ਕੈਪਟਨ ਨੇ ਕੀਤਾ ਸ੍ਰੀ ਭੈਣੀ ਸਾਹਿਬ ਦਾ ਦੌਰਾ, ਕਿਹਾ-ਮਾਤਾ ਚੰਦ ਕੌਰ ਦੇ ਕਾਤਲ ਜਲਦ ਹੋਣਗੇ ਗ੍ਰਿਫਤਾਰ
Thursday, Nov 23, 2017 - 06:29 PM (IST)

ਲੁਧਿਆਣਾ/ਖੰਨਾ( ਨਰਿੰਦਰ)— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀਰਵਾਰ ਨਾਮਧਾਰੀ ਸੰਪਰਦਾਏ ਹੈੱਡਕੁਆਰਟਰ 'ਚ ਸਤਿਗੁਰੂ ਉਦੈ ਸਿੰਘ ਜੀ ਨਾਲ ਮੁਲਾਕਾਤ ਕੀਤੀ। ਕੈਪਟਨ ਕਰੀਬ ਦੁਪਹਿਰ 2.30 ਵਜੇ ਹੈਲੀਕਾਪਟਰ ਤੋਂ ਸ੍ਰੀ ਭੈਣੀ ਸਾਹਿਬ ਪਹੁੰਚੇ ਅਤੇ ਕਰੀਬ ਪੌਨਾ ਘੰਟਾ ਬੰਦ ਕਮਰੇ 'ਚ ਸਤਿਗੁਰੂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਮਾਤਾ ਚੰਦ ਕੌਰ ਦੇ ਕਾਤਲਾਂ ਦੀ ਜਲਦ ਗ੍ਰਿਫਤਾਰੀ ਹੋਣ ਦਾ ਭਰੋਸਾ ਦਿਵਾਇਆ। ਇਸ ਮੌਕੇ 'ਤੇ ਸਤਿਗੁਰੂ ਉਦੈ ਸਿੰਘ ਨੇ ਦੱਸਿਆ ਕਿ ਕੈਪਟਨ ਮੁੱਖ ਮੰਤਰੀ ਦੀ ਹਮੇਸ਼ਾ ਤੋਂ ਨਾਮਧਾਰੀ ਸੰਪਰਦਾਏ 'ਚ ਸ਼ਰਧਾ ਰਹੀ ਹੈ ਅਤੇ ਮੁੱਖ ਮੰਤਰੀ ਬਣਨ ਦੇ ਬਾਅਦ ਇਹ ਉਨ੍ਹਾਂ ਦਾ ਡੇਰੇ 'ਚ ਪਹਿਲਾ ਦੌਰਾ ਸੀ।
ਇਸ ਮੌਕੇ ਉਨ੍ਹਾਂ ਨੇ ਹਾਕੀ ਖਿਡਾਰੀਆਂ ਨੂੰ ਪੇਸ਼ ਆਉਣ ਵਾਲੀ ਸਮੱਸਿਆ ਦਾ ਜ਼ਿਕਰ ਕੀਤਾ, ਜਿਸ 'ਤੇ ਮੁੱਖ ਮੰਤਰੀ ਨੇ ਜਲਦੀ ਹੀ ਸਟੇਡੀਅਮ ਨੂੰ ਐਸਟਰੋਟਰਫ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਮਾਤਾ ਚੰਦ ਕੌਰ ਜੀ ਦੀ ਹੱਤਿਆ ਦਾ ਮਾਮਲਾ ਅਜੇ ਸੀ. ਬੀ. ਆਈ. ਦੇ ਕੋਲ ਹੈ। ਇਸ ਮਾਮਲੇ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਪੁਲਸ ਆਪਣੇ ਵੱਲੋਂ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜਲਦੀ ਹੀ ਮਾਤਾ ਚੰਦ ਕੌਰ ਦੇ ਕਾਤਲਾਂ ਨੂੰ ਕਾਬੂ ਕਰਨ ਦਾ ਭਰੋਸਾ ਦਿੱਤਾ। ਬੀਤੇ ਹਫਤੇ ਡੀ. ਜੀ. ਪੀ. ਵੀ ਸ਼੍ਰੀ ਭੈਣੀ ਸਾਹਿਬ ਪਹੁੰਚੇ ਸਨ।