ਕੌਮੀ ਸੁਰੱਖਿਆ ਦੇ ਹਿੱਤ ''ਚ ਕਰਤਾਰਪੁਰ ਦੇ ਸ਼ਰਧਾਲੂਆਂ ਤੋਂ ਹੋਈ ਪੁੱਛਗਿੱਛ : ਕੈਪਟਨ
Saturday, Feb 29, 2020 - 10:57 AM (IST)
ਚੰਡੀਗੜ੍ਹ (ਅਸ਼ਵਨੀ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਪੁਲਸ ਨੇ ਕੌਮੀ ਸੁਰੱਖਿਆ ਦੇ ਹਿੱਤ 'ਚ ਇੰਟੈਲੀਜੈਂਸ ਬਿਊਰੋ (ਆਈ. ਬੀ.) ਦੇ ਕਹਿਣ 'ਤੇ ਕਰਤਾਰਪੁਰ ਲਾਂਘੇ ਰਾਹੀਂ ਪਰਤਣ ਵਾਲੇ ਕੁਝ ਸ਼ਰਧਾਲੂਆਂ ਤੋਂ ਪੁੱਛਗਿੱਛ ਕੀਤੀ ਸੀ। ਪੁਲਸ ਦੀ ਕਾਰਵਾਈ ਦਾ ਸਪੱਸ਼ਟ ਤੌਰ 'ਤੇ ਪੱਖ ਪੂਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਥੋਂ ਤੱਕ ਕਿ ਜੇਕਰ ਆਈ. ਬੀ. ਵਲੋਂ ਜ਼ਾਹਰ ਕੀਤੀਆਂ ਸੁਰੱਖਿਆ ਚਿੰਤਾਵਾਂ ਦੇ ਸੰਦਰਭ 'ਚ ਗੁਰਦਾਸਪੁਰ ਪੁਲਸ ਸਹਿਯੋਗ ਕਰਨ 'ਚ ਨਾਕਾਮ ਰਹਿੰਦੀ ਤਾਂ ਉਨ੍ਹਾਂ ਨੇ ਪੁਲਸ ਵਿਰੁੱਧ ਸਖ਼ਤ ਕਾਰਵਾਈ ਕਰਨੀ ਸੀ।
ਬਜਟ ਪੇਸ਼ ਕਰਨ ਤੋਂ ਪਹਿਲਾਂ ਆਪ ਵਿਧਾਇਕ ਕੁਲਤਾਰ ਸੰਧਵਾਂ ਵਲੋਂ ਉਠਾਏ ਮੁੱਦੇ ਦੇ ਜਵਾਬ 'ਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਰਹੱਦੀ ਸੂਬੇ ਦੀ ਪੁਲਸ ਫੋਰਸ ਹੋਣ ਦੇ ਨਾਤੇ ਪੰਜਾਬ ਪੁਲਸ ਨੇ ਮਾਮਲੇ 'ਚ ਉਚਿਤ ਹੱਦਾਂ 'ਚ ਰਹਿ ਕੇ ਕਾਰਵਾਈ ਕੀਤੀ। ਇਹ ਜ਼ਿਕਰਯੋਗ ਹੈ ਕਿ ਇਸ ਮੁੱਦੇ ਨੂੰ ਲੈ ਕੇ ਵਿਰੋਧੀ ਧਿਰ ਨੇ ਵੀਰਵਾਰ ਨੂੰ ਸਦਨ 'ਚ ਰੌਲਾ-ਰੱਪਾ ਪਾਇਆ ਸੀ। ਵਿਰੋਧੀ ਧਿਰ ਨੇ ਬੀਤੇ ਦਿਨ ਪ੍ਰਦਰਸ਼ਨ ਕਰਦਿਆਂ ਮੁੱਖ ਮੰਤਰੀ ਦੇ ਜਵਾਬ ਦੀ ਮੰਗ ਕੀਤੀ ਸੀ।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ, ਕੌਮੀ ਸੁਰੱਖਿਆ ਦੇ ਵਡੇਰੇ ਹਿੱਤਾਂ 'ਚ ਜਦੋਂ ਵੀ ਜ਼ਰੂਰਤ ਪਈ, ਕੇਂਦਰੀ ਏਜੰਸੀਆਂ ਨਾਲ ਮਿਲਵਰਤਨ ਕਰਦੀ ਰਹੇਗੀ। ਉਨ੍ਹਾਂ ਕਿਹਾ ਕਿ ਕੇਂਦਰੀ ਏਜੰਸੀਆਂ ਨਾਲ ਤਾਲਮੇਲ ਕਰਨ ਲਈ ਸਥਾਪਤ ਸੁਰੱਖਿਆ ਵਿਧੀ-ਵਿਧਾਨ ਮੁਤਾਬਕ ਜੇਕਰ ਪੁਲਸ ਫੋਰਸ ਕਾਰਵਾਈ ਕਰਨ 'ਚ ਅਸਫਲ ਰਹਿੰਦੀ ਹੈ ਤਾਂ ਪੁਲਸ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।
ਮੁੱਖ ਮੰਤਰੀ ਨੇ ਦੱਸਿਆ ਕਿ ਕਰਤਾਰਪੁਰ ਲਾਂਘਾ ਖੁੱਲ੍ਹਣ ਤੋਂ ਬਾਅਦ ਹੁਣ ਤੱਕ 51000 ਤੋਂ ਵੱਧ ਸ਼ਰਧਾਲੂ ਨਤਮਸਤਕ ਹੋ ਚੁੱਕੇ ਹਨ ਅਤੇ ਇਹ ਪਹਿਲੀ ਵਾਰ ਹੋਇਆ ਹੈ ਕਿ ਕੁਝ ਸ਼ਰਧਾਲੂਆਂ ਤੋਂ ਪੁੱਛਗਿੱਛ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਆਈ.ਬੀ. ਨੇ ਕੁਝ ਸ਼ੰਕੇ ਜ਼ਾਹਰ ਕੀਤੇ ਸਨ ਅਤੇ ਸੁਰੱਖਿਆ ਦੇ ਲਿਹਾਜ਼ ਤੋਂ ਕੁਝ ਸ਼ਰਧਾਲੂਆਂ ਦੀ ਜਾਣ-ਪਛਾਣ ਨੂੰ ਯਕੀਨੀ ਬਣਾਉਣ ਲਈ ਪੰਜਾਬ ਪੁਲਸ ਦੀ ਮਦਦ ਮੰਗੀ ਸੀ। ਉਨ੍ਹਾਂ ਕਿਹਾ ਕਿ ਸੰਵੇਦਨਸ਼ੀਲ ਸਰਹੱਦੀ ਸੂਬਾ ਹੋਣ ਕਰਕੇ ਦੇਸ਼ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੇਂਦਰੀ ਏਜੰਸੀਆਂ ਨਾਲ ਨੇੜਿਓਂ ਹੋ ਕੇ ਕੰਮ ਕਰਨਾ ਸੂਬੇ ਦੀ ਜ਼ਿੰਮੇਵਾਰੀ ਬਣਦੀ ਹੈ।