ਸ੍ਰੀ ਕਰਤਾਰਪੁਰ ਸਾਹਿਬ ਨਾਲ ਕੈਪਟਨ ਅਮਰਿੰਦਰ ਸਿੰਘ ਦਾ ਹੈ ਇਹ ਖਾਸ ਰਿਸ਼ਤਾ

Friday, Nov 08, 2019 - 08:07 PM (IST)

ਸ੍ਰੀ ਕਰਤਾਰਪੁਰ ਸਾਹਿਬ ਨਾਲ ਕੈਪਟਨ ਅਮਰਿੰਦਰ ਸਿੰਘ ਦਾ ਹੈ ਇਹ ਖਾਸ ਰਿਸ਼ਤਾ

ਜਲੰਧਰ, (ਧਵਨ)— ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਉਦਘਾਟਨ ਤੋਂ ਪਹਿਲਾਂ ਕਿਹਾ ਹੈ ਕਿ ਪਾਕਿ ਸਥਿਤ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਨਾਲ ਉਨ੍ਹਾਂ ਦੇ ਪਰਿਵਾਰ ਦਾ ਭਾਵਨਾਤਮਕ ਲਗਾਅ ਹੈ। ਉਨ੍ਹਾਂ ਕਿਹਾ ਕਿ ਕਰਤਾਰਪੁਰ ਸਾਹਿਬ ਦੇ ਨਾਲ ਉਨ੍ਹਾਂ ਦਾ ਇਕ ਰੂਹਾਨੀ ਰਿਸ਼ਤਾ ਹੈ ਅਤੇ ਪੂਰੀ ਜ਼ਿੰਦਗੀ ਤਕ ਰਹੇਗਾ।

PunjabKesari
ਕੈਪਟਨ ਨੇ ਕਿਹਾ ਕਿ ਇਹ ਅਜਿਹਾ ਪਵਿੱਤਰ ਧਾਰਮਿਕ ਸਥਾਨ ਹੈ, ਜਿਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਜ਼ਿੰਦਗੀ ਦਾ ਅੰਤਿਮ ਸਮਾਂ ਬਤੀਤ ਕੀਤਾ ਸੀ ਅਤੇ ਇਥੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾਏ ਸਨ। ਉਹ ਖੁਦ ਨੂੰ ਕਿਸਮਤ ਵਾਲੇ ਸਮਝਦੇ ਹਨ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਪਵਿੱਤਰ ਅਸਥਾਨ ਦੀ ਸੇਵਾ ਨਿਭਾਉਣ ਦਾ ਮੌਕਾ ਉਨ੍ਹਾਂ ਨੂੰ ਮਿਲਿਆ ਹੈ। ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਦੀ ਮੌਜੂਦਾ ਇਮਾਰਤ ਦਾ ਨਿਰਮਾਣ ਉਨ੍ਹਾਂ ਦੇ ਦਾਦਾ ਮਹਾਰਾਜਾ ਭੁਪਿੰਦਰ ਸਿੰਘ ਨੇ 1,35,600 ਰੁਪਏ ਦੇ ਕੇ ਕਰਵਾਇਆ ਸੀ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਉਤਸਵ ਅਸੀਂ ਧੂਮਧਾਮ ਨਾਲ ਮਨਾ ਰਹੇ ਹਾਂ ਅਤੇ ਉਨ੍ਹਾਂ ਦੇ ਲਈ ਨਿੱਜੀ ਤੌਰ 'ਤੇ ਖੁਸ਼ਕਿਸਮਤੀ ਦੀ ਗੱਲ ਹੈ ਕਿ ਉਨ੍ਹਾਂ ਦੇ ਮੁੱਖ ਮੰਤਰੀ ਕਾਰਜਕਾਲ ਦੌਰਾਨ ਸ੍ਰੀ ਕਰਤਾਰਪੁਰ ਕੋਰੀਡੋਰ ਖੁੱਲ੍ਹਣ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਾਬੇ ਨਾਨਕ ਦਾ ਆਸ਼ੀਰਵਾਦ ਲੈਣ ਲਈ ਹੁਣ ਸਰਹੱਦਾਂ 'ਤੇ ਰੁਕਾਵਟ ਵੀ ਨਹੀਂ ਰਹੀ। ਸਮੁੱਚੇ ਪੰਜਾਬੀ ਭਾਗਸ਼ਾਲੀ ਹਨ, ਜਿਨ੍ਹਾਂ ਨੂੰ ਆਪਣੇ ਜੀਵਨ ਕਾਲ 'ਚ ਇਤਿਹਾਸਕ ਸਾਲ ਮਨਾਉਣ ਦਾ ਮੌਕਾ ਮਿਲ ਰਿਹਾ ਹੈ। ਪੰਜਾਬ ਸਰਕਾਰ ਦੇਸ਼ ਵਿਦੇਸ਼ ਤੋਂ ਸੂਬੇ 'ਚ ਆਈ ਸੰਗਤ ਦਾ ਸਵਾਗਤ ਕਰਦੀ ਹੈ ਅਤੇ ਸਾਰਿਆਂ ਨੂੰ ਬੇਨਤੀ ਕਰਦੀ ਹੈ ਕਿ ਗੁਰੂ ਘਰਾਂ 'ਚ ਮੱਥਾ ਟੇਕ ਕੇ ਜਾਣ।


author

KamalJeet Singh

Content Editor

Related News