ਪੰਜਾਬ ਦੇ ਲੱਖਾਂ ਕਿਸਾਨ ਪਰਿਵਾਰਾਂ ਲਈ ਖ਼ੁਸ਼ਖ਼ਬਰੀ, ਕੈਪਟਨ ਵੱਲੋਂ ਮਿਲੀ ਪ੍ਰਵਾਨਗੀ
Friday, Jul 17, 2020 - 09:19 AM (IST)
ਚੰਡੀਗੜ੍ਹ/ਜਲੰਧਰ (ਅਸ਼ਵਨੀ, ਧਵਨ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 9.50 ਲੱਖ ਕਿਸਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਾਲ 2020-21 ਲਈ ‘ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ’ ਤਹਿਤ ਸਿਹਤ ਬੀਮੇ ਦਾ ਲਾਭ ਦੇਣ ਲਈ ਹਰੀ ਝੰਡੀ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਬੀਤੇ ਸਾਲ 5 ਲੱਖ ਕਿਸਾਨਾਂ ਨੂੰ ਇਸ ਸਕੀਮ 'ਚ ਸ਼ਾਮਲ ਕੀਤਾ ਗਿਆ ਸੀ। ਸੂਬਾ ਸਰਕਾਰ ਵੱਲੋਂ ਇਹ ਸਕੀਮ 20 ਅਗਸਤ, 2019 ਨੂੰ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਜਨਮ ਦਿਨ ’ਤੇ ਸ਼ੁਰੂ ਕੀਤੀ ਗਈ ਸੀ ਅਤੇ ਸਾਲ 2019-20 ਦੌਰਾਨ 4.5 ਲੱਖ ਪਰਿਵਾਰਾਂ ਨੂੰ ਇਸ ਯੋਜਨਾ ਦੇ ਘੇਰੇ ਹੇਠ ਲਿਆਂਦਾ ਗਿਆ ਸੀ, ਜੋ ਖਾਸ ਤੌਰ ’ਤੇ ਕੋਰੋਨਾ ਆਫ਼ਤ ਦੌਰਾਨ ਪੰਜਾਬ ਦੇ ਲੋਕਾਂ ਲਈ ਬਹੁਤ ਸਹਾਈ ਸਿੱਧ ਹੋਈ।
ਇਹ ਵੀ ਪੜ੍ਹੋ : ਰੂਪਨਗਰ 'ਚ ਕੋਰੋਨਾ ਦਾ ਕਹਿਰ, 8 ਨਵੇਂ ਕੇਸਾਂ ਦੀ ਪੁਸ਼ਟੀ
ਸੂਬਾ ਸਰਕਾਰ ਨੇ ‘ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ’ ਤਹਿਤ ਸੂਚੀਬੱਧ ਕੀਤੇ ਹਸਪਤਾਲਾਂ 'ਚ ਕੋਵਿਡ-19 ਦੇ ਇਲਾਜ ਲਈ ਦਰਾਂ ਵੀ ਤੈਅ ਕੀਤੀਆਂ ਹਨ। ਮੁੱਖ ਮੰਤਰੀ ਨੇ ਦੱਸਿਆ ਕਿ ਇਸ ਸਿਹਤ ਬੀਮਾ ਸਕੀਮ ਤਹਿਤ ਲਾਭਪਾਤਰੀ ਦਿਲ ਦੇ ਆਪ੍ਰੇਸ਼ਨ, ਕੈਂਸਰ ਦੇ ਇਲਾਜ, ਜੋੜ ਬਦਲਾਉਣ ਅਤੇ ਹਾਦਸੇ ਦੇ ਕੇਸਾਂ ਵਰਗੇ ਵੱਡੇ ਆਪ੍ਰੇਸ਼ਨਾਂ ਦੇ ਇਲਾਜ ਸਮੇਤ 1396 ਬਿਮਾਰੀਆਂ ਲਈ 546 ਸੂਚੀਬੱਧ ਹਸਪਤਾਲਾਂ ਅਤੇ 208 ਸਰਕਾਰੀ ਹਸਪਤਾਲਾਂ 'ਚ 5 ਲੱਖ ਰੁਪਏ ਤੱਕ ਦਾ ਇਲਾਜ ਕਰਵਾ ਸਕਦੇ ਹਨ। ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪਹਿਲੇ ਸਾਲ ਦੌਰਾਨ 5 ਲੱਖ ਕਿਸਾਨ ਇਸ ਯੋਜਨਾ ਦੇ ਘੇਰੇ ਹੇਠ ਆਏ ਸਨ, ਜਿਨ੍ਹਾਂ ਨੂੰ ਮੰਡੀ ਬੋਰਡ ਵੱਲੋਂ ਸਾਲ 2015 'ਚ ਜਾਰੀ ਕੀਤੇ ‘ਜੇ’ ਫਾਰਮਾਂ ਦੇ ਆਧਾਰ ’ਤੇ ਯੋਗ ਪਾਇਆ ਗਿਆ ਸੀ।
ਸਾਲ 2020-21 ਦੌਰਾਨ 8.70 ਲੱਖ ‘ਜੇ’ ਫਾਰਮ ਹੋਲਡਰ ਕਿਸਾਨਾਂ ਅਤੇ 80,000 ਗੰਨਾ ਉਤਪਾਦਕਾਂ ਨੂੰ ਸਿਹਤ ਬੀਮਾ ਯੋਜਨਾ ਦਾ ਲਾਭ ਮਿਲੇਗਾ। ਮੰਡੀ ਬੋਰਡ ਵੱਲੋਂ 1 ਜਨਵਰੀ, 2020 ਨੂੰ ਅਤੇ ਉਸ ਤੋਂ ਬਾਅਦ 8.70 ਲੱਖ ਕਿਸਾਨਾਂ ਨੂੰ ਉਨ੍ਹਾਂ ਦੀ ਖੇਤੀਬਾੜੀ ਉਪਜ ਵੇਚਣ ਲਈ ‘ਜੇ’ ਫਾਰਮ ਹੋਲਡਰ ਵਜੋਂ ਰਜਿਸਟਰਡ ਕੀਤਾ ਗਿਆ ਹੈ ਅਤੇ ਇਸੇ ਤਰ੍ਹਾਂ 1 ਨਵੰਬਰ, 2019 ਤੋਂ 31 ਮਾਰਚ, 2020 ਦੇ ਪਿੜਾਈ ਸੀਜ਼ਨ ਦੌਰਾਨ ਗੰਨੇ ਦੀ ਫਸਲ ਵੇਚਣ ਵਾਲੇ 80,000 ਗੰਨਾ ਉਤਪਾਦਕ ਵੀ ਇਸ ਯੋਜਨਾ ਲਈ ਯੋਗ ਮੰਨੇ ਜਾਣਗੇ। ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਉਨ੍ਹਾਂ ਨੂੰ ਸਕੀਮ 'ਚ ਸ਼ਾਮਲ ਕਰਨ ਨਾਲ ਸਾਰੇ 9.50 ਲੱਖ ਕਿਸਾਨ ਤੇ ਉਨ੍ਹਾਂ ਦੇ ਪਰਿਵਾਰ 20 ਅਗਸਤ, 2020 ਤੋਂ ਸਕੀਮ ਦਾ ਲਾਭ ਲੈਣ ਦੇ ਹੱਕਦਾਰ ਬਣ ਜਾਣਗੇ।
ਇਹ ਵੀ ਪੜ੍ਹੋ : ਸਰਕਾਰੀ ਅਧਿਆਪਕਾਂ ਲਈ ਨਵਾਂ ਫਰਮਾਨ, ਸਾਂਭਣੇ ਪੈਣਗੇ ਵਿਦੇਸ਼ਾਂ ਤੋਂ ਆਏ NRI ਲੋਕ
ਉਨ੍ਹਾਂ ਦੱਸਿਆ ਕਿ ਮੰਡੀ ਬੋਰਡ ਵੱਲੋਂ ਕਿਸਾਨਾਂ ਦੇ ਬੀਮੇ ਦਾ ਸਮੁੱਚਾ ਪ੍ਰੀਮੀਅਮ ਅਦਾ ਕੀਤਾ ਜਾਵੇਗਾ। ‘ਜੇ’ ਫਾਰਮ ਅਤੇ ‘ਗੰਨਾ ਤੋਲ ਪਰਚੀ’ ਵਾਲੇ ਸਾਰੇ ਯੋਗ ਕਿਸਾਨਾਂ ਨੂੰ 24 ਜੁਲਾਈ ਤੱਕ ਘੋਸ਼ਣਾ ਪੱਤਰ ਲੋੜੀਂਦੇ ਦਸਤਾਵੇਜ਼ਾਂ ਸਮੇਤ ਸਬੰਧਤ ਮਾਰਕਿਟ ਕਮੇਟੀ ਦਫ਼ਤਰ ਜਾਂ ਆੜ੍ਹਤੀਏ ਕੋਲ ਜਮ੍ਹਾਂ ਕਰਵਾਉਣੇ ਹੋਣਗੇ। ਮੁੱਖ ਮੰਤਰੀ ਨੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੂੰ ਬਿਨਾਂ ਕਿਸੇ ਦਿੱਕਤ ਦੇ ਇਸ ਸਹੂਲਤ ਦਾ ਲਾਭ ਲੈਣ ਨੂੰ ਯਕੀਨੀ ਬਣਾਉਣ 'ਚ ਕਿਸਾਨਾਂ ਦੀ ਸਹਾਇਤਾ ਕਰਨ ਲਈ ਮਾਰਕਿਟ ਕਮੇਟੀਆਂ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕਰਨ ਲਈ ਆਖਿਆ ਹੈ।
ਇੰਝ ਬਣਵਾਓ ‘ਸਿਹਤ ਬੀਮਾ ਕਾਰਡ’
ਇਛੁੱਕ ਕਿਸਾਨ ਸਵੈ-ਘੋਸ਼ਣਾ ਪੱਤਰ ਵਾਲਾ ਫਾਰਮ ਸਬੰਧਤ ਮਾਰਕਿਟ ਕਮੇਟੀ ਦਫ਼ਤਰ ਜਾਂ ਆੜ੍ਹਤੀਆ ਫਰਮ ਤੋਂ ਪ੍ਰਾਪਤ ਕਰ ਸਕਦੇ ਹਨ ਜਾਂ ਫਿਰ ਪੰਜਾਬ ਮੰਡੀ ਬੋਰਡ ਦੀ ਵੈੱਬਸਾਈਟ www.mandiboard.nic.in ਤੋਂ ਵੀ ਇਹ ਡਾਊਨਲੋਡ ਕੀਤਾ ਜਾ ਸਕਦਾ ਹੈ। ਮੰਡੀ ਬੋਰਡ ਵਲੋਂ ਕਿਸਾਨਾਂ ਤੋਂ ਅਰਜ਼ੀਆਂ ਪ੍ਰਾਪਤ ਹੋਣ ਤੋਂ ਬਾਅਦ ਉਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਬਣਾਏ ਪੋਰਟਲ ’ਤੇ ਅਪਲੋਡ ਕਰ ਦਿੱਤਾ ਜਾਵੇਗਾ, ਜਿਸ ਤੋਂ ਬਾਅਦ ਯੋਗ ਕਿਸਾਨਾਂ ਨੂੰ ‘ਸਿਹਤ ਬੀਮਾ ਕਾਰਡ’ ਜਾਰੀ ਹੋ ਜਾਣਗੇ। ਇਸ ਨਕਦੀ ਰਹਿਤ ਸਕੀਮ ਨਾਲ ਸਾਰੀਆਂ ਬਿਮਾਰੀਆਂ ਜਿਨ੍ਹਾਂ ਨੂੰ 24 ਘੰਟੇ ਤੋਂ ਵੱਧ ਸਮੇਂ ਲਈ ਹਸਪਤਾਲ 'ਚ ਦਾਖਲ ਹੋਣ ਦੀ ਲੋੜ ਹੁੰਦੀ ਹੈ, ਦਾ ਇਲਾਜ ਹੋਵੇਗਾ। ਇਸ ਬੀਮਾ ਯੋਜਨਾ ਤਹਿਤ ਕਿਸਾਨ ਪਰਿਵਾਰ 'ਚ ਘਰ ਦੇ ਮੁਖੀ ਤੋਂ ਇਲਾਵਾ ਪਤੀ/ਪਤਨੀ, ਮਾਤਾ/ਪਿਤਾ, ਅਣਵਿਆਹੇ ਬੱਚੇ, ਤਲਾਕਸ਼ੁਦਾ ਧੀ ਅਤੇ ਉਸ ਦੇ ਨਾਬਾਲਗ ਬੱਚੇ, ਵਿਧਵਾ ਨੂੰਹ ਅਤੇ ਉਸ ਦੇ ਨਾਬਾਲਗ ਬੱਚੇ ਲਾਭ ਦੇ ਹੱਕਦਾਰ ਮੰਨੇ ਜਾਣਗੇ। ਇਸ ਸਬੰਧੀ ਕੋਈ ਵੀ ਹੋਰ ਜਾਣਕਾਰੀ ਹਾਸਲ ਕਰਨ ਲਈ ਟੋਲ ਫਰੀ ਨੰਬਰ 104 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : ਕੋਰੋਨਾ ਆਫ਼ਤ : ਚੰਡੀਗੜ੍ਹ 'ਚ ਪ੍ਰੈੱਸ ਕਾਨਫਰੰਸਾਂ 'ਤੇ ਰੋਕ, ਸਿਆਸੀ ਪਾਰਟੀਆਂ ਨੂੰ ਸਖਤ ਹੁਕਮ ਜਾਰੀ