ਮਲੇਰਕੋਟਲਾ ਨੂੰ ਵੱਖਰਾ ਜ਼ਿਲ੍ਹਾ ਬਣਾਉਣ ’ਤੇ ਸਿਆਸਤ, ਯੋਗੀ ਦੇ ਬਿਆਨ ਦਾ ਕੈਪਟਨ ਵਲੋਂ ਠੋਕਵਾਂ ਜਵਾਬ

Saturday, May 15, 2021 - 07:04 PM (IST)

ਚੰਡੀਗੜ੍ਹ : ਯੂ. ਪੀ. ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵਲੋਂ ਮਲੇਰਕੋਟਲਾ ਨੂੰ ਨਵਾਂ ਜ਼ਿਲ੍ਹਾ ਐਲਾਨੇ ਜਾਣ ਤੋਂ ਬਾਅਦ ਕੀਤੇ ਸ਼ਬਦੀ ਹਮਲੇ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਗੰਭੀਰ ਨੋਟਿਸ ਲੈਂਦਿਆਂ ਤਿੱਖਾ ਜਵਾਬ ਦਿੱਤਾ ਹੈ। ਯੋਗੀ ਆਦਿਤਿਆਨਾਥ ਵਲੋਂ ਕੀਤੇ ਟਵੀਟ ਦੀ ਮੁੱਖ ਮੰਤਰੀ ਨੇ ਨਿੰਦਾ ਕੀਤੀ ਹੈ ਅਤੇ ਇਸ ਨੂੰ ਸ਼ਾਂਤੀਪੂਰਨ ਰਾਜ ਵਿਚ ਫ਼ਿਰਕੂ ਨਫ਼ਰਤ ਭੜਕਾਉਣ ਦੀ ਕੋਸ਼ਿਸ਼ ਦੱਸਿਆ ਹੈ। ਦਰਅਸਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਮਲੇਰਕੋਟਲਾ ਨੂੰ ਪੰਜਾਬ ਰਾਜ ਦਾ 23ਵਾਂ ਜ਼ਿਲ੍ਹਾ ਐਲਾਨ ਦਿੱਤਾ ਸੀ। ਇਸ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਟਵੀਟ ਕੀਤਾ। ਉਨ੍ਹਾਂ ਲਿਖਿਆ ਕਿ ਮਲੇਰਕੋਟਲਾ ਨੂੰ ਜ਼ਿਲ੍ਹਾ ਐਲਾਨੇ ਜਾਣਾ ਕਾਂਗਰਸ ਦੀ ਵੰਡ ਪਾਊ ਨੀਤੀ ਦਾ ਇਕ ਨਮੂਨਾ ਹੈ। ਯੋਗੀ ਨੇ ਲਿਖਿਆ ਕਿ ਧਰਮ ਦੇ ਅਧਾਰ ਉੱਤੇ ਕੋਈ ਵੀ ਵਿਤਕਰਾ ਭਾਰਤੀ ਸੰਵਿਧਾਨ ਦੀ ਮੂਲ ਭਾਵਨਾ ਦੇ ਉਲਟ ਹੈ।

ਇਹ ਵੀ ਪੜ੍ਹੋ : ਜਬਰ-ਜ਼ਿਨਾਹ ਕਰਦੇ ਨਗਨ ਹਾਲਤ ’ਚ ਫੜੇ ਜਾਣ ਵਾਲੇ ਥਾਣੇਦਾਰ ਦੀ ਇਕ ਹੋਰ ਵੀਡੀਓ ਆਈ ਸਾਹਮਣੇ

ਯੋਗੀ ਨੂੰ ਜਵਾਬ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਯੋਗੀ ਅਦਿਤਿਆਨਾਥ ਨੂੰ ਪੰਜਾਬ ਦੇ ਮਾਮਲਿਆਂ ਤੋਂ ਦੂਰ ਹੀ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਉਤਰ ਪ੍ਰਦੇਸ਼ ਦੀ ਭਾਜਪਾ ਦੀ ਵੰਡ-ਪਾਊ ਤੇ ਵਿਨਾਸ਼ਕਾਰੀ ਸਰਕਾਰ ਨਾਲੋਂ ਕਿਤੇ ਵਧੀਆ ਮਾਹੌਲ ਹੈ ਜਦੋਂ ਕਿ ਉਤਰ ਪ੍ਰਦੇਸ਼ ਵਿਚ ਪਿਛਲੇ ਚਾਰ ਸਾਲਾਂ ਤੋਂ ਵੱਧ ਸਮੇਂ ਤੋਂ ਭਾਜਪਾ ਸਰਕਾਰ ਨੇ ਫਿਰਕੂ ਵਿਵਾਦਾਂ ਨੂੰ ਸਰਗਰਮੀ ਨਾਲ ਅੱਗੇ ਵਧਾਇਆ ਹੈ। ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਟਵੀਟ ਜਿਸ ਵਿਚ ਮਲੇਰਕੋਟਲਾ ਨੂੰ ਜ਼ਿਲੇ ਦਾ ਦਰਜਾ ਦੇਣ ਨੂੰ 'ਕਾਂਗਰਸ ਦੀ ਫੁੱਟ-ਪਾਊ ਨੀਤੀ ਦਾ ਪ੍ਰਤੀਕ' ਦੱਸਿਆ ਸੀ, ਉਤੇ ਸਖ਼ਤ ਪ੍ਰਤੀਕਿਰਿਆ ਦਿੰਦਿਆਂ ਮੁੱਖ ਮੰਤਰੀ ਨੇ ਪੁੱਛਿਆ ਕਿ ਉਹ (ਯੋਗੀ ਅਦਿਤਿਆਨਾਥ) ਕੀ ਜਾਣਦਾ ਹੈ ਪੰਜਾਬ ਦੇ ਸਿਧਾਂਤਾਂ ਜਾਂ ਮਲੇਰਕੋਟਲਾ ਦੇ ਇਤਿਹਾਸ ਬਾਰੇ, ਜਿਸ ਦਾ ਸਿੱਖ ਧਰਮ ਅਤੇ ਗੁਰੂ ਸਾਹਿਬਾਨ ਨਾਲ ਰਿਸ਼ਤਾ ਹਰੇਕ ਪੰਜਾਬੀ ਜਾਣਦਾ ਹੈ ਅਤੇ ਉਹ ਭਾਰਤੀ ਸੰਵਿਧਾਨ ਨੂੰ ਕੀ ਸਮਝਦਾ ਹੈ ਜਿਹੜਾ ਕਿ ਉਤਰ ਪ੍ਰਦੇਸ਼ ਵਿਚ ਉਸ ਦੀ ਹੀ ਸਰਕਾਰ ਵੱਲੋਂ ਰੋਜ਼ ਹੀ ਬੇਰਹਿਮੀ ਨਾਲ ਕੁਚਲਿਆ ਜਾਂਦਾ ਹੈ।

ਇਹ ਵੀ ਪੜ੍ਹੋ : ਅਮਰੀਕਾ ਤੋਂ ਪਰਤੇ ਨੌਜਵਾਨ ਦੀ ਵਿਆਹ ਤੋਂ 17 ਦਿਨ ਬਾਅਦ ਕੋਰੋਨਾ ਕਾਰਣ ਮੌਤ, ਰੋ-ਰੋ ਹਾਲੋ ਬੇਹਾਲ ਹੋਈ ਮਾਂ

ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦੀ ਟਿੱਪਣੀ ਉਤੇ ਚੁਟਕੀ ਲੈਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਯੋਗੀ ਅਦਿੱਤਿਆਨਾਥ ਸਰਕਾਰ ਅਤੇ ਭਾਜਪਾ ਦੇ ਫਿਰਕੂ ਨਫ਼ਰਤ ਫੈਲਾਉਣ ਦੇ ਟਰੈਕ ਰਿਕਾਰਡ ਨੂੰ ਦੇਖਦਿਆਂ ਅਜਿਹੀਆਂ ਟਿੱਪਣੀਆਂ ਸਰਾਸਰ ਬੇਤੁਕੀਆਂ ਤੇ ਬੋਲੜੀਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਖਾਸ ਕਰਕੇ ਉਤਰ ਪ੍ਰਦੇਸ਼ ਵਿਚ ਯੋਗੀ ਅਦਿਤਿਆਨਾਥ ਦੀਆਂ ਵੰਡ-ਪਾਊ ਨੀਤੀਆਂ ਨੂੰ ਸਾਰੀ ਦੁਨੀਆਂ ਜਾਣਦੀ ਹੈ। ਉਤਰ ਪ੍ਰਦੇਸ਼ ਵਿਚ ਮੁਗਲ ਸਰਾਏ ਦਾ ਨਾਮ ਪੰਡਿਤ ਦੀਨ ਦਿਆਲ ਉਪਾਧਿਆ ਨਗਰ, ਅਲਾਹਬਾਦ ਦਾ ਨਾਮ ਪ੍ਰਯਾਗਰਾਜ ਅਤੇ ਫੈਜ਼ਾਬਾਦ ਦਾ ਨਾਮ ਅਯੋਧਿਆ ਬਦਲਣ ਸਮੇਤ ਵੱਖ-ਵੱਖ ਸ਼ਹਿਰਾਂ ਦੇ ਨਾਮ ਬਦਲਣ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਨੇ ਇਸ ਸਭ ਨੂੰ ਯੋਗੀ ਸਰਕਾਰ ਵੱਲੋਂ ਇਤਿਹਾਸ ਨੂੰ ਮੁੜ ਲਿਖਣ ਦੀ ਕੋਸ਼ਿਸ਼ ਕਰਾਰ ਦਿੱਤਾ ਜਿਸ ਨੂੰ ਭਾਰਤ ਦੇ ਸ਼ਾਂਤੀ ਪਸੰਦ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦਾ ਫਿਰ ਵੱਡਾ ਧਮਾਕਾ, ਹੁਣ ਟਵੀਟ ਵਿਚ ਸੁਖਜਿੰਦਰ ਰੰਧਾਵਾ ਦਾ ਨਾਂ ਵੀ ਕੀਤਾ ਸ਼ਾਮਲ

ਮੁੱਖ ਮੰਤਰੀ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਉਤਰ ਪ੍ਰਦੇਸ਼ ਸਰਕਾਰ ਦੇ ਮੁਖੀ ਦਾ ਮਲੇਰਕੋਟਲਾ ਬਾਰੇ ਟਵੀਟ ਇਕ ਭੜਕਾਊ ਸੰਕੇਤ ਤੋਂ ਇਲਾਵਾ ਹੋਰ ਕੁਝ ਨਹੀਂ ਸੀ, ਜਿਸ ਦਾ ਉਦੇਸ਼ ਪੰਜਾਬ ਵਿਚ ਸੰਪੂਰਨ ਇਕਜੁੱਟਤਾ ਨਾਲ ਰਹਿ ਰਹੇ ਭਾਈਚਾਰਿਆਂ ਵਿਚ ਟਕਰਾਅ ਪੈਦਾ ਕਰਨਾ ਸੀ। ਉਨ੍ਹਾਂ ਨੇ ਇਸ ਨੂੰ ਭਾਜਪਾ ਦੇ ਪੱਖ ਤੋਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿਚ ਬਦਅਮਨੀ ਫੈਲਾਉਣ ਦੀ ਸਾਜ਼ਿਸ਼ ਕਰਾਰ ਦਿੱਤਾ ਜਿਨ੍ਹਾਂ ਵਿਚ ਸਿਰਫ ਕੁਝ ਮਹੀਨੇ ਬਾਕੀ ਹਨ। ਉਨ੍ਹਾਂ ਕਿਹਾ ਕਿ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਇਹ ਭੁੱਲ ਗਏ ਹਨ ਕਿ ਉਨ੍ਹਾਂ ਦੇ ਆਪਣੇ ਰਾਜ ’ਚ ਵੀ ਉਸੇ ਸਮੇਂ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਜੋ ਹਾਲ ਹੀ ਵਿਚ ਹੋਈਆਂ ਪੰਚਾਇਤੀ ਚੋਣਾਂ ਦੇ ਨਤੀਜੇ ਕੋਈ ਸੰਕੇਤ ਦਿੰਦੇ ਹਨ ਤਾਂ ਇੱਥੇ ਭਾਜਪਾ ਦੇ ਸਿਆਸੀ ਹਾਲਾਤ ਹੈਰਾਨ ਕਰਨ ਵਾਲੇ ਹਨ।

ਇਹ ਵੀ ਪੜ੍ਹੋ : ਜਲੰਧਰ ’ਚ ਹੈਰਾਨ ਕਰਨ ਵਾਲੀ ਘਟਨਾ, ਲਵ-ਮੈਰਿਜ ਕਰਨ ਵਾਲੇ ਜੋੜੇ ਨੇ ਵੱਖ-ਵੱਖ ਥਾਈਂ ਇਕੋ ਸਮੇਂ ਕੀਤੀ ਖ਼ੁਦਕੁਸ਼ੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News