ਕੈਪਟਨ ਦੀ ਰਿਹਾਇਸ਼ ''ਚ ਅਰੂਸਾ ਦੀ ਮੌਜੂਦਗੀ ''ਤੇ ''ਆਪ'' ਨੇ ਚੁੱਕੇ ਸਵਾਲ

01/07/2020 6:34:25 PM

ਚੰਡੀਗੜ੍ਹ (ਰਮਨਜੀਤ) : ਵਿਰੋਧੀ ਧਿਰ ਦੇ ਲੀਡਰ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਪਾਲ ਚੀਮਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ 'ਤੇ ਪਿਛਲੇ ਤਿੰਨ ਸਾਲ ਤੋਂ ਲਗਾਤਾਰ ਰਹਿ ਰਹੀ ਪਾਕਿਸਤਾਨੀ ਨਾਗਰਿਕ ਅਰੂਸਾ ਆਲਮ ਦੀ ਮੌਜੂਦਗੀ 'ਤੇ ਸਵਾਲ ਚੁੱਕੇ ਹਨ। ਚੀਮਾ ਦਾ ਕਹਿਣਾ ਹੈ ਕਿ ਭਾਰਤ ਅਤੇ ਪਾਕਿਸਤਾਨ ਦੇ ਸਬੰਧ ਵਿਗੜੇ ਹੋਏ ਹਨ, ਪਾਕਿਸਤਾਨ 'ਚ ਘੱਟ ਗਿਣਤੀ 'ਤੇ ਲਗਾਤਾਰ ਜ਼ੁਲਮ ਦੇ ਮਾਮਲੇ ਸਾਹਮਣੇ ਆ ਰਹੇ ਹਨ ਅਤੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੱਕ 'ਤੇ ਪਥਰਾਅ ਦੀਆਂ ਖਬਰਾਂ ਚਰਚਾ 'ਚ ਹਨ। ਕੈਪਟਨ ਅਮਰਿੰਦਰ ਸਿੰਘ ਵੀ ਸ੍ਰੀ ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਕਈ ਵਾਰ ਪਾਕਿਸਤਾਨ 'ਤੇ ਤਿੱਖੇ ਬਿਆਨ ਦੇ ਚੁੱਕੇ ਹਨ ਪਰ ਇਸ ਸਭ ਦੇ ਬਾਵਜੂਦ ਕੈਪਟਨ ਅਮਰਿੰਦਰ ਸਿੰਘ ਜੋ ਕਿ ਪੰਜਾਬ ਦੇ ਮੁੱਖ ਮੰਤਰੀ ਜਿਹੇ ਮਹੱਤਵਪੂਰਨ ਅਹੁਦੇ 'ਤੇ ਹਨ, ਦੇ ਘਰ ਪਿਛਲੇ ਕਰੀਬ ਤਿੰਨ ਸਾਲਾਂ ਤੋਂ ਉਨ੍ਹਾਂ ਦੀ 'ਪਾਕਿਸਤਾਨੀ ਦੋਸਤ' ਠਹਿਰੀ ਹੋਈ ਹੈ। ਇਸ ਦੇ ਬਾਵਜੂਦ ਵੀ ਨਾ ਤਾਂ ਕੇਂਦਰ ਸਰਕਾਰ, ਨਾ ਹੀ ਕੇਂਦਰੀ ਗੁਪਤਚਰ ਏਜੰਸੀਆਂ ਅਤੇ ਨਾ ਹੀ ਭਾਜਪਾ ਲੀਡਰ ਇਸ ਬਾਰੇ ਮੂੰਹ ਨਹੀਂ ਖੋਲ੍ਹਦੇ। ਇਹ ਗੱਲ ਪੰਜਾਬ ਦੇ ਵਿਰੋਧੀ ਧਿਰ ਨੇਤਾ ਹਰਪਾਲ ਸਿੰਘ ਚੀਮਾ ਨੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਹੀ।

PunjabKesari

ਹਰਪਾਲ ਚੀਮਾ ਨੇ ਕਿਹਾ ਕਿ ਅਜਿਹਾ ਕਿਉਂ ਹੈ ਕਿ ਕਿਸੇ ਵੀ ਕੇਂਦਰੀ ਏਜੰਸੀ ਜਾਂ ਗ੍ਰਹਿ ਮੰਤਰਾਲਾ, ਵਿਦੇਸ਼ ਮੰਤਰਾਲਾ, ਮਿਲਿਟਰੀ ਇੰਟੈਲੀਜੈਂਸ ਜਾਂ ਕੇਂਦਰ ਸਰਕਾਰ ਨੂੰ ਕਿਸੇ 'ਪਾਕਿਸਤਾਨੀ ਮਹਿਲਾ ਮਿੱਤਰ' ਦਾ ਇਕ ਸੀਮਾਵਰਤੀ ਸੂਬੇ ਦੇ ਮੁੱਖ ਮੰਤਰੀ ਦੇ ਇੰਨੇ ਨਜ਼ਦੀਕ ਰਹਿਣਾ ਗੰਭੀਰ ਮਾਮਲਾ ਨਹੀਂ ਲੱਗਦਾ? ਚੀਮਾ ਨੇ ਕਿਹਾ ਕਿ ਜਿੰਨਾਂ ਉਨ੍ਹਾਂ ਨੂੰ ਪਤਾ ਹੈ, ਪਾਕਿਸਤਾਨ ਤੋਂ ਆਉਣ ਵਾਲੇ ਲੋਕਾਂ ਨੂੰ ਹਰ ਹਫ਼ਤੇ ਜਾਂ ਪੰਦਰਾਂ ਦਿਨ ਬਾਅਦ ਨਜ਼ਦੀਕੀ ਥਾਣੇ 'ਚ ਆਪਣੀ ਹਾਜ਼ਰੀ ਲਗਵਾਉਣੀ ਪੈਂਦੀ ਹੈ ਅਤੇ ਇਹ ਵੀ ਪਹਿਲਾਂ ਤੋਂ ਹੀ ਤੈਅ ਰਹਿੰਦਾ ਹੈ ਕਿ ਸਬੰਧਤ ਵਿਅਕਤੀ ਇਕ ਸੀਮਿਤ ਅਤੇ ਪਹਿਲਾਂ ਤੋਂ ਐਲਾਨੇ ਇਲਾਕੇ 'ਚ ਹੀ ਜਾ ਸਕੇਗਾ। ਚੀਮਾ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੀ ਮਹਿਲਾ ਮਿੱਤਰ ਅਰੂਸਾ ਆਲਮ ਅਜਿਹੀ ਕਿਸੇ ਉਪਚਾਰਿਕਤਾ ਨੂੰ ਪੂਰਾ ਕਰ ਰਹੀ ਹਨ। ਚੀਮਾ ਨੇ ਕਿਹਾ ਕਿ ਪਾਕਿਸਤਾਨ ਵਿਚਲੇ ਅੱਤਵਾਦ 'ਤੇ ਲਗਾਤਾਰ ਬਿਆਨ ਦੇਣ ਵਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਗੱਲ ਦਾ ਖੁਲਾਸਾ ਕਿਉਂ ਨਹੀਂ ਕਰਦੇ ਕਿ ਆਲਮ ਉਨ੍ਹਾਂ ਦੀ ਸਰਕਾਰੀ ਰਿਹਾਇਸ਼ 'ਤੇ 'ਸਟੇਟ ਗੈਸਟ' ਦੇ ਤੌਰ 'ਤੇ ਕਿਉਂ ਇੰਨੇ ਲੰਬੇ ਸਮੇਂ ਤੋਂ ਮੌਜੂਦ ਹਨ। ਚੀਮਾ ਨੇ ਕਿਹਾ ਕਿ ਪਾਕਿਸਤਾਨ ਦੇ ਮਾਮਲੇ 'ਚ ਲਗਾਤਾਰ ਬਿਆਨ ਦੇਣ ਵਾਲੇ ਭਾਜਪਾ ਨੇਤਾ ਵੀ ਇਸ ਮਾਮਲੇ 'ਚ ਚੁੱਪ ਧਾਰੀ ਬੈਠੇ ਹਨ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਅਤੇ ਭਾਜਪਾ ਦੀ ਕੇਂਦਰ ਸਰਕਾਰ ਵਿਚਕਾਰ ਸਾਂਝ ਹੈ, ਜਿਸ ਕਾਰਨ ਕੈਪਟਨ ਵੀ ਉਹੀ ਬਿਆਨਬਾਜ਼ੀ ਕਰਦੇ ਹਨ, ਜਿਸ ਦਾ ਇਸ਼ਾਰਾ ਅਜੀਤ ਡੋਭਾਲ ਨਾਲ ਹੁੰਦਾ ਹੈ।

ਜੇ. ਐੱਨ. ਯੂ. ਦੇ ਵਿਦਿਆਰਥੀਆਂ 'ਤੇ ਹੋਏ ਹਮਲੇ ਬਾਰੇ ਬੋਲਦਿਆਂ ਹਰਪਾਲ ਚੀਮਾ ਨੇ ਕਿਹਾ ਕਿ ਲੋਕਤੰਤਰ ਲਈ ਇਹ ਬੜੀ ਹੀ ਸ਼ਰਮਨਾਕ ਘਟਨਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਪੰਜਾਬ ਯੂਨਿਟ ਪੂਰੀ ਤਰ੍ਹਾਂ ਜੇ.ਐਨ.ਯੂ. ਦੇ ਵਿਦਿਆਰਥੀਆਂ ਨਾਲ ਹੈ। ਚੀਮਾ ਨੇ ਕਿਹਾ ਕਿ ਸੱਤਾ ਵਿਰੋਧੀ ਆਵਾਜਾਂ ਨੂੰ ਇਸ ਤਰ੍ਹਾਂ ਬੰਦ ਕਰਨ ਦੇ ਘਟੀਆ ਹਥਕੰਡਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਚੀਮਾ ਨੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਹਰਚੰਦ ਸਿੰਘ ਬਰਸਟ ਅਤੇ ਹੋਰ ਰਾਜ ਪੱਧਰ ਨੇਤਾਵਾਂ ਦੀ ਹਾਜ਼ਰੀ 'ਚ ਆਮ ਆਦਮੀ ਪਾਰਟੀ ਦੇ ਲੀਗਲ ਸੈਲ 'ਚ ਵੱਡੇ ਫੇਰਬਦਲ ਦਾ ਐਲਾਨ ਕੀਤਾ। ਚੀਮਾ ਨੇ ਕਿਹਾ ਕਿ ਜਸਤੇਜ ਸਿੰਘ ਅਰੋੜਾ ਦੀ ਜਗ੍ਹਾ ਹੁਣ ਤੁਸੀਂ ਲੀਗਲ ਸੈਲ ਦੇ ਰਾਜ ਪ੍ਰਧਾਨ ਗਿਆਨ ਸਿੰਘ ਮੂੰਗੋ ਹੋਣਗੇ। ਨਵੀਂ ਜਿੰਮੇਵਾਰੀ ਮਿਲਣ 'ਤੇ ਪਾਰਟੀ ਨੇਤਾਵਾਂ ਦਾ ਧੰਨਵਾਦ ਕਰਦਿਆਂ ਮੂੰਗੋ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੇ ਲੀਗਲ ਸੈਲ ਨੂੰ ਤਹਿਸੀਲ ਪੱਧਰ 'ਤੇ ਢਾਂਚਾਗਤ ਮਜਬੂਤੀ ਦੇਣਗੇ ਅਤੇ ਤਹਿਸੀਲ ਪੱਧਰ ਤੋਂ ਹਾਈਕੋਰਟ ਤੱਕ ਗਰੀਬ ਅਤੇ ਜੁਲਮ ਦੇ ਸਤਾਏ ਲੋਕਾਂ ਲਈ ਅਦਾਲਤਾਂ 'ਚ ਕੇਸ ਲੜਨਗੇ। ਉਨ੍ਹਾਂ ਕਿਹਾ ਕਿ ਦਿੱਲੀ ਅਸੈਂਬਲੀ ਚੋਣ ਦੀ ਡਿਊਟੀ ਖਤਮ ਹੁੰਦੇ ਹੀ 1 ਮਹੀਨੇ ਦੇ ਅੰਦਰ-ਅੰਦਰ ਆਮ ਆਦਮੀ ਪਾਰਟੀ ਦੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਲੈ ਕੇ ਤਹਿਸੀਲ ਪੱਧਰ ਤੱਕ 'ਆਮ ਆਦਮੀ ਲੀਗਲ ਹੇਲਪ ਡੈਸਕ' ਸੇਵਾਵਾਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ।


Gurminder Singh

Content Editor

Related News