26 ਜਨਵਰੀ ਦੀ ਟਰੈਕਟਰ ਪਰੇਡ ਤੋਂ ਪਹਿਲਾਂ ਮੁੱਖ ਮੰਤਰੀ ਦੀ ਕਿਸਾਨਾਂ ਨੂੰ ਅਪੀਲ

Monday, Jan 25, 2021 - 10:24 PM (IST)

26 ਜਨਵਰੀ ਦੀ ਟਰੈਕਟਰ ਪਰੇਡ ਤੋਂ ਪਹਿਲਾਂ ਮੁੱਖ ਮੰਤਰੀ ਦੀ ਕਿਸਾਨਾਂ ਨੂੰ ਅਪੀਲ

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਵੱਲੋਂ ਗਣਤੰਤਰ ਦਿਵਸ ਮੌਕੇ ਕੱਢੀ ਜਾ ਰਹੀ ਟਰੈਕਟਰ ਰੈਲੀ ਨੂੰ ਭਾਰਤੀ ਗਣਰਾਜ ਅਤੇ ਇਸ ਦੀਆਂ ਸੰਵਿਧਾਨਕ ਕਦਰਾਂ-ਕੀਮਤਾਂ ਦੇ ਜਸ਼ਨਾਂ ਦਾ ਪ੍ਰਮਾਣ ਕਰਾਰ ਦਿੱਤਾ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕਿਸਾਨਾਂ ਨੂੰ ਟਰੈਕਟਰ ਰੈਲੀ ਦੌਰਾਨ ਸ਼ਾਂਤੀ ਕਾਇਮ ਰੱਖਣ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ। ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੂੰ ਇਕ ਵਾਰ ਫਿਰ ਭਾਰਤੀ ਗਣਤੰਤਰ ਦੀ ਸੱਚੀ ਭਾਵਨਾ ਵਿਚ ਕਿਸਾਨ ਭਾਈਚਾਰੇ ਦੇ ਸੰਕਟ ਨੂੰ ਸੁਝਲਾਉਣ ਲਈ ਉਨ੍ਹਾਂ ਦੀ ਆਵਾਜ਼ ਸੁਣਨ ਦੀ ਅਪੀਲ ਕੀਤੀ ਹੈ। ਗਣਤੰਤਰ ਦਿਵਸ ਦੀ ਪੂਰਵ ਸੰਧਿਆ ਮੌਕੇ ਸੰਦੇਸ਼ ਜਾਰੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਸੰਘਰਸਸ਼ੀਲ ਮਹੀਨਿਆਂ ਵਿਚ ਅਮਨ-ਸ਼ਾਂਤੀ ਤੁਹਾਡੇ (ਕਿਸਾਨ) ਜਮਹੂਰੀ ਸੰਘਰਸ਼ ਦੀ ਮਿਸਾਲ ਬਣੀ ਰਹੀ ਅਤੇ ਕੌਮੀ ਰਾਜਧਾਨੀ ਵਿਚ ਟਰੈਕਟਰ ਰੈਲੀ ਸਮੇਤ ਆਉਂਦੇ ਦਿਨਾਂ ਵਿਚ ਤੁਹਾਡੇ ਅੰਦੋਲਨ ਦੌਰਾਨ ਇਹੀ ਭਾਵਨਾ ਬਰਕਰਾਰ ਰਹਿਣੀ ਚਾਹੀਦੀ ਹੈ।

ਇਹ ਵੀ ਪੜ੍ਹੋ : ਕਿਸਾਨਾਂ ਦੀ ਟਰੈਕਟਰ ਪਰੇਡ ਤੋਂ ਪਹਿਲਾਂ ਨਵਜੋਤ ਸਿੱਧੂ ਨੇ ਆਖੀ ਵੱਡੀ ਗੱਲ

ਮੁੱਖ ਮੰਤਰੀ ਨੇ ਮੁਖ਼ਾਤਬ ਹੁੰਦਿਆਂ ਕਿਹਾ ਕਿ ਭਲਕੇ ਕੌਮੀ ਰਾਜਧਾਨੀ ਦੀਆਂ ਸੜਕਾਂ ਤੋਂ ਤੁਹਾਡੇ ਟਰੈਕਟਰ ਲੰਘਣ ਦਾ ਦ੍ਰਿਸ਼ ਇਸ ਤੱਥ ਦਾ ਸੂਚਕ ਹੋਵੇਗਾ ਕਿ ਭਾਰਤੀ ਸੰਵਿਧਾਨ ਅਤੇ ਸਾਡੇ ਗਣਤੰਤਰ ਦੇ ਸਿਧਾਂਤਾਂ ’ਤੇ ਕੋਈ ਸਮਝੌਤਾ ਨਹੀਂ ਹੋ ਸਕਦਾ ਅਤੇ ਨਾ ਹੀ ਇਨ੍ਹਾਂ ਨੂੰ ਨਿਖੇੜਿਆ ਜਾ ਸਕਦਾ ਹੈ। ਕਿਸਾਨਾਂ ਵੱਲੋਂ ਹੋਂਦ ਦੀ ਖਾਤਰ ਕੀਤਾ ਜਾ ਰਿਹਾ ਸੰਘਰਸ਼ ਸਾਨੂੰ ਹਮੇਸ਼ਾ ਇਸ ਸੱਚ ਦੀ ਯਾਦ ਦਿਵਾਏਗਾ ਅਤੇ ਇਹ ਯਾਦ ਰੱਖਣ ਵਿਚ ਵੀ ਮਦਦ ਕਰੇਗਾ (ਕਿਤੇ ਅਸੀਂ ਭੁੱਲ ਨਾ ਜਾਈਏ) ਕਿ ਜਿਵੇਂ ਅਸੀਂ ਜਾਣਦੇ ਹਾਂ ਕਿ ਜਿਨ੍ਹਾਂ ਸਿਧਾਂਤਾਂ ’ਤੇ ਭਾਰਤ ਦਾ ਢਾਂਚਾ ਖੜ੍ਹਾ ਹੈ ਅਤੇ ਜਿਸ ਦੇ ਨਿਰਮਾਣ ਲਈ ਸਾਡੇ ਵਡੇਰਿਆਂ ਨੇ ਅਣਥੱਕ ਘਾਲਣਾ ਘਾਲੀ, ਉਸ ਨੂੰ ਕੁਝ ਕੁ ਲੋਕਾਂ ਦੀ ਮਨਮਰਜ਼ੀ ਨਾਲ ਮਿਟਾਇਆ ਜਾਂ ਢਾਹਿਆ ਨਹੀਂ ਜਾ ਸਕਦਾ।

ਇਹ ਵੀ ਪੜ੍ਹੋ : ਟਿੱਕਰੀ ਬਾਰਡਰ ਤੋਂ ਫਿਰ ਆਈ ਮਾੜੀ ਖ਼ਬਰ, ਸੰਘਰਸ਼ ਦੇ ਲੇਖੇ ਲੱਗਿਆ ਪਿੰਡ ਧਿੰਗੜ੍ਹ ਦਾ ਗੁਰਮੀਤ

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਬੜੇ ਦੁੱਖ ਦੀ ਗੱਲ ਹੈ ਕਿ ਸਾਡਾ ਸੰਘੀ ਢਾਂਚਾ ਮੌਜੂਦਾ ਹਕੂਮਤ ਅਧੀਨ ਸਭ ਤੋਂ ਵੱਡੇ ਖਤਰੇ ਦਾ ਸਾਹਮਣਾ ਕਰ ਰਿਹਾ ਹੈ। ਜਿਸ ਆਪਹੁਦਰੇ ਤਰੀਕੇ ਨਾਲ ਬਿਨਾਂ ਕਿਸੇ ਬਹਿਸ ਜਾਂ ਵਿਚਾਰ-ਚਰਚਾ ਤੋਂ ਤਿੰਨ ਖੇਤੀ ਕਾਨੂੰਨ ਲਾਗੂ ਕੀਤੇ ਗਏ, ਉਹ ਢੰਗ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਵਿਚ ਬਰਦਾਸ਼ਤ ਕਰਨ ਯੋਗ ਹੋ ਹੀ ਨਹੀਂ ਸਕਦਾ। ਕੇਂਦਰ ਸਰਕਾਰ ਕੋਲ ਖੇਤੀਬਾੜੀ ਵਰਗੇ ਸੂਬਿਆਂ ਨਾਲ ਸਬੰਧਤ ਵਿਸ਼ੇ ਉ¤ਤੇ ਕਾਨੂੰਨ ਬਣਾਉਣ ਦਾ ਕੋਈ ਅਧਿਕਾਰ ਹੈ ਹੀ ਨਹੀਂ ਅਤੇ ਖੇਤੀਬਾੜੀ ਕਾਨੂੰਨਾਂ ਨੂੰ ਲਾਗੂ ਕਰਨਾ ਸਾਡੇ ਸੰਵਿਧਾਨ ਅਤੇ ਸੰਘੀ ਢਾਂਚੇ, ਜਿਸ ਦੀ ਇਹ ਤਰਜਮਾਨੀ ਕਰਦਾ ਹੈ, ਦੇ ਹਰੇਕ ਸਿਧਾਂਤ ਦੀ ਸਰਾਸਰ ਉਲੰਘਣਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਇਕ ਸਾਂਝੀ ਲੜਾਈ ਹੈ, ਜਿਸ ਵਿਚ ਉਨ੍ਹਾਂ ਦੀ ਸਰਕਾਰ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ, ਦਾ ਉਦੇਸ਼ ਭਾਰਤੀ ਸੰਵਿਧਾਨ ਦੇ ਸੰਘੀ ਢਾਂਚੇ ਦੀ ਹਿਫਾਜ਼ਤ ਕਰਨਾ ਹੈ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਸਾਜ਼ਿਸ਼, ਟਿੱਕਰੀ ਬਾਰਡਰ ’ਤੇ ਸ਼ੱਕੀ ਬੀਬੀ ਕਾਬੂ

ਉਨ੍ਹਾਂ ਇਸ ਅੰਦੋਲਨ ’ਚ ਫੌਤ ਹੋ ਚੁੱਕੇ ਸਾਰੇ ਕਿਸਾਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਲੰਮੇ ਸਮੇਂ ਤੋਂ ਚੱਲ ਰਹੇ ਇਸ ਅੰਦੋਲਨ ਨੂੰ ਪਹਿਲੀ ਗੱਲ ਤਾਂ ਟਾਲਿਆ ਜਾ ਸਕਦਾ ਸੀ ਅਤੇ ਇਸ ਤੋਂ ਬਾਅਦ ਵੀ ਕਾਫੀ ਚਿਰ ਪਹਿਲਾਂ ਖਤਮ ਹੋ ਸਕਦਾ ਸੀ, ਜੇਕਰ ਭਾਰਤ ਸਰਕਾਰ ਬੇਲੋੜੀ ਜ਼ਿੱਦ ਫੜ ਕੇ ਨਾ ਬੈਠ ਜਾਂਦੀ। ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਇਨਕਾਰ ਕੀਤੇ ਜਾਣ ਦੀ ਅੜੀ ਕਰਨ ਪਿੱਛੇ ਕੋਈ ਢੁਕਵੀਂ ਵਜ੍ਹਾ ਨਜ਼ਰ ਨਹੀਂ ਆਉਂਦੀ ਅਤੇ ਇਹ ਕਾਨੂੰਨ ਵੀ ਕਿਸਾਨਾਂ ਅਤੇ ਹੋਰ ਸਬੰਧਤ ਧਿਰਾਂ ਨਾਲ ਸਲਾਹ-ਮਸ਼ਵਰਾ ਕੀਤੇ ਬਿਨਾਂ ਆਪਹੁਦਰੇ ਢੰਗ ਨਾਲ ਲਾਗੂ ਕਰ ਦਿੱਤੇ ਗਏ।

ਇਹ ਵੀ ਪੜ੍ਹੋ : ਰਵਨੀਤ ਬਿੱਟੂ ਤੋਂ ਬਾਅਦ ਵਿਧਾਇਕ ਕੁਲਬੀਰ ਜ਼ੀਰਾ ਦਾ ਸਿੰਘੂ ਸਰਹੱਦ ’ਤੇ ਵਿਰੋਧ, ਲੱਥੀ ਪੱਗ

ਨੋਟ-  ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News