੋਨਾ' ਨੂੰ ਲੈ ਕੇ 'ਕੈਪਟਨ' ਦੀ ਨੌਜਵਾਨਾਂ ਨੂੰ ਖ਼ਾਸ ਅਪੀਲ, ਜਾਣੋ ਕੀ ਬੋਲੇ

09/12/2020 7:37:59 AM

ਚੰਡੀਗੜ੍ਹ (ਰਮਨਜੀਤ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ’ਚ ਵੱਧ ਰਹੀਆਂ ਮੌਤਾਂ ’ਤੇ ਗੰਭੀਰ ਚਿੰਤਾ ਪ੍ਰਗਟ ਕਰਦੇ ਹੋਏ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਸੋਸ਼ਲ ਮੀਡੀਆ ’ਤੇ ਅਜਿਹੀ ਕੋਈ ਵੀ ਪੋਸਟ ਪਾਉਣ ਜਾਂ ਅੱਗੇ ਭੇਜਣ ਤੋਂ ਪਹਿਲਾਂ 10 ਵਾਰ ਸੋਚਣ ਕਿਉਂਕਿ ਕਿਸੇ ਵੀ ਤਰ੍ਹਾਂ ਦਾ ਗ਼ੈਰ-ਜ਼ਿੰਮੇਵਾਰਾਨਾ ਕਦਮ ਉਨ੍ਹਾਂ ਦੇ ਭਵਿੱਖ ’ਤੇ ਪ੍ਰਭਾਵ ਪਾ ਸਕਦਾ ਹੈ।

‘ਕੈਪਟਨ ਨੂੰ ਸਵਾਲ’ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਤੁਸੀਂ ਜੋ ਕੁਝ ਵੀ ਸੋਸ਼ਲ ਮੀਡੀਆ ’ਤੇ ਪੋਸਟ ਕਰਦੇ ਹੋ, ਉਸ ਦੀ ਤੁਹਾਡੀ ਜ਼ਿੰਮੇਵਾਰੀ ਹੈ, ਤੁਸੀਂ ਲੋਕਾਂ ਨੂੰ ਗੁੰਮਰਾਹ ਨਹੀਂ ਕਰ ਸਕਦੇ। ਮੁੱਖ ਮੰਤਰੀ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਇਕ ਵਾਰ ਕੇਸ ਦਰਜ ਹੋਣ ’ਤੇ ਉਨ੍ਹਾਂ ਦਾ ਸਮੁੱਚਾ ਭਵਿੱਖ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਸਕਦਾ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਜ਼ਿੰਮੇਵਾਰੀ ਨਾਲ ਕੰਮ ਕਰਨ ਦੀ ਅਪੀਲ ਕੀਤੀ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹੁਣ ਤੱਕ 121 ਸੋਸ਼ਲ ਮੀਡੀਆ ਖਾਤੇ/ਲਿੰਕ ਬਲਾਕ ਕੀਤੇ ਜਾ ਚੁੱਕੇ ਹਨ ਅਤੇ 292 ਹੋਰ ਅਜਿਹੇ ਅਕਾਊਂਟ/ਲਿੰਕ ਦੀ ਪਛਾਣ ਪੰਜਾਬ ਪੁਲਸ ਵੱਲੋਂ ਕੀਤੀ ਜਾ ਚੁੱਕੀ ਹੈ, ਜੋ ਅੰਗ ਕੱਢਣ ਅਤੇ ਕੋਵਿਡ ਦੀ ਟੈਸਟਿੰਗ ਸਬੰਧੀ ਝੂਠਾ ਪ੍ਰਚਾਰ ਕਰਨ ਵਾਲਿਆਂ ’ਚ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਅਸੀਂ ਕਿਸੇ ਨੂੰ ਵੀ ਅਜਿਹੇ ਬੇਹੂਦਾ ਅਤੇ ਨਿਰ-ਆਧਾਰ ਪ੍ਰਚਾਰ ਨਾਲ ਪੰਜਾਬ ਦੇ ਸ਼ਾਂਤਮਈ ਮਾਹੌਲ ਨੂੰ ਭੰਗ ਕਰਨ ਦੀ ਹਰਗਿਜ਼ ਇਜ਼ਾਜਤ ਨਹੀਂ ਦੇਵਾਂਗੇ।

ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਸੋਸ਼ਲ ਮੀਡੀਆ ’ਤੇ ਮੁਹਿੰਮਾਂ ਚਲਾਉਣ ਅਤੇ ਇੱਥੋਂ ਤੱਕ ਕਿ ਵਿਰੋਧੀ ਧਿਰ ਦੇ ਵਿਧਾਇਕਾਂ ਵੱਲੋਂ ਲੋਕਾਂ ਨੂੰ ਮਾਸਕ ਨਾ ਪਹਿਨਣ ਲਈ ਬੋਲੇ ਜਾਣ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਝੂਠੀਆਂ ਖ਼ਬਰਾਂ ਅਤੇ ਪੋਸਟਾਂ ਰਾਹੀਂ ਗੁੰਮਰਾਹ ਕਰਨ ਦੇ ਯਤਨਾਂ ਨੂੰ ਕਿਸੇ ਵੀ ਤਰ੍ਹਾਂ ਸਵੀਕਾਰ ਨਹੀਂ ਕੀਤਾ ਜਾਵੇਗਾ ਅਤੇ ਨਾ ਹੀ ਬਰਦਾਸ਼ਤ ਕੀਤਾ ਜਾਵੇਗਾ।

ਅੰਮ੍ਰਿਤਸਰ ਦੇ ਇਕ ਨਿਵਾਸੀ ਵੱਲੋਂ ਸਰਕਾਰ ਦੇ ਕੋਵਿਡ ਮਰੀਜ਼ਾਂ ਦੀ ਪਛਾਣ ਪ੍ਰਗਟ ਨਾ ਕਰਨ ਦੇ ਫ਼ੈਸਲੇ ਦੇ ਬਾਵਜੂਦ ਮੀਡੀਆ ਵੱਲੋਂ ਲਗਾਤਾਰ ਕੋਵਿਡ ਮਰੀਜ਼ਾਂ ਦੇ ਨਾਂ ਸਾਹਮਣੇ ਲਿਆਂਦੇ ਜਾਣ, ਸਬੰਧੀ ਜ਼ਾਹਿਰ ਕੀਤੇ ਗਏ ਅੰਦੇਸ਼ੇ ਦੇ ਜਵਾਬ ’ਚ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਵੱਲੋਂ ਕੋਵਿਡ ਮਰੀਜ਼ਾਂ ਦੀ ਪਛਾਣ ਗੁਪਤ ਰੱਖਣ ਸਬੰਧੀ ਸਖਤ ਹਦਾਇਤਾਂ ਜਾਰੀ ਕੀਤੀ ਹੋਈਆਂ ਹਨ ਅਤੇ ਇਨ੍ਹਾਂ ਦੀ ਪਾਲਣਾ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਵਿਡ ਦੇ ਕਿਸੇ ਵੀ ਮਰੀਜ਼ ਚਾਹੇ ਉਹ ਇਲਾਜ ਅਧੀਨ ਹੋਵੇ ਜਾਂ ਠੀਕ ਹੋ ਚੁੱਕਿਆ ਹੋਵੇ, ਦੇ ਨਾਲ ਕਿਸੇ ਕਿਸਮ ਦਾ ਕੋਈ ਭੇਦ-ਭਾਵ ਕਰਨ ਤੋਂ ਗੁਰੇਜ਼ ਕੀਤਾ ਜਾਵੇ। ਇਹ ਬੀਮਾਰੀ ਹੋਰ ਬੀਮਾਰੀਆਂ ਦੀ ਤਰ੍ਹਾਂ ਹੀ ਇਕ ਬੀਮਾਰੀ ਹੈ ਅਤੇ ਸਮਾਜਿਕ ਕਲੰਕ ਨੂੰ ਇਸ ਨਾਲ ਜੋੜਨਾ ਪੂਰਨ ਤੌਰ ’ਤੇ ਗ਼ੈਰ-ਜ਼ਰੂਰੀ ਹੈ।


Babita

Content Editor

Related News