ਸਿੱਧੂ ਦਾ ਵਿਭਾਗ ਬਦਲ ''ਕੈਪਟਨ'' ਵਲੋਂ ਇਕ ਤੀਰ ਨਾਲ ਕਈ ਨਿਸ਼ਾਨੇ
Friday, Jun 07, 2019 - 01:52 PM (IST)

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਚੱਲ ਰਹੀ ਤਕਰਾਰ 'ਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਹਾਰ ਗਏ ਹਨ ਕਿਉਂਕਿ ਕੈਪਟਨ ਵਲੋਂ ਸਿੱਧੂ ਦਾ ਸਥਾਨਕ ਸਰਕਾਰਾਂ ਬਾਰੇ ਵਿਭਾਗ ਵਾਪਸ ਲੈ ਕੇ ਉਨ੍ਹਾਂ ਨੂੰ ਬਿਜਲੀ ਤੇ ਊਰਜਾ ਸਰੋਤ ਵਿਭਾਗ ਸੌਂਪ ਦਿੱਤਾ ਗਿਆ ਹੈ। ਕੈਪਟਨ ਨੇ ਸਿੱਧੂ ਦਾ ਵਿਭਾਗ ਬਦਲ ਕੇ ਇਕ ਤੀਰ ਨਾਲ ਕਈ ਨਿਸ਼ਾਨੇ ਲਾਏ ਹਨ।
ਉਨ੍ਹਾਂ ਦੇ ਇਸ ਫੈਸਲੇ 'ਤੇ ਕਿਸੇ ਨੂੰ ਕੋਈ ਇਤਰਾਜ਼ ਨਾ ਹੋਵੇ, ਇਸ ਲਈ ਕੈਪਟਨ ਨੇ ਸਿੱਧੂ ਦੇ ਨਾਲ-ਨਾਲ ਮਨਪ੍ਰੀਤ ਸਿੰਘ ਬਾਦਲ ਅਤੇ ਤ੍ਰਿਪਤ ਰਾਜਿੰਦਰ ਬਾਜਵਾ ਦਾ ਵਿਭਾਗ 'ਚ ਵੀ ਤਬਦੀਲੀ ਕੀਤੀ ਹੈ। ਕੈਪਟਨ ਵਲੋਂ ਤ੍ਰਿਪਤ ਰਾਜਿੰਦਰ ਬਾਜਵਾ ਨੂੰ ਪਸ਼ੂ ਪਾਲਣ, ਮੱਛੀ ਪਾਲਣ, ਡਾਇਰੀ ਵਿਕਾਸ ਤੇ ਉੱਚ ਸਿੱਖਿਆ ਵਿਭਾਗ ਦਿੱਤਾ ਗਿਆ ਹੈ, ਜਦੋਂ ਕਿ ਮਨਪ੍ਰੀਤ ਬਾਦਲ ਦਾ ਪ੍ਰਸ਼ਾਸਨਿਕ ਸੁਧਾਰ ਵਿਭਾਗ ਕੈਪਟਨ ਨੇ ਖੁਦ ਲੈ ਲਿਆ ਹੈ।
ਗੱਲ ਕੀ, 4 ਮੰਤਰੀਆਂ ਨੂੰ ਛੱਡ ਕੇ ਕੈਪਟਨ ਅਮਰਿੰਦਰ ਸਿੰਘ ਨੇ ਬਾਕੀ ਸਾਰੇ ਮੰਤਰੀਆਂ ਦੇ ਵਿਭਾਗਾਂ 'ਚ ਕੁਝ ਨਾ ਕੁਝ ਤਬਦੀਲੀ ਕਰਦੇ ਹੋਏ ਉਨ੍ਹਾਂ ਨੂੰ ਨਵੇਂ ਸਿਰੇ ਤੋਂ ਵਿਭਾਗਾਂ ਦੀ ਵੰਡ ਕੀਤੀ ਹੈ। ਦੱਸ ਦੇਈਏ ਕਿ ਬੀਤੇ ਦਿਨ ਸਿੱਧੂ ਅਤੇ ਕੈਪਟਨ ਵਿਚਾਲੇ ਕਾਫੀ ਤਲਖੀ ਹੋ ਗਈ ਸੀ। ਜਿੱਥੇ ਕੈਪਟਨ ਨੇ ਕਾਂਗਰਸ ਦੇ ਖਰਾਬ ਪ੍ਰਦਰਸ਼ਨ ਲਈ ਸਿੱਧੂ ਨੂੰ ਜ਼ਿੰਮੇਵਾਰ ਠਹਿਰਾਇਆ ਸੀ, ਉੱਥੇ ਹੀ ਸਿੱਧੂ ਦਾ ਕਹਿਣਾ ਸੀ ਕਿ ਹਾਰ ਸਭ ਦੀ ਸਾਂਝੀ ਜ਼ਿੰਮੇਵਾਰੀ ਹੈ ਅਤੇ ਸਿਰਫ ਉਨ੍ਹਾਂ ਦੇ ਖਿਲਾਫ ਹੀ ਕਿਉਂ ਐਕਸ਼ਨ ਲਿਆ ਜਾ ਰਿਹਾ ਹੈ।