ਪੰਜਾਬ ''ਚ ਮੁੜ ਮੀਂਹ ਦੀ ਚਿਤਾਵਨੀ, ਕੈਪਟਨ ਵਲੋਂ ਸਖਤ ਹੁਕਮ
Sunday, Aug 25, 2019 - 06:46 PM (IST)
ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਚ ਮੁੜ ਤੋਂ ਬਾਰਸ਼ ਸ਼ੁਰੂ ਹੋਣ ਤੋਂ ਪਹਿਲਾਂ ਹੜ੍ਹ ਪੀੜਤ ਇਲਾਕਿਆਂ ਵਿਚ ਰਾਹਤ ਕਾਰਜਾਂ ਵਿਚ ਤੇਜ਼ੀ ਲਿਆਉਣ ਦੇ ਹੁਕਮ ਦਿੱਤੇ ਹਨ। ਮੁੱਖ ਮੰਤਰੀ ਨੇ ਹੜ੍ਹ ਗ੍ਰਸਤ ਇਲਾਕਿਆਂ ਨਾਲ ਸੰਬੰਧਤ ਡੀ. ਸੀ. ਨਾਲ ਮੁਲਾਕਾਤ ਕਰਕੇ ਆਖਿਆ ਹੈ ਕਿ ਰਾਹਤ ਕਾਰਜਾਂ ਵਿਚ ਹੋਰ ਤੇਜ਼ੀ ਲਿਆਂਦੀ ਜਾਵੇ ਅਤੇ ਮੌਸਮ ਵਿਗੜਨ ਤੋਂ ਪਹਿਲਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਲਿਆਂਦਾ ਜਾਵੇ। ਮੌਸਮ ਵਿਭਾਗ ਮੁਤਾਬਕ 27 ਤਾਰੀਖ ਤਕ ਪੰਜਾਬ ਵਿਚ ਮੁੜ ਮੀਂਹ ਪੈ ਸਕਦਾ ਹੈ। ਮੌਸਮ ਦੀ ਤਬਦੀਲੀ ਤੋਂ ਪਹਿਲਾਂ ਮੁੱਖ ਮੰਤਰੀ ਨੇ ਐਤਵਾਰ ਨੂੰ ਬਚਾਅ ਕਾਰਜਾਂ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਬੈਠਕ ਸੱਦੀ।
ਮੀਟਿੰਗ ਵਿਚ ਅਧਿਕਾਰੀਆਂ ਨੇ ਮੁੱਖ ਮੰਤਰੀ ਨੂੰ ਜਾਣਕਾਰੀ ਦਿੱਤੀ ਕਿ ਪਿਛਲੇ ਕੁਝ ਦਿਨਾਂ ਦਰਮਿਆਨ ਪੰਜਾਬ ਵਿਚ ਖ਼ਾਸ ਮੀਂਹ ਨਹੀਂ ਪਿਆ ਤੇ ਹੜ੍ਹਾਂ ਦੀ ਮਾਰ ਹੇਠ ਆਏ ਇਲਾਕਿਆਂ ਵਿਚੋਂ ਵੀ ਪਾਣੀ ਦਾ ਪੱਧਰ ਵੀ ਹੌਲੀ-ਹੌਲੀ ਘੱਟ ਰਿਹਾ ਹੈ। ਆਉਣ ਵਾਲੇ ਦਿਨਾਂ ਵਿਚ ਪੰਜਾਬ ਵਿਚ ਮੁੜ ਬਰਸਾਤ ਹੋਣ ਦੇ ਖਦਸ਼ੇ ਦੇ ਚਲਦਿਆਂ ਮੁੱਖ ਮੰਤਰੀ ਨੇ ਰਾਹਤ ਕਾਰਜਾਂ ਵਿਚ ਤੇਜ਼ੀ ਲਿਆਉਣ ਅਤੇ ਫੌਜ ਨਾਲ ਮਿਲ ਕੇ ਕੰਮ ਕਰਨ ਦੇ ਹੁਕਮ ਦਿੱਤੇ ਹਨ।